ਹੋਲੇ ਮਹੱਲੇ ਸਬੰਧੀ ਗੁਰੂ ਨਗਰੀ ਵਿਖੇ ਸੰਗਤਾਂ ਦੀ  ਆਮਦ ਸ਼ੁਰੂ

03/16/2019 3:06:33 AM

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਖਾਲਸਾਈ ਜਾਹੋ-ਜਹਾਲ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਨੂੰ ਲੈ ਕੇ ਗੁਰੁੂ ਨਗਰੀ ਵਿਖੇ ਸੰਗਤਾਂ ਦੀ ਭਾਰੀ ਆਮਦ ਸ਼ੁਰੂ ਹੋ ਗਈ ਹੈ।
16 ਤੋਂ 18 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 19 ਤੋਂ 21 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਮਨਾਏ ਜਾ ਰਹੇ ਇਸ ਕੌਮੀ ਤਿਉਹਾਰ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉੱਥੇ ਹੀ ਪ੍ਰਸ਼ਾਸਨ ਵੱਲੋਂ ਵੀ ਹਰ ਸੰਭਵ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਤਖਤ ਸ੍ਰੀ ਕੇਸਗਡ਼੍ਹ ਸਾਹਿਬ, ਗੁ. ਸੀਸ ਗੰਜ ਸਾਹਿਬ, ਗੁ. ਅਕਾਲ ਬੁੰਗਾ ਸਾਹਿਬ, ਗੁ. ਭੋਰਾ ਸਾਹਿਬ, ਗੁ. ਕਿਲਾ ਫਤਿਹਗਡ਼੍ਹ ਸਾਹਿਬ ਆਦਿ ਸਾਰੇ ਇਤਿਹਾਸਿਕ ਗੁ. ਸਾਹਿਬਾਨ ਨੂੰ ਕੀਤਾ ਜਾ ਰਿਹਾ ਰੰਗ-ਰੋਗਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਸਾਰੇ ਗੁ. ਸਾਹਿਬਾਨ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਬਡ਼ੇ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਰਿਹਾਇਸ਼ ਲਈ ਸਰਾਵਾਂ, ਗੱਠਡ਼ੀ ਘਰਾਂ ਅਤੇ ਜੋਡ਼ੇ ਘਰਾਂ ਆਦਿ ਤੋਂ ਇਲਾਵਾ ਆਰਜ਼ੀ ਗੱਠਡ਼ੀ ਘਰ ਅਤੇ ਜੋਡ਼ਾ ਘਰ ਬਣਾਉਣ ਲਈ ਵੀ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ। ਤਖਤ ਸ੍ਰੀ ਕੇਸਗਡ਼੍ਹ ਸਾਹਿਬ ਅਤੇ ਗੁ. ਕਿਲਾ ਅਨੰਦਗਡ਼੍ਹ ਸਾਹਿਬ ਵਿਖੇ 24 ਘੰਟੇ ਗੁਰੁੂ ਕਾ ਲੰਗਰ ਚੱਲੇਗਾ।
ਭਾਈ ਬਚਿੱਤਰ ਸਿੰਘ ਸਰਾਂ ਵੀ ਪਿਛਲੇ ਦਿਨੀਂ ਸੰਗਤਾਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ। ਤਖਤ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਵਿਚ ਹੋਲਾ ਮਹੱਲਾ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਗੁਰੂੁਘਰਾਂ ਵਿਚ ਨਤਮਸਤਕ ਹੋਣ ਲਈ ਵੱਡੀ ਗਿਣਤੀ ਸੰਗਤਾਂ ਗੁਰੂੁ ਨਗਰੀ ਪਹੁੰਚਣੀਆਂ ਵੀ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਦੇ 25 ਕਿਲੋਮੀਟਰ ਦੇ ਘੇਰੇ ’ਚ ਕੋਈ ਵੀ ਅਣਹੋਣੀ ਦੁਰਘਟਨਾ ਵਾਪਰਨ ’ਤੇ ਸੰਗਤਾਂ ਦਾ ਮੁਫਤ ਬੀਮਾ ਕਰਨ ਦਾ ਫੈਸਲਾ ਲਿਆ ਗਿਆ ਹੈ। ਸੰਗਤਾਂ ਦੀ ਸੁਰੱਖਿਆ ਲਈ ਤਖਤ ਸਾਹਿਬ ਦੀ ਹਦੂਦ ਅੰਦਰ 80 ਦੇ ਕਰੀਬ ਸੀ. ਸੀ. ਟੀ. ਵੀ. ਕੈਮਰੇ ਲਾਏ ਜਾ ਰਹੇ ਹਨ ਉੱਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਵੀ ਆਪਣੇ ਪੱਧਰ ’ਤੇ ਅਜਿਹੇ ਕੈਮਰੇ ਲਾਏ ਜਾ ਰਹੇ ਹਨ।


Bharat Thapa

Content Editor

Related News