ਤੇਰਾ ਤੇਰਾ ਹੱਟੀ ਵੱਲੋਂ ਮੁਫ਼ਤ ਕਿਤਾਬਾਂ ਦਾ ਵਿਸ਼ਾਲ ਕੈਂਪ, ਹਜ਼ਾਰਾਂ ਬੱਚਿਆਂ ਨੂੰ ਮਿਲੀ ਮਦਦ

Sunday, Apr 05, 2026 - 08:08 PM (IST)

ਤੇਰਾ ਤੇਰਾ ਹੱਟੀ ਵੱਲੋਂ ਮੁਫ਼ਤ ਕਿਤਾਬਾਂ ਦਾ ਵਿਸ਼ਾਲ ਕੈਂਪ, ਹਜ਼ਾਰਾਂ ਬੱਚਿਆਂ ਨੂੰ ਮਿਲੀ ਮਦਦ

ਜਲੰਧਰ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸੋਚ 'ਵੰਡ ਛਕਣਾ' ਨੂੰ ਅੱਗੇ ਵਧਾਉਂਦੇ ਹੋਏ ਤੇਰਾ ਤੇਰਾ ਹੱਟੀ ਵੱਲੋਂ ਅੱਜ 5 ਅਪ੍ਰੈਲ, ਐਤਵਾਰ 2026 ਨੂੰ ਮੁਫ਼ਤ ਕਿਤਾਬਾਂ ਦਾ 6ਵਾਂ ਵਿਸ਼ਾਲ ਕੈਂਪ ਲਗਾਇਆ ਗਿਆ। ਇਹ ਸੇਵਾ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਿਆ, ਜਿਸ ਵਿੱਚ ਬੱਚਿਆਂ ਅਤੇ ਮਾਪਿਆਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਗਈ।

ਕੈਂਪ ਦੌਰਾਨ ਹਰ ਕਲਾਸ ਦੀਆਂ ਛੋਟੀਆਂ ਤੋਂ ਵੱਡੀਆਂ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ, ਜਦਕਿ ਕਾਪੀਆਂ ਅੱਧੇ ਰੇਟ ‘ਤੇ ਦਿੱਤੀਆਂ ਗਈਆਂ। ਵਿਸ਼ੇਸ਼ ਤੌਰ ‘ਤੇ ਹਰ 10 ਕਿਤਾਬਾਂ ਨਾਲ ਇੱਕ ਪੇਨ ਵੀ ਮੁਫ਼ਤ ਦਿੱਤਾ ਗਿਆ। ਇਸ ਤੋਂ ਇਲਾਵਾ, ਜਿਨ੍ਹਾਂ ਬੱਚਿਆਂ ਦੇ ਪਿਤਾ ਨਹੀਂ ਹਨ, ਉਨ੍ਹਾਂ ਨੂੰ ਸਕੂਲ ਬੈਗ ਵੀ ਮੁਹੱਈਆ ਕਰਵਾਏ ਗਏ, ਜੋ ਕਿ ਇਕ ਪ੍ਰੇਰਣਾਦਾਇਕ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੁੰਦਰ ਉਦਾਹਰਨ ਬਣਿਆ।

ਸੰਗਤ ਦੇ ਭਰਪੂਰ ਸਹਿਯੋਗ ਨਾਲ ਲਗਭਗ 13 ਹਜ਼ਾਰ ਪੁਰਾਣੀਆਂ ਕਿਤਾਬਾਂ ਇਕੱਠੀਆਂ ਹੋਈਆਂ, ਜਿਨ੍ਹਾਂ ਨੂੰ ਸੇਵਾ ਭਾਵ ਨਾਲ ਲੋੜਵੰਦ ਬੱਚਿਆਂ ਵਿੱਚ ਵੰਡਿਆ ਗਿਆ। ਇਹ ਉਪਰਾਲਾ ਨਾ ਸਿਰਫ਼ ਸਿੱਖਿਆ ਨੂੰ ਉਤਸ਼ਾਹਿਤ ਕਰਦਾ ਹੈ, ਸਗੋਂ ਸਮਾਜ ਵਿੱਚ ਸਾਂਝ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ। ਇਸ ਮੌਕੇ ‘ਤੇ ਜਲੰਧਰ ਦੇ ਮੇਅਰ ਵਿਨੀਤ ਧੀਰ ਅਤੇ ਐਡਵੋਕੇਟ ਅਮਿਤ ਸਿੰਘ ਸੰਧਾ ਨੇ ਵੀ ਸ਼ਿਰਕਤ ਕੀਤੀ ਅਤੇ ਤੇਰਾ ਤੇਰਾ ਹੱਟੀ ਦੇ ਇਸ ਸੇਵਾਮਈ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਉਲੇਖਣੀਯ ਹੈ ਕਿ ਤੇਰਾ ਤੇਰਾ ਹੱਟੀ ਪਿਛਲੇ 7 ਸਾਲਾਂ ਤੋਂ ਹਰ ਸਮਾਨ ਕੇਵਲ 13 ਰੁਪਏ ਵਿੱਚ ਮੁਹੱਈਆ ਕਰਵਾ ਕੇ ਲੋੜਵੰਦ ਪਰਿਵਾਰਾਂ ਦੀ ਲਗਾਤਾਰ ਸੇਵਾ ਕਰ ਰਹੀ ਹੈ ਅਤੇ ਸਮਾਜ ਵਿੱਚ ਸੇਵਾ ਦਾ ਪ੍ਰੇਰਕ ਕੇਂਦਰ ਬਣ ਚੁੱਕੀ ਹੈ।

ਇਸ ਮੌਕੇ ‘ਤੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਗੁਰਦੀਪ ਸਿੰਘ ਕਾਰਵਾਂ, ਅਮਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਜਸਵਿੰਦਰ ਸਿੰਘ ਪਨੇਸਰ, ਅਮਨਦੀਪ ਸਿੰਘ, ਪਰਵਿੰਦਰ ਸਿੰਘ ਖਾਲਸਾ, ਵਰਿੰਦਰ ਸਿੰਘ, ਹਰਤਰਮਨ ਸਿੰਘ, ਮਨਦੀਪ ਕੌਰ, ਅਮਰਜੀਤ ਕੌਰ, ਕਾਰਤਿਕ ਬਤਰਾ ਅਤੇ ਆਰੀਅਨ ਬੱਤਰਾ ਸਮੇਤ ਹੋਰ ਸੇਵਾਦਾਰਾਂ ਨੇ ਹਿੱਸਾ ਲਿਆ ਅਤੇ ਇਸ ਸੇਵਾ ਨੂੰ ਸਫਲ ਬਣਾਇਆ।


author

Baljit Singh

Content Editor

Related News