ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲਾ ਅਧਿਆਪਕ ਸਸਪੈਂਡ, ਪ੍ਰਿੰਸੀਪਲ ’ਤੇ ਵੀ ਵੱਡੀ ਕਾਰਵਾਈ
Tuesday, Aug 09, 2022 - 01:43 PM (IST)
ਰੂਪਨਗਰ (ਵਿਜੇ) : ਸ਼ਹਿਰ ਦੇ ਇਕ ਏਡਿਡ ਸਕੂਲ ਦੇ ਅਧਿਆਪਕ ’ਤੇ ਵਿਦਿਆਰਥਣਾਂ ਨਾਲ ਛੇਡ਼ਛਾਡ਼ ਕਰਨ ਦੇ ਲੱਗੇ ਦੋਸ਼ਾਂ ਤੋਂ ਬਾਅਦ ਭਾਵੇਂ ਪੁਲਸ ਨੇ ਅਧਿਆਪਕ ’ਤੇ ਧਾਰਾ 354 ਸਮੇਤ ਪੋਕਸੋ ਐਕਟ ਅਤੇ ਆਈ. ਟੀ. ਐਕਟ ਦੀਆਂ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਪਰ ਇਸ ਮਾਮਲੇ ਨੇ ਸ਼ਾਂਤ ਹੋਣ ਦੀ ਬਜਾਏ ਹੋਰ ਤੂਲ ਫਡ਼ ਲਿਆ। ਸਥਾਨਕ ਲੋਕਾਂ, ਬੱਚਿਆਂ ਦੇ ਮਾਪਿਆਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਬੀਤੇ ਦਿਨ ਸਕੂਲ ਦੇ ਬਾਹਰ ਧਰਨਾ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਇਸ ਪ੍ਰਦਰਸ਼ਨ ਵਿਚ ਸਕੂਲ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਹੋ ਗਈਆਂ। ਪ੍ਰਦਰਸ਼ਨਕਾਰੀ ਸਕੂਲ ਪ੍ਰਿੰਸੀਪਲ ਨੂੰ ਵੀ ਹਟਾਉਣ ਦੀ ਮੰਗ ਕਰ ਰਹੇ ਸਨ। ਪੁਲਸ ਨੇ ਵਿਵਾਦ ਨੂੰ ਸ਼ਾਂਤ ਕਰਨ ਲਈ ਸਕੂਲ ਮੈਨੇਜਮੈਂਟ ਨਾਲ ਵੀ ਗੱਲਬਾਤ ਕੀਤੀ, ਜਿਸ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਅਤੇ ਅਧਿਆਪਕ ਇਕਬਾਲ ਸਿੰਘ ਨੂੰ ਨਵਾਂ ਪ੍ਰਿੰਸੀਪਲ ਲਾ ਦਿੱਤਾ ਗਿਆ।
ਇਹ ਵੀ ਪੜ੍ਹੋ- ਰੂਪਨਗਰ: ਅਧਿਆਪਕ ਕਰਦਾ ਸੀ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ, ਇੰਝ ਸਾਹਮਣੇ ਆਈ ਸੱਚਾਈ
ਜ਼ਿਕਰਯੋਗ ਹੈ ਕਿ ਸਥਾਨਕ ਸਕੂਲ ਦਾ ਇਕ ਅਧਿਆਪਕ ਵਿਦਿਆਰਥਣਾਂ ਨਾਲ ਛੇੜਛਾੜ ਕਰਦਾ ਸੀ ਅਤੇ ਉਨ੍ਹਾਂ ਨੂੰ ਮੈਸੇਜ ਕਰਕੇ ਪਰੇਸ਼ਾਨ ਕਰਦੀ ਸੀ। ਇਸ ਤੋਂ ਇਲਾਵਾ ਉਹ ਵਿਦਿਆਰਥਣਾਂ ਤੋਂ ਤਸਵੀਰਾਂ ਦੀ ਮੰਗ ਕਰਦਾ ਸੀ ਪਰ ਸ਼ੁੱਕਰਵਾਰ ਇਸ ਅਧਿਆਪਕ ਤੋਂ ਜ਼ਿਆਦਾ ਪਰੇਸ਼ਾਨ ਹੋਈ ਵਿਦਿਆਰਥਣ ਨੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸ ਦਿੱਤੀ। ਜਿਸ ਤੋਂ ਬਾਅਦ ਹੋਰ ਵਿਦਿਆਰਥਣਾਂ ਵੀ ਖੁੱਲ੍ਹ ਕੇ ਸਾਹਮਣੇ ਆ ਗਈਆਂ। ਜਿਸ ਤੋਂ ਬਾਅਦ ਮਾਪਿਆਂ ਨੇ ਸਕੂਲ ਮੈਨੇਜਮੈਂਟ 'ਤੇ ਸਵਾਲ ਖੜ੍ਹੇ ਕਰਦਿਆਂ ਪੁਲਸ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਅਧਿਆਪਕ ਨੂੰ ਸਸਪੈਂਡ ਕਰ ਲਈ ਵੀ ਕਿਹਾ ਸੀ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।