ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਣ ਦਾ ਮਾਮਲਾ ਸਰਕਾਰ ਦੇ ਸਾਹਮਣੇ ਚੁੱਕਾਂਗਾ: ਸੁਸ਼ੀਲ ਰਿੰਕੂ
Saturday, May 20, 2023 - 04:48 PM (IST)
ਜਲੰਧਰ (ਧਵਨ, ਚੋਪੜਾ)–ਲੋਕ ਸਭਾ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਉਹ ਆਦਮਪੁਰ ਸਿਵਲ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਣ ਦਾ ਮਾਮਲਾ ਸੂਬਾ ਸਰਕਾਰ ਦੇ ਸਾਹਮਣੇ ਉਠਾਉਣਗੇ ਤਾਂ ਕਿ ਹਵਾਈ ਅੱਡੇ ਦਾ ਨਾਂ ਬਦਲਣ ਦੀ ਜ਼ਰੂਰੀ ਪ੍ਰਕਿਰਿਆ ਜਲਦ ਤੋਂ ਜਲਦ ਮੁਕੰਮਲ ਕੀਤੀ ਜਾ ਸਕੇ। ਸੁਸ਼ੀਲ ਰਿੰਕੂ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਨਵੇਂ ਬਣਾਏ ਹਵਾਈ ਅੱਡੇ ਦੇ ਟਰਮੀਨਲ ਦਾ ਦੌਰਾ ਕੀਤਾ, ਜਿੱਥੇ ਦੋਵਾਂ ਨੇ ਅਧਿਕਾਰੀਆਂ ਨੂੰ ਪੈਂਡਿੰਗ ਸਿਵਲ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਤਾਂ ਕਿ ਹਵਾਈ ਅੱਡੇ ’ਤੇ ਲੋਕਾਂ ਨੂੰ ਹੰਗਾਮੀ ਸੇਵਾਵਾਂ ਮਿਲ ਸਕਣ।
ਹਵਾਈ ਅੱਡੇ ਦੇ ਟਰਮੀਨਲ ਦੇ ਆਪਣੇ ਦੌਰੇ ਦੌਰਾਨ ਉਨ੍ਹਾਂ ਲਿੰਕ ਟੈਕਸੀ ਟਰੈਕ ਦੇ ਨਿਰਮਾਣ ਕਾਰਜ ਦੀ ਰਫ਼ਤਾਰ ਦੀ ਸਮੀਖਿਆ ਕੀਤੀ ਕਿਉਂਕਿ ਏਅਰਫੋਰਸ ਅਥਾਰਟੀ ਨੇ ਹਾਲ ਹੀ ਵਿਚ ਇਸ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਗਿਆ ਕਿ 4.80 ਕਰੋੜ ਰੁਪਏ ਦੀ ਲਾਗਤ ਦਾ ਕੰਮ ਪਹਿਲਾਂ ਹੀ ਵੰਡਿਆ ਜਾ ਚੁੱਕਾ ਹੈ, ਜਿਸ ਨੂੰ ਹੁਣ ਏਅਰਫੋਰਸ ਅਥਾਰਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਸਹਾਇਕ ਨਿਰਦੇਸ਼ਕ ਆਦਮਪੁਰ ਏਅਰਪੋਰਟ ਕਮਲਜੀਤ ਕੌਰ ਨੇ ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਆਦਮਪੁਰ ਸਿਵਲ ਏਅਰਪੋਰਟ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਅਤੇ ਸਿਰਫ਼ ਲਿੰਕ ਟੈਕਸੀ ਟਰੈਕ ਦਾ ਨਿਰਮਾਣ ਬਾਕੀ ਹੈ। ਨਵੇਂ ਟਰਮੀਨਲ ਦਾ ਨਿਰਮਾਣ 125 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਸੰਸਦ ਮੈਂਬਰ ਨੂੰ ਇਹ ਵੀ ਦੱਸਿਆ ਗਿਆ ਕਿ ਆਦਮਪੁਰ ਹਵਾਈ ਅੱਡੇ ਤੋਂ ਵੱਖ-ਵੱਖ ਮਾਰਗਾਂ ਲਈ ਕਈ ਏਅਰਲਾਈਨਜ਼ ਵੱਲੋਂ ਬੋਲੀ ਲਾਈ ਗਈ ਹੈ, ਜਿਸ ਨਾਲ ਦੋਆਬਾ ਦੇ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਯਾਤਰਾ ਦੀ ਸਹੂਲਤ ਮੁਹੱਈਆ ਹੋਵੇਗੀ।
ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ: ASI ਦੀ ਪਤਨੀ ਦੇ ਕਤਲ ਦੇ ਮਾਮਲੇ ਨੇ ਲਿਆ ਨਵਾਂ ਮੋੜ, ਪੁਲਸ ਨੂੰ ਮਿਲੀ ਜਵਾਈ ਦੀ ਲਾਸ਼
ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਹਵਾਈ ਅੱਡੇ ਤੱਕ ਜਾਣ ਵਾਲੀ ਸੜਕ (ਅਪ੍ਰੋਚ ਰੋਡ) ਨੂੰ ਚੌੜਾ ਕਰਨ ਦੇ ਕੰਮ ਦੀ ਵੀ ਸਮੀਖਿਆ ਕੀਤੀ ਅਤੇ ਲੈਂਡ ਐਕਿਊਜ਼ੇਸ਼ਨ ਕੁਲੈਕਟਰ ਆਦਮਪੁਰ ਨੂੰ ਡਮੁੰਡਾ ਅਤੇ ਕੰਦੋਲਾ ਪਿੰਡਾਂ ਵਿਚ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਨੂੰ ਕਿਹਾ। ਆਦਮਪੁਰ ਹਵਾਈ ਅੱਡੇ ਤੱਕ ਯਾਤਰੀਆਂ ਨੂੰ ਆਸਾਨ ਪਹੁੰਚ ਮੁਹੱਈਆ ਕਰਨ ਲਈ ਅਪ੍ਰੋਚ ਰੋਡ ਨੂੰ 41.40 ਕਰੋੜ ਰੁਪਏ ਦੀ ਲਾਗਤ ਫੋਰ-ਲੇਨ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਲੋਮੀਟਰ ਸੜਕ ਦੇ ਚੱਲ ਰਹੇ ਨਿਰਮਾਣ ਕਾਰਜ ਨੂੰ ਇਸ ਮਹੀਨੇ ਦੇ ਆਖਿਰ ਤੱਕ ਪੂਰਾ ਕਰਨ ਦਾ ਨਿਰਦੇਸ਼ ਅਤੇ ਸੜਕ ਦੇ ਬਾਕੀ ਹਿੱਸੇ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਪਿੰਡ ਦੀ ਬਾਹਰੀ ਸੜਕ (ਫਿਰਨੀ ਨੂੰ) ਜਲਦ ਤੋਂ ਜਲਦ ਪੱਕਾ ਕਰਨ ’ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਉਨ੍ਹਾਂ ਨਿਰਮਾਣ ਸਥਾਨ ਦਾ ਦੌਰਾ ਕੀਤਾ ਅਤੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਪੈਂਡਿੰਗ ਕੰਮਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਾਜੈਕਟ ਵਿਚ ਕਿਸੇ ਵੀ ਗੈਰ-ਜ਼ਰੂਰੀ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਇਸ ਸਿਵਲ ਏਅਰਪੋਰਟ ਤੋਂ ਨਾ ਸਿਰਫ ਜਲੰਧਰ, ਸਗੋਂ ਪੂਰੇ ਦੋਆਬਾ ਇਲਾਕੇ ਦੇ ਲੋਕਾਂ ਨੂੰ ਲਾਭ ਹੋਵੇਗਾ।
ਇਹ ਵੀ ਪੜ੍ਹੋ - CM ਭਗਵੰਤ ਮਾਨ ਦਾ ਭਾਜਪਾ 'ਤੇ ਸ਼ਬਦੀ ਹਮਲਾ, ਟਵੀਟ ਕਰਕੇ ਆਖੀ ਵੱਡੀ ਗੱਲ
ਸੁਸ਼ੀਲ ਰਿੰਕੂ ਨੇ ਚੋਣ ’ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵੱਲ ਕਦਮ ਵਧਾਇਆ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਚੋਣ ਸਮਾਪਤ ਹੁੰਦੇ ਹੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦੇਣ ਵੱਲ ਕਦਮ ਵਧਾ ਦਿੱਤੇ ਹਨ। ਚੋਣ ਦੌਰਾਨ ਰਿੰਕੂ ਨੇ ਆਦਮਪੁਰ ਵਿਚ ਸੜਕ ਦੇ ਅਧੂਰੇ ਪਏ ਨਿਰਮਾਣ ਕਾਰਜ ਵਿਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਹੀ ਇਸ ਸੜਕ ਦੇ ਨਿਰਮਾਣ ਕਾਰਜ ਦਾ ਪੱਥਰ ਵੀ ਰੱਖ ਦਿੱਤਾ ਸੀ। ਇਸੇ ਤਰ੍ਹਾਂ ਰਿੰਕੂ ਨੇ ਵਾਅਦਾ ਕੀਤਾ ਸੀ ਕਿ ਆਦਮਪੁਰ ਏਅਰਪੋਰਟ ਵਿਚ ਅਧੂਰੇ ਪਏ ਕੰਮਾਂ ਨੂੰ ਜਲਦ ਪੂਰਾ ਕਰਵਾ ਕੇ ਘਰੇਲੂ ਉਡਾਣਾਂ ਸ਼ੁਰੂ ਕਰਵਾਈਆਂ ਜਾਣਗੀਆਂ ਅਤੇ ਇਸੇ ਸੰਦਰਭ ਵਿਚ ਰਿੰਕੂ ਨੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਆਦਮਪੁਰ ਏਅਰਪੋਰਟ ਦਾ ਦੌਰਾ ਕੀਤਾ। ਅਜੇ ਰਿੰਕੂ ਨੇ ਲੋਕ ਸਭਾ ਵਿਚ ਸੰਸਦ ਮੈਂਬਰ ਦੀ ਸਹੁੰ ਚੁੱਕਣੀ ਹੈ, ਫਿਰ ਵੀ ਉਨ੍ਹਾਂ ਜਲੰਧਰ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਪਤਾ ਹੈ ਕਿ 2024 ਵਿਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ ਤੇ ਇਸੇ ਨੂੰ ਵੇਖਦੇ ਹੋਏ ਉਹ ਸਰਕਾਰ ਤੋਂ ਜਲਦ ਤੋਂ ਜਲਦ ਕੰਮ ਕਰਵਾਉਣਾ ਚਾਹੁੰਦੇ ਹਨ। ਆਦਮਪੁਰ ਏਅਰਪੋਰਟ ਤੋਂ ਘਰੇਲੂ ਉਡਾਣਾਂ ਜੇਕਰ ਜਲਦ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਸ ਦਾ ਸਿਹਰਾ ਸੁਸ਼ੀਲ ਰਿੰਕੂ ਨੂੰ ਜਾਵੇਗਾ ਕਿਉਂਕਿ ਉਨ੍ਹਾਂ ਦੇ ਵਾਅਦੇ ਵਿਚ ਏਅਰਪੋਰਟ ਦਾ ਮਾਮਲਾ ਸਭ ਤੋਂ ਉਪਰ ਸੀ। ਉਹ ਆਪਣੇ ਵਾਅਦਿਆਂ ਪ੍ਰਤੀ ਨਿੱਜੀ ਤੌਰ ’ਤੇ ਦਿਲਚਸਪੀ ਲੈ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ - ਕਿਤੇ ‘ਆਇਆ ਰਾਮ ਗਿਆ ਰਾਮ’ ਦੇ ਚੱਕਰ ’ਚ ਡੁੱਬ ਨਾ ਜਾਵੇ ਭਾਜਪਾ ਦਾ ਬੇੜਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani