ਸੂਬੇ ਅੰਦਰ ਅਕਾਲੀ ਦਲ ਦੇ ਹੱਕ ''ਚ ਝੁਲ ਰਹੀ ਹੈ ਸਿਆਸੀ ਹਨੇਰੀ : ਸੁਖਬੀਰ ਬਾਦਲ
Sunday, Apr 28, 2019 - 12:25 PM (IST)

ਸੁਲਤਾਨਪੁਰ ਲੋਧੀ/ਮੋਗਾ (ਸੋਢੀ, ਗੋਪੀ)— ਪਿਛਲੀਆਂ ਵਿਧਾਨ ਸਭਾ 'ਚ 'ਆਪ' ਦੇ ਉਮੀਦਵਾਰ ਰਹੇ ਸੱਜਣ ਸਿੰਘ ਚੀਮਾ ਨੂੰ ਅਕਾਲੀ ਦਲ 'ਚ ਸ਼ਾਮਲ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਸੂਬੇ ਅੰਦਰ ਕਿਸ ਪਾਰਟੀ ਦੇ ਹੱਕ 'ਚ ਸਿਆਸੀ ਅਤੇ ਸਮਾਜਿਕ ਹਵਾ ਚੱਲ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ 'ਆਪ' ਦੇ ਬਾਕੀ ਧੜਿਆਂ, ਸੁਖਪਾਲ ਖਹਿਰੇ ਦੀ ਪੀ. ਈ. ਪੀ. ਅਤੇ ਅਖੌਤੀ ਟਕਸਾਲੀਆਂ ਦਾ ਅਸਲੀ ਚਿਹਰਾ ਪਰਦਾਫਾਸ਼ ਹੋ ਚੁੱਕਿਆ ਹੈ ਕਿ ਇਹ ਸਾਰੀਆਂ ਪਾਰਟੀਆਂ ਕਾਂਗਰਸ ਦੀਆਂ ਬੀ/ਸੀ ਅਤੇ ਡੀ ਟੀਮਾਂ ਹਨ। ਬਾਅਦ 'ਚ ਮੋਗਾ ਵਿਖੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਅਮਰਿੰਦਰ ਵੱਲੋਂ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਦੀ ਕੀਤੀ ਅਣਦੇਖੀ ਵਿਰੁੱਧ ਲੋਕਾਂ ਦਾ ਗੁੱਸਾ ਫੁਟ ਕੇ ਸਾਹਮਣੇ ਆਵੇਗਾ।
ਉਨ੍ਹਾਂ ਕਿਹਾ ਇਹ ਚੋਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਖਿਲਾਫ ਵੀ ਇਕ ਲੋਕ ਫਤਵਾ ਹੋਵੇਗੀ। ਅਮਰਿੰਦਰ ਨੇ ਹੋਰਨਾਂ ਵਾਅਦਿਆਂ ਤੋਂ ਇਲਾਵਾ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ, ਹਰ ਘਰ ਨੂੰ ਰੁਜ਼ਗਾਰ ਦੇਣ, 2500 ਰੁਪਏ ਪੈਨਸ਼ਨ ਦੇਣ, 51 ਹਜ਼ਾਰ ਰੁਪਏ ਸ਼ਗਨ ਦੇਣ ਅਤੇ ਬੇਰੋਜ਼ਗਾਰਾਂ ਨੂੰ 2500 ਰੁਪਏ ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਅੱਜ ਉਹ ਇਨ੍ਹਾਂ ਸਾਰੇ ਵਾਅਦਿਆਂ ਤੋਂ ਮੁਕਰ ਚੁੱਕਿਆ ਹੈ।
ਆਪਣੇ ਬਾਰੇ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੈਂ ਇਕ ਸਿੱਧਾ-ਸਾਦਾ ਦੇਸੀ ਕਿਸਮ ਦਾ ਬੰਦਾ ਹਾਂ। ਮੈਨੂੰ ਆਪਣੇ ਸੁਪੁਨੇ ਲੋਕਾਂ ਨਾਲ ਸਾਂਝੇ ਕਰਨੇ ਵਧੀਆ ਲੱਗਦੇ ਹਨ। ਮੈਂ ਵਾਅਦਾ ਕਰਦਾ ਹਾਂ ਤਾਂ ਉਨ੍ਹਾਂ ਨੂੰ ਪੂਰਾ ਵੀ ਕਰਦਾ ਹਾਂ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜਦੋਂ ਅਕਾਲੀ-ਭਾਜਪਾ ਗਠਜੋੜ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਅਗਲਾ ਮੌਕਾ ਮਿਲਿਆ ਤਾਂ ਸ਼ਹਿਰਾਂ ਵਾਂਗ ਪੰਜਾਬ ਦੇ ਸਾਰੇ ਪਿੰਡਾਂ 'ਚ ਸਾਫ ਪੀਣ ਵਾਲਾ ਪਾਣੀ, ਸੀਵਰੇਜ, ਗਲੀਆਂ ਵਿਚ ਰੋਸ਼ਨੀ ਦਾ ਪ੍ਰਬੰਧ ਅਤੇ ਪੱਕੀਆਂ ਗਲੀਆਂ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਖਿਡਾਰੀ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਦੇ ਉਮੀਦਵਾਰ ਰਹੇ ਸਰਦਾਰ ਸੱਜਣ ਸਿੰਘ ਚੀਮਾ ਬੀਤੇ ਦਿਨ ਅਕਾਲੀ ਦਲ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ 'ਆਪ' ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਿਸ਼ਵਾਸਘਾਤ ਕਾਰਨ ਇਸ ਪੰਜਾਬ-ਵਿਰੋਧੀ ਪਾਰਟੀ ਤੋਂ ਕਿਨਾਰਾ ਕਰਦਿਆਂ ਅਕਾਲੀ ਦਲ ਦਾ ਹੱਥ ਫੜ ਲਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ ਅਤੇ ਬੀਬੀ ਉਪਿੰਦਰਜੀਤ ਕੌਰ ਵੀ ਹਾਜ਼ਰ ਸਨ।