ਸ੍ਰੀ ਹਰਿਮੰਦਰ ਸਾਹਿਬ ਤੋਂ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ

11/18/2019 11:10:40 PM

ਕਰਤਾਰਪੁਰ, (ਸਾਹਨੀ)— ਬੀਤੀ ਦੇਰ ਰਾਤ ਮੁੱਖ ਰਾਸ਼ਟਰੀ ਰਾਜ ਮਾਰਗ ਨੂੰ ਇਕ ਤੇ ਅੰਮ੍ਰਿਤਸਰ ਤੋਂ ਆਉਂਦੇ ਹੋਏ ਕਰਤਾਰਪੁਰ ਤੋਂ ਮਹਿਜ ਦੋ ਕਿਲੋਮੀਟਰ ਪਿੱਛੇ ਮਨੋਹਰ ਢਾਬੇ ਨੇੜੇ ਬੀਤੀ 17 ਅਤੇ 18 ਨਵੰਬਰ ਦੀ ਅੱਧੀ ਰਾਤ 12.30 ਵਜੇ ਮੋਟਰਸਾਈਕਲ ਸਵਾਰ ਲਵਲੀ ਯੂਨੀਵਰਸਿਟੀ ਦੇ 2 ਵਿਦਿਆਰਥੀ ਕਿਸੇ ਅਣਪਛਾਤੇ ਟਰੱਕ ਦੀ ਲਪੇਟ 'ਚ ਆ ਗਏ, ਜਿਸ ਨਾਲ ਮੋਟਰਸਾਈਕਲ ਚਲਾ ਰਹੇ 19 ਸਾਲਾ ਨੌਜਵਾਨ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਪਿਛੇ ਬੈਠੀ ਇਕ ਵਿਦਿਆਰਥਣ ਦੇ ਗੰਭੀਰ ਸੱਟਾ ਲੱਗਣ ਦਾ ਸਮਾਚਾਰ ਹੈ। ਜਿਸ ਨੂੰ ਪ੍ਰਾਇਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਅਤੇ ਜਾਂਚ ਕਰ ਰਹੇ ਏ. ਐੱਸ. ਆਈ. ਕਾਬਲ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਬੋਨਮ ਜੇਸ਼ਵੰਥ ਰੈਡੀ ਪੁੱਤਰ ਬੋਨਮ ਸੁਧਾਕਰ ਵਾਸੀ ਅੰਬਿਕਾ ਨਗਰ ਸੀਰੀਸਿਲਾ ਜ਼ਿਲਾ ਰਾਜਨਨਾ, ਆਂਦਰਪ੍ਰਦੇਸ਼ ਜੋ ਕਿ ਲਵਲੀ ਯੂਨੀਵਰਸਿਟੀ 'ਚ ਬੀ. ਸੀ. ਏ. (ਤੀਸਰਾ ਸਾਲ) ਦਾ ਵਿਦਿਆਰਥੀ ਸੀ ਅਤੇ ਇਸ ਦੇ ਨਾਲ ਵਿਨਿਤਾ ਰੈਡੀ ਚਿਰਾ ਪੁੱਤਰੀ ਨਿਵਾਸ ਰੈਡੀ ਵਾਸੀ ਤੇਲੰਗਾਨਾ ਜੋਕਿ ਬੀ. ਟੈਕ ਦੂਸਰਾ ਸਾਲ ਦੀ ਵਿਦਿਆਰਥਣ ਹੈ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਜੀ. ਟੀ. ਰੋਡ 'ਤੇ ਅਣਪਛਾਤੇ ਟਰੱਕ ਦੀ ਲਪੇਟ 'ਚ ਆ ਗਏ। ਕਿਸੇ ਰਾਹਗੀਰ ਵਲੋਂ 108 ਐਂਬੂਲੈਂਸ ਨੂੰ ਸੂਚਿਤ ਕਰਨ 'ਤੇ ਮੌਕੇ 'ਤੇ ਜ਼ਖਮੀ ਵਿਦਿਆਰਥਣ ਨੂੰ ਜਲੰਧਰ ਦੇ ਪ੍ਰਾਇਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਏ. ਐੱਸ. ਆਈ. ਕਾਬਲ ਸਿੰਘ ਨੇ ਦੱਸਿਆ ਕਿ ਦੋਵੇਂ ਵਿਦਿਆਰਥੀ 17 ਨਵੰਬਰ ਦੀ ਦੁਪਹਿਰ ਅੰਮ੍ਰਿਤਸਰ ਗਏ ਸਨ ਜਿਨ੍ਹਾਂ ਦਾ ਉਨ੍ਹਾਂ ਕੋਲ ਰਿਕਾਰਡ ਹੈ। ਲੜਕੀ ਦੇ ਬਿਆਨਾਂ 'ਤੇ ਭਾਰਤੀ ਦੰਡਾਵਲੀ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।


KamalJeet Singh

Content Editor

Related News