ਜਲੰਧਰ ਸ਼ਹਿਰ ਦੀਆਂ ਸਮੱਸਿਆਵਾਂ ’ਤੇ CM ਮਾਨ ਦੇ ਜ਼ਿਕਰ ਨਾਲ ਨਿਗਮ ਕਮਿਸ਼ਨਰ ਦੇ ਸਖ਼ਤ ਹੁਕਮ
Saturday, Feb 15, 2025 - 10:52 AM (IST)
![ਜਲੰਧਰ ਸ਼ਹਿਰ ਦੀਆਂ ਸਮੱਸਿਆਵਾਂ ’ਤੇ CM ਮਾਨ ਦੇ ਜ਼ਿਕਰ ਨਾਲ ਨਿਗਮ ਕਮਿਸ਼ਨਰ ਦੇ ਸਖ਼ਤ ਹੁਕਮ](https://static.jagbani.com/multimedia/2025_2image_10_51_598618643untitled-1copy.jpg)
ਜਲੰਧਰ (ਪੁਨੀਤ)–ਨਿਗਮ ਕਮਿਸ਼ਨਰ ਆਈ. ਏ. ਐੱਸ. ਗੌਤਮ ਜੈਨ ਵੱਲੋਂ ਚਿੱਠੀ ਨੰਬਰ 3580 ਮਿਤੀ 14 ਫਰਵਰੀ ਨੂੰ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿਚ ਸ਼ਹਿਰ ਦੀ ਸਾਫ਼-ਸਫ਼ਾਈ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਚਿੱਠੀ ਵਿਚ ਮੁੱਖ ਮੰਤਰੀ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਜਾਪ ਰਿਹਾ ਹੈ ਕਿ ਕੂੜੇ ਦੀ ਸਮੱਸਿਆ ਨੂੰ ਲੈ ਕੇ ਨਿਗਮ ਸਖ਼ਤ ਐਕਸ਼ਨ ਮੋਡ ’ਤੇ ਆ ਚੁੱਕਾ ਹੈ। ਨਿਗਮ ਕਮਿਸ਼ਨਰ ਮੁਤਾਬਕ ਸ਼ਹਿਰ ਵਿਚ ਕੂੜਾ ਚੁੱਕਣ ਵਾਲੀਆਂ ਗੱਡੀਆਂ ਰੂਟ ਮੁਤਾਬਕ ਚੱਲਣਗੀਆਂ। ਇਸੇ ਰੂਟ ਮੁਤਾਬਕ ਗੱਡੀਆਂ ਨੂੰ ਤੇਲ ਮਿਲੇਗਾ ਅਤੇ ਜੇਕਰ ਡਰਾਈਵਰ ਇਸ ਮੁਤਾਬਕ ਕੰਮ ਨਹੀਂ ਕਰਨਗੇ ਤਾਂ ਉਨ੍ਹਾਂ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਚਿੱਠੀ ਤੋਂ ਜਾਪ ਰਿਹਾ ਹੈ ਕਿ ਨਿਗਮ ਨੇ ਹੁਣ ਇਸ ਸਮੱਸਿਆ ਨੂੰ ਹੱਲ ਕਰਨ ਲਈ ਇਕ ਮਜ਼ਬੂਤ ਰਣਨੀਤੀ ਅਪਣਾਈ ਹੈ ਪਰ ਨਿਗਮ ਨੂੰ ਯੂਨੀਅਨਾਂ ਦਾ ਵਿਰੋਧ ਵੀ ਝੱਲਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਆਉਣ ਵਾਲੇ ਦਿਨਾਂ 'ਚ ਝਲਣੀ ਪਵੇਗੀ ਵੱਡੀ ਮੁਸੀਬਤ
ਕਮਿਸ਼ਨਰ ਵੱਲੋਂ ਜਾਰੀ ਚਿੱਠੀ ਵਿਚ ਲਿਖਿਆ ਗਿਆ ਹੈ ਕਿ ਨਿਗਮ ਵੱਲੋਂ ਸ਼ਹਿਰ ਨੂੰ ਸਾਫ਼-ਸਵੱਛ ਬਣਾਉਣ ਲਈ ਬੇਹੱਦ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ ਅਤੇ ਗਲੀਆਂ ਵਿਚ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਵੱਖ-ਵੱਖ ਇਲਾਕਿਆਂ ਵਿਚੋਂ ਕਈ-ਕਈ ਦਿਨ ਕੂੜਾ ਨਹੀਂ ਚੁੱਕਿਆ ਜਾਂਦਾ। ਕੂੜਾ ਨਾ ਚੁੱਕਣ ਕਾਰਨ ਜਿੱਥੇ ਇਕ ਪਾਸੇ ਆਮ ਜਨਤਾ ਪ੍ਰੇਸ਼ਾਨ ਹੁੰਦੀ ਹੈ, ੳੁਥੇ ਹੀ ਨਿਗਮ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਉੱਠਦਾ ਹੈ। ਇਸ ਸਬੰਧ ਵਿਚ ਮੁੱਖ ਮੰਤਰੀ ਅਤੇ ਵਾਰਡ ਦੇ ਕੌਂਸਲਰਾਂ ਵੱਲੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਪਬਲਿਕ ਨੂੰ ਸਾਫ ਅਤੇ ਸਵੱਛ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ। ਇਸ ਲਈ ਹੁਣ ਨਗਰ ਨਿਗਮ ਨੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਲਈ ਇਕ ਰੂਟ ਪਲਾਨ ਤਿਆਰ ਕੀਤਾ ਹੈ, ਜਿਸ ਨੂੰ 17 ਫਰਵਰੀ ਤੋਂ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਨਗਰ ਨਿਗਮ ਕਮਿਸ਼ਨਰ ਦੀ ਚਿੱਠੀ ਦੇ ਕੁਝ ਪ੍ਰਮੁੱਖ ਬਿੰਦੂ ਹਨ, ਜਿਨ੍ਹਾਂ ’ਤੇ ਰੌਸ਼ਨੀ ਪਾਈ ਜਾ ਰਹੀ ਹੈ। ਇਸ ਵਿਚ ਮੁੱਖ ਤੌਰ ’ਤੇ ਕਿਹਾ ਗਿਆ ਹੈ ਕਿ ਰੂਟ ਪਲਾਨ ਮੁਤਾਬਕ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਚਲਾਇਆ ਜਾਵੇਗਾ, ਜਿਸ ਕਾਰਨ ਉਨ੍ਹਾਂ ਨੂੰ ਨਿਰਧਾਰਿਤ ਮਾਰਗ ’ਤੇ ਗੱਡੀਆਂ ਚਲਾਉਣੀਆਂ ਹੋਣਗੀਆਂ।
ਡਰਾਈਵਰਾਂ ਨੂੰ ਰੂਟ ਪਲਾਨ ਮੁਤਾਬਕ ਮਿਲੇਗਾ ਤੇਲ
ਰੂਟ ਪਲਾਨ ਅਨੁਸਾਰ ਦੱਸਿਆ ਗਿਆ ਹੈ ਕਿ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਡੀਜ਼ਲ (ਤੇਲ) ਸਿਰਫ ਤੈਅ ਰੂਟ ਦੇ ਆਧਾਰ ’ਤੇ ਹੀ ਮਿਲੇਗਾ। ਜੇਕਰ ਡਰਾਈਵਰ ਤੈਅ ਰੂਟ ਦਾ ਪਾਲਣ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਅਗਲੇ ਦਿਨ ਤੇਲ ਨਹੀਂ ਮਿਲੇਗਾ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ਤੋਂ ਆਈ ਮੰਦਭਾਗੀ ਖ਼ਬਰ, ਕਿਸਾਨ ਦੀ ਹੋਈ ਮੌਤ
ਸੈਨੇਟਰੀ ਇੰਸਪੈਕਟਰਾਂ ਦੀ ਜ਼ਿੰਮੇਵਾਰੀ
ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰਾਂ ਨੂੰ ਰੂਟ ਪਲਾਨ ਅਨੁਸਾਰ ਗੱਡੀਆਂ ਦਾ ਸੰਚਾਲਨ ਯਕੀਨੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਸਬੰਧਤ ਰੂਟ ’ਤੇ ਕੂੜਾ ਨਾ ਹੋਵੇ ਅਤੇ ਸਫਾਈ ਪੂਰੀ ਤਰ੍ਹਾਂ ਨਾਲ ਕੀਤੀ ਜਾਵੇ।
ਹਰ ਦਿਨ ਦੇਣੀ ਹੋਵੇਗੀ ਰਿਪੋਰਟ
ਹਰੇਕ ਦਿਨ ਦੀ ਸਫਾਈ ਰਿਪੋਰਟ ਸੁਪਰਿੰਟੈਂਡੈਂਟ ਹੈਲਥ ਨੂੰ ਦੇਣੀ ਹੋਵੇਗੀ। ਜੇਕਰ ਕਿਸੇ ਇਲਾਕੇ ਵਿਚ ਸਫਾਈ ਵਿਚ ਲਾਪ੍ਰਵਾਹੀ ਪਾਈ ਜਾਂਦੀ ਹੈ ਤਾਂ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਲਾਪ੍ਰਵਾਹੀ ’ਤੇ ਡਰਾਈਵਰਾਂ ਖ਼ਿਲਾਫ਼ ਕਾਰਵਾਈ
ਜੇਕਰ ਕੋਈ ਗੱਡੀ ਡਰਾਈਵਰ ਰੂਟ ਪਲਾਨ ਅਨੁਸਾਰ ਕੰਮ ਨਹੀਂ ਕਰਦਾ ਤਾਂ ਉਸ ਡਰਾਈਵਰ ਨੂੰ ਅਗਲੇ ਦਿਨ ਤੇਲ ਨਹੀਂ ਦਿੱਤਾ ਜਾਵੇਗਾ। ਇਸ ਦੇ ਇਲਾਵਾ ਡਰਾਈਵਰ ਖ਼ਿਲਾਫ਼ ਅਨੁਸ਼ਾਸਨਾਤਮਿਕ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਹੋਲਾ-ਮਹੱਲਾ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲਣਗੀਆਂ ਇਹ ਖ਼ਾਸ ਸਹੂਲਤਾਂ
ਨਿਗਮ ਨੂੰ ਸਹਿਣਾ ਪਵੇਗਾ ਨਿਗਮ ਯੂਨੀਅਨਾਂ ਦਾ ਵਿਰੋਧ
ਉਥੇ ਹੀ, ਨਿਗਮ ਯੂਨੀਅਨਾਂ ਵੱਲੋਂ ਇਨ੍ਹਾਂ ਨਵੇਂ ਹੁਕਮਾਂ ਦਾ ਵਿਰੋਧ ਜਤਾਇਆ ਜਾ ਸਕਦਾ ਹੈ। ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿਚ ਨਿਗਮ ਦੀਆਂ ਯੂਨੀਅਨਾਂ ਇਕਜੁੱਟ ਹੋ ਕੇ ਇਸ ਦਾ ਵਿਰੋਧ ਕਰਨ। ਉਥੇ ਹੀ, ਯੂਨੀਅਨਾਂ ਦੇ ਪ੍ਰਤੀਨਿਧੀ ਮੇਅਰ ਅਤੇ ਕਮਿਸ਼ਨਰ ਨੂੰ ਮਿਲ ਕੇ ਇਸ ਮਾਮਲੇ ਨੂੰ ਉਠਾਉਂਦੇ ਹੋਏ ਨਜ਼ਰ ਆ ਸਕਦੇ ਹਨ। ਹੁਣ ਵੇਖਣਾ ਹੋਵੇਗਾ ਕਿ ਕਮਿਸ਼ਨਰ ਦੀ ਇਸ ਚਿੱਠੀ ਨੂੰ ਲੈ ਕੇ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ।
ਅਧਿਕਾਰੀ /ਕਰਮਚਾਰੀ ਦੀ ਜ਼ਿੰਮੇਵਾਰੀ ਹੋਵੇਗੀ ਯਕੀਨੀ
ਗੌਤਮ ਜੈਨ ਦੀ ਚਿੱਠੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਹ ਕਦਮ ਨਗਰ ਨਿਗਮ ਦੀ ਕਾਰਜਪ੍ਰਣਾਲੀ ਵਿਚ ਪਾਰਦਰਸ਼ਿਤਾ ਲਈ ਮਹੱਤਵਪੂਰਨ ਹੈ, ਜਿਸ ਨਾਲ ਸ਼ਹਿਰ ਵਾਸੀ ਬਿਹਤਰ ਸਫ਼ਾਈ ਸੇਵਾਵਾਂ ਪ੍ਰਾਪਤ ਕਰ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ ਤੇ ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e