ਗਲੀ ਦੇ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ

Monday, Mar 30, 2020 - 01:32 AM (IST)

ਗਲੀ ਦੇ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ

ਸੁਲਤਾਨਪੁਰ ਲੋਧੀ (ਸੋਢੀ)-ਪੁਲਸ ਵੱਲੋਂ ਬੀਤੀ ਰਾਤ ਪਿੰਡ ਰਾਮਪੁਰ ਜਗੀਰ ਵਿਖੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਮਹੇਸ਼ਇੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਰਾਮਪੁਰ ਜਗੀਰ ਦੇ ਮਨਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਨੇ ਦਰਖਾਸਤ ਦਿੱਤੀ ਸੀ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਗੁਆਂਢ ਰਹਿੰਦੇ ਸੁਰਜੀਤ ਸਿੰਘ ਉਰਫ ਜੀਤਾ ਪੁੱਤਰ ਦਲਜੀਤ ਸਿੰਘ ਨਾਲ ਗਲੀ 'ਚ ਇੱਟਾਂ ਲਾਉਣ ਤੋਂ ਝਗੜਾ ਸੀ ਜੋ ਪੰਚਾਇਤ ਨੇ ਹੱਲ ਕਰਵਾ ਦਿੱਤਾ ਸੀ।

ਉਸ ਵਕਤ ਵੀ ਸੁਰਜੀਤ ਸਿੰਘ ਉਰਫ ਜੀਤਾ ਨੇ ਧਮਕੀਆਂ ਦਿੰਦਿਆਂ ਕਿਹਾ ਸੀ ਕਿ ਤੈਨੂੰ ਸਬਕ ਸਿਖਾਵਾਂਗੇ। ਉਸ ਸਮੇਂ ਹੀ ਮਹੇਸ਼ਇੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਜੋ ਕਿ ਯੂ. ਪੀ. ਵਗੈਰਾ 'ਚ ਠੇਕੇ ਲੈਂਦਾ ਹੈ, ਦਾ ਵੀ ਫੋਨ ਆਇਆ ਸੀ ਕਿ ਸੁਰਜੀਤ ਸਿੰਘ ਨਾਲ ਕੋਈ ਗੱਲ ਨਹੀਂ ਕਰਨੀ, ਮੈਂ ਤੈਨੂੰ ਆ ਕੇ ਦਸਾਂਗਾ ਤੂੰ ਕਿਸ ਤਰ੍ਹਾਂ ਗਲੀ ਦਾ ਰੌਲਾ ਪਾਇਆ ਹੈ। ਬੀਤੇ ਦਿਨ ਮਹੇਸ਼ਇੰਦਰ ਸਿੰਘ ਪਿੰਡ ਆਇਆ ਸੀ ਤਾਂ ਉਸਨੇ ਮੈਨੂੰ ਫੋਨ ਕਰ ਕੇ ਕਿਹਾ ਕਿ ਤੈਨੂੰ ਸਬਕ ਸਿਖਾਉਣਾ ਹੈ, ਘਰ ਤੋਂ ਬਾਹਰ ਨਿਕਲ ਜੇ ਪਿਓ ਦਾ ਪੁੱਤ ਹੈ ਪਰ ਮੈਂ ਬਾਹਰ ਨਹੀਂ ਆਇਆ ਪਰ ਕੁਝ ਸਮੇਂ ਬਾਅਦ ਮੈਂ ਸੌਦਾ ਲੈਣ ਲਈ ਸਵਰਨ ਸਿੰਘ ਦੀ ਦੁਕਾਨ ਵੱਲ ਜਾ ਰਿਹਾ ਸੀ ਤਾਂ ਉਥੇ ਮਹੇਸ਼ਇੰਦਰ ਆ ਗਿਆ। ਜਿਸਨੇ ਮੈਨੂੰ ਮਾਰ ਦੇਣ ਦੀ ਧਮਕੀ ਦਿੱਤੀ ਤੇ ਨਾਲ ਮੇਰੇ 'ਤੇ ਦੋ ਫਾਇਰ ਕੀਤੇ ਪਰ ਮੈਂ ਜ਼ਮੀਨ ਤੇ ਲੇਟ ਲਿਆ। ਇੰਨੇ ਚਿਰ ਨੂੰ ਮੇਰੇ ਘਰ ਦੇ ਵੀ ਆ ਗਏ। ਰੌਲਾ ਪੈਣ 'ਤੇ ਮਹੇਸ਼ਇੰਦਰ ਸਿੰਘ ਪਿਸਤੌਲ ਸਮੇਤ ਫਰਾਰ ਹੋ ਗਿਆ।


author

Karan Kumar

Content Editor

Related News