ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਪ੍ਰਭਾਤ ਫੇਰੀਆਂ ਕੀਤੀਆਂ ਗਈਆਂ ਆਰੰਭ
Sunday, Jan 10, 2021 - 03:37 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੰਡ ਮੂਨਕ ਖੁਰਦ ਤੋਂ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤ ਵੇਲੇ ਆਰੰਭ ਹੋਈਆਂ ਇਨ੍ਹਾਂ ਪ੍ਰਭਾਤ ਫੇਰੀਆਂ ਵਿਚ ਕੜਾਕੇ ਦੀ ਸਰਦੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤਾਂ ਆਪਣੀ ਹਾਜ਼ਰੀ ਲਗਵਾ ਰਹੀਆਂ ਹਨ। ਪ੍ਰਭਾਤ ਫੇਰੀਆਂ ਦੌਰਾਨ ਸਮੂਹ ਸੰਗਤ ਵੱਲੋਂ ਸ਼ਬਦ ਕੀਰਤਨ ਅਤੇ ਸਤਨਾਮ ਵਾਹਿਗੁਰੂ ਵਾਹਿਗੁਰੂ ਦੇ ਜਾਪ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਜਾ ਜਾਂਦਾ ਹੈ।
ਪ੍ਰਭਾਤ ਫੇਰੀ 'ਚ ਸ਼ਾਮਲ ਸੰਗਤ ਵਾਸਤੇ ਸੇਵਾਦਾਰਾਂ ਵੱਲੋਂ ਅੰਮ੍ਰਿਤ ਵੇਲੇ ਚਾਹ, ਦੁੱਧ ਅਤੇ ਮਠਿਆਈਆਂ ਦੇ ਲੰਗਰ ਲਾਏ ਜਾ ਰਹੇ ਹਨ। ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ 8 ਜਨਵਰੀ ਤੋਂ ਆਰੰਭ ਹੋਈਆਂ ਇਹ ਪ੍ਰਭਾਤ ਫੇਰੀਆਂ 19 ਜਨਵਰੀ ਤੱਕ ਲਗਾਤਾਰ ਚੱਲਣਗੀਆਂ। ਇਸ ਦੌਰਾਨ 18 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 20 ਜਨਵਰੀ ਨੂੰ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਮਹਾਨ ਨਗਰ ਕੀਰਤਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਲੈ ਕੇ ਸਮੂਹ ਸੰਗਤਾਂ ਵਿਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ।
ਪ੍ਰਭਾਤ ਫੇਰੀਆਂ ਦੌਰਾਨ ਸਾਬਕਾ ਸਰਪੰਚ ਹਰਬੰਸ ਸਿੰਘ ਮੂਨਕਾਂ, ਦਵਿੰਦਰ ਸਿੰਘ ਲਾਡੀ, ਹਰ ਕਮਲ ਪ੍ਰਕਾਸ਼ ਸਿੰਘ, ਬੀਬੀ ਹਰਵਿੰਦਰ ਕੌਰ, ਕੁਲਦੀਪ ਸਿੰਘ ਮੂਨਕਾਂ, ਸੁਰਜੀਤ ਸਿੰਘ, ਕਮਲ ਸੈਣੀ, ਸਰਬਜੀਤ ਸਿੰਘ, ਸਾਬਕਾ ਸਰਪੰਚ ਰਾਮ ਨਾਰਾਇਣ ਸਿੰਘ, ਪਵਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਸੁਖਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਹਰਸਿਮਰਨਪ੍ਰੀਤ ਸਿੰਘ, ਸੁਖਵਿੰਦਰਪ੍ਰੀਤ ਸਿੰਘ, ਸਾਹਿਬਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸੇ ਤਰ੍ਹਾਂ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਮੂਨਕ ਕਲਾਂ ਤੋਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਗਈਆਂ ਹਨ ਜਿਸ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਆਪਣੀਆਂ ਹਾਜ਼ਰੀਆਂ ਲਗਵਾ ਰਹੀਆਂ ਹਨ।