ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ 670 ਸੰਸਥਾਵਾਂ ਦੇ 2010 ਪ੍ਰਤੀਨਿਧੀਆਂ ਦਾ ਸਨਮਾਨ (ਵੀਡੀਓ)

09/16/2019 3:18:48 PM

ਜਲੰਧਰ— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ ਹੇਠ ਧਾਰਮਿਕ ਸੰਸਥਾਵਾਂ ਦਾ ਸ਼ਾਨਦਾਰ ਸਨਮਾਨ ਸਮਾਹੋਰ ਕਰਵਾਇਆ ਗਿਆ। ਫਗਵਾੜਾ-ਜਲੰਧਰ ਜੀ. ਟੀ. ਰੋਡ 'ਤੇ ਸਥਿਤ ਹੋਟਲ ਕਲੱਬ ਕਬਾਨਾ 'ਚ ਬੀਤੇ ਦਿਨ ਰੱਖੇ ਗਏ ਪ੍ਰੋਗਰਾਮ ਦੌਰਾਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਸ਼੍ਰੀ ਰਾਮ ਲੀਲਾ, ਦੁਸਹਿਰਾ, ਸ਼੍ਰੀ ਰਾਮ ਕਥਾ, ਸ਼੍ਰੀ ਮਦ ਭਾਗਵਤ ਕਥਾ, ਭਗਵਤੀ ਜਗਰਾਤਾ, ਚੌਕੀ ਅਤੇ ਘੱਟੋ ਘੱਟ ਇਕ ਸਾਲ ਤੋਂ ਲਗਾਤਾਰ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡ ਕਰਨ ਅਤੇ ਸ਼ਹੀਦ ਪਰਿਵਾਰ ਫੰਡ ਦੇ ਜ਼ਰੀਏ ਜੰਮੂ ਕਸ਼ਮੀਰ 'ਚ ਲੋੜਵੰਦਾਂ ਲਈ ਰਾਸ਼ਨ ਸਮੱਗਰੀ ਦਾ ਟਰੱਕ ਭੇਜਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਤ ਕੀਤਾ ਗਿਆ।

PunjabKesari

ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ, ਹੁਸ਼ਿਆਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਕੈਂਥ, ਕਬੈਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਦਿ ਮੌਜੂਦ ਸਨ। ਸਮਾਰੋਹ 'ਚ ਸ਼ਾਮਲ  ਹੋਣ ਵਾਲੀਆਂ ਸੰਸਥਾਵਾਂ ਨੂੰ ਇਕ-ਇਕ ਯਾਦਗਾਰੀ ਚਿੰਨ੍ਹ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਰੋਜ਼ਾਨਾ ਵਰਤੋਂ 'ਚ ਆਉਣ ਵਾਲੀ ਸਮੱਗਰੀ ਨਾਲ ਭਰੇ ਇਕ-ਇਕ ਬੈਗ ਅਤੇ ਸਨਮਾਨ ਪੱਤਰ ਦਿੱਤੇ ਗਏ।
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਾਨੂੰ ਸਾਰਿਆਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ : ਚੰਦਰ ਪ੍ਰਕਾਸ਼ ਗੰਗਾ
ਜੰਮੂ-ਕਸ਼ਮੀਰ ਦੇ ਸਾਬਕਾ ਕੈਬਨਿਟ ਮੰਤਰੀ ਚੰਦਰ ਪ੍ਰਕਾਸ਼ ਗੰਗਾ ਨੇ ਸਮਾਰੋਹ 'ਚ ਰਾਮ ਭਗਤਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਸ ਸਨਮਾਨ ਸਮਾਰੋਹ 'ਚ ਆਉਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਭਾਰਤ ਨੂੰ ਜ਼ਿੰਦਾ ਰੱਖਣ ਦਾ ਕੰਮ ਪੰਜਾਬ ਕੇਸਰੀ ਨੇ ਕੀਤਾ ਹੈ। ਇਸ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਹੈ ਤਾਂ ਕਿ ਜੰਮੂ-ਕਸ਼ਮੀਰ 'ਚ ਸ਼ਾਂਤੀ ਬਹਾਲ ਹੋ ਸਕੇ ਅਤੇ ਵਿਕਾਸ ਦਾ ਰਾਹ ਤੇਜ਼ ਹੋਵੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਲਈ ਚੋਪੜਾ ਪਰਿਵਾਰ ਦਾ ਯੋਗਦਾਨ ਹੈ, ਉਸੇ ਤਰ੍ਹਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਾਡੇ ਸਾਰਿਆਂ ਦਾ ਯੋਗਦਾਨ ਹੋਣਾ ਚਾਹੀਦਾ ਹੈ।

PunjabKesari
ਸਾਡੀ ਏਕਤਾ ਨੂੰ ਕੋਈ ਠੇਸ ਨਹੀਂ ਪਹੁੰਚਾ ਸਕਦਾ : ਕਾਮਰੇਡ ਜੋਗਿੰਦਰ ਦਿਆਲ
ਕਾਮਰੇਡ ਜੋਗਿੰਦਰ ਦਿਆਲ ਨੇ ਕਿਹਾ ਕਿ ਭਾਰਤ ਦੀ ਸ਼ਾਨ ਏਕਤਾ ਅਤੇ ਅਖੰਡਤਾ ਹੈ। ਸਾਡੇ ਭਾਰਤ ਦੇਸ਼ 'ਚ ਅਨੇਕਤਾ 'ਚ ਏਕਤਾ ਹੈ। ਭਾਰਤ 'ਚ ਵੱਖ-ਵੱਖ ਧਰਮ ਹਨ, ਜੋ ਸਦੀਆਂ ਇਕੱਠੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਏਕਤਾ ਨੂੰ ਕੋਈ ਠੇਸ ਨਹੀਂ ਪਹੁੰਚਾ ਸਕਦਾ,ਕਿਉਂਕਿ ਅਸੀਂ ਸਾਰੇ ਇਕ ਹਾਂ। ਇਸੇ ਭਾਈਚਾਰੇ ਦੇ ਕਾਰਨ ਹੀ ਭਾਰਤ ਦਾ ਨਾਮ ਦੁਨੀਆ 'ਚ ਹੈ।
ਤੁਹਾਡੀ ਬਦੌਲਤ ਹੀ ਅੱਤਵਾਦ ਪੀੜਤਾਂ ਦੀ ਮਦਦ ਹੋਈ : ਚੌਧਰੀ
ਸ੍ਰੀ ਕ੍ਰਿਸ਼ਨ ਜਨਮ ਉਤਸਵ ਕਮੇਟੀ ਦੇ ਚੇਅਰਮੈਨ ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਦੇ ਜ਼ਰੀਏ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਬਾਰਡਰ ਏਰੀਏ 'ਚ ਰਹਿ ਰਹੇ ਅੱਤਵਾਦ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਸ਼੍ਰੀ ਵਿਜੇ ਚੋਪੜਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਲਗਭਗ 10 ਕਰੋੜ ਰੁਪਏ ਦੀ ਰਾਹਤ ਸਮੱਗਰੀ ਭੇਜ ਚੁੱਕੇ ਹਨ। ਇਸ ਮੌਕੇ ਰਾਮ ਭਗਤਾਂ ਦਾ ਧੰਨਵਾਦ ਕਰਦੇ ਹੋਏ ਸ਼ੇਅਰੋ-ਸ਼ਾਇਰੀ ਜ਼ਰੀਏ ਉਨ੍ਹਾਂ ਸ਼੍ਰੀ ਚੋਪੜਾ ਦੀ ਸ਼ਲਾਘਾ ਕੀਤੀ।

ਸਾਨੂੰ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਪਵੇਗਾ : ਰਿਚਾ ਜੈਨ
ਭਗਵਾਨ ਮਹਾਵੀਰ ਸੇਵਾ ਸੰਸਥਾਨ ਮਹਿਲਾ ਵਿੰਗ ਦੀ ਪ੍ਰਧਾਨ ਰਿਚਾ ਜੈਨ ਨੇ ਸ੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਆਯੋਜਿਤ ਸਮਾਰੋਹ 'ਚ ਸ਼ਾਮਲ ਹੋਣ 'ਤੇ ਸ੍ਰੀ ਰਾਮ ਭਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਸਹਾਇਤਾ, ਬਜ਼ੁਰਗਾਂ ਦਾ ਸਨਮਾਨ, ਮੈਡੀਕਲ ਕੈਂਪ ਲਾਉਣ ਆਦਿ ਦੀ ਸਮਾਜਿਕ ਸੇਵਾ ਦੀ ਪ੍ਰੇਰਣਾ ਸ਼੍ਰੀ ਵਿਜੇ ਚੋਪੜਾ ਜੀ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਣਾ ਨਾਲ ਸਾਡੇ ਸੰਸਥਾਨ ਵਲੋਂ ਜੰਮੂ-ਕਸ਼ਮੀਰ 'ਚ ਅੱਤਵਾਦ ਤੋਂ ਪੀੜਤਾਂ ਦੀ ਮਦਦ ਲਈ ਹੁਣ ਤੱਕ 18 ਟਰੱਕ ਰਾਸ਼ਨ ਸਮੱਗਰੀ ਦੇ ਦਿੱਤੇ ਜਾ ਚੁੱਕੇ ਹਨ ਅਤੇ 2 ਟਰੱਕ ਹੋਰ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੇਵਾ ਦਾ ਭਾਵ ਸਾਰਿਆਂ ਦੇ ਅੰਦਰ ਹੁੰਦਾ ਹੈ, ਜਿਸ ਦਾ ਪਲੇਟਫਾਰਮ ਸਾਨੂੰ ਸ਼੍ਰੀ ਵਿਜੇ ਚੋਪੜਾ ਜੀ ਨੇ ਦਿੱਤਾ।
ਮਨੁੱਖਾ ਜੀਵਨ ਧਰਮ ਦੇ ਨਾਲ-ਨਾਲ ਸਮਾਜ ਸੇਵਾ ਲਈ ਮਿਲਿਆ ਹੈ : ਵਰਿੰਦਰ ਸ਼ਰਮਾ
ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਪ੍ਰਭੂ ਸ੍ਰੀ ਰਾਮ ਭਗਤਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜਦੋਂ ਤੋਂ ਪੰਜਾਬ ਕੇਸਰੀ, ਜਗ ਬਾਣੀ, ਹਿੰਦ ਸਮਾਚਾਰ, ਨਵੋਦਿਆ ਟਾਈਮਸ ਦੇ ਸੰਪਾਦਕ ਅਤੇ ਪੀ. ਟੀ. ਆਈ. ਦੇ ਚੇਅਰਮੈਨ ਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ 'ਚ ਸ੍ਰੀ ਰਾਮਨੌਮੀ ਕਮੇਟੀ ਦੇ ਜ਼ਰੀਏ ਸਨਮਾਨ ਸਮਾਰੋਹ 'ਚ ਉਨ੍ਹਾਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜੋ ਸੰਸਥਾਵਾਂ ਧਾਰਮਿਕ ਪ੍ਰੋਗਰਾਮਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਰਾਸ਼ਨ ਵੰਡ ਕੇ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਜੀ ਦੀ ਸੋਚ ਹੈ ਕਿ ਧਾਰਮਿਕ ਪ੍ਰੋਗਰਾਮ ਕਰਨ ਨਾਲ ਧਰਮ ਦਾ ਝੰਡਾ ਉੱਚਾ ਹੁੰਦਾ ਹੈ। ਇਸ ਦੇ ਨਾਲ-ਨਾਲ ਸਮਾਜ ਸੇਵਾ ਦਾ ਕੰਮ ਕਰਨ ਲਈ ਮਨੁੱਖ ਨੂੰ ਜੀਵਨ ਮਿਲਿਆ ਹੈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਚੋਪੜਾ ਜੀ ਦੀ ਪ੍ਰੇਰਣਾ ਨਾਲ ਜਿੱਥੇ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ, ਉੱਥੇ ਹੀ ਭਾਰਤ-ਪਾਕਿਸਤਾਨ ਸਰਹੱਦ 'ਤੇ ਗੋਲੀਆਂ ਦੇ ਸ਼ਿਕਾਰ ਪੀੜਤ ਪਰਿਵਾਰਾਂ ਨੂੰ ਸ਼ਹੀਦ ਪਰਿਵਾਰ ਫੰਡ ਦੇ ਜ਼ਰੀਏ ਹੁਣ ਤੱਕ 525 ਟਰੱਕ ਰਾਹਤ ਸਮੱਗਰੀ ਦੇ ਦਿੱਤੇ ਜਾ ਚੁੱਕੇ ਹਨ ਅਤੇ ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਨਾਲ ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਮਨੌਮੀ ਉਤਸਵ ਕਮੇਟੀ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਨਮਾਨ ਸਮਾਰੋਹ ਪ੍ਰੋਗਰਾਮ 'ਚ ਤੁਸੀਂ ਸਾਰੇ ਆ ਕੇ ਸਾਡਾ ਮਾਣ ਵਧਾਉਂਦੇ ਹੋ। ਅਸੀਂ ਤੁਹਾਡਾ ਦਿਲੋਂ ਸਨਮਾਨ ਕਰਦੇ ਹਾਂ। ਤੁਸੀਂ ਧਰਮ ਦੇ ਖੇਤਰ 'ਚ ਜਦੋਂ ਤੱਕ ਸਮਾਜ ਦੀ ਸੇਵਾ ਕਰਦੇ ਰਹੋਗੇ, ਉਦੋਂ ਤੱਕ ਸ੍ਰੀ ਰਾਮਨੌਮੀ ਉਤਸਵ ਕਮੇਟੀ ਅਤੇ ਪੰਜਾਬ ਕੇਸਰੀ ਗਰੁੱਪ ਤੁਹਾਡਾ ਸਨਮਾਨ ਕਰਦੇ ਰਹਿਣਗੇ।
ਰਾਮ ਭਗਤਾਂ ਦਾ ਕੀਤਾ ਧੰਨਵਾਦ
ਮੰਚ ਦਾ ਸੰਚਾਲਨ ਕਰਦੇ ਹੋਏ ਸ੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਸ੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਪੂਰੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਆਏ ਰਾਮ ਭਗਤਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਨੇ ਸਨਮਾਨ ਸਮਾਰੋਹ 'ਚ ਵਿਸ਼ੇਸ਼ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਕਲੱਬ ਕਬਾਨਾ ਦੇ ਮਾਲਕ ਗੋਪਾਲ ਕ੍ਰਿਸ਼ਨ ਚੋਢਾ, ਮਨੋਜ ਚੋਢਾ ਅਤੇ ਅਨਿਲ ਚੋਢਾ ਅਤੇ ਡਾਇਰੈਕਟਰ ਹੇਮੰਤ ਸੂਰੀ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਸਮਾਰੋਹ 'ਚ ਪੰਜਾਬ 'ਚੋਂ ਵੱਖ-ਵੱਖ ਸਿਆਸੀ, ਸਮਾਜਿਕ ਸੰਗਠਨਾਂ ਤੋਂ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

PunjabKesari
ਗਾਇਕਾ ਚੰਨ ਕੌਰ ਨੇ ਸ੍ਰੀ ਰਾਮ ਮਹਿਮਾ ਦਾ ਕੀਤਾ ਗੁਣਗਾਨ
ਪ੍ਰੋਗਰਾਮ 'ਚ ਗਾਇਕ ਚੰਨ ਕੌਰ ਨੇ ਆਪਣੀ ਮਿੱਠੀ ਆਵਾਜ਼ 'ਚ ਰਾਮ ਮਹਿਮਾ ਦਾ ਗੁਣਗਾਨ ਕਰਕੇ ਹਾਲ 'ਚ ਬੈਠੇ ਰਾਮ ਭਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ, ਉਥੇ ਹੀ ਅਰੀਹੰਤ ਦੇਵ ਸ਼ਰਮਾ ਨੇ ਵੀ ਭਜਨਾਂ ਨਾਲ ਆਪਣੀ ਹਾਜ਼ਰੀ ਲਵਾਈ। ਇਸ ਮੌਕੇ 'ਤੇ ਨਟਰਾਜ ਕਲਾ ਕੇਂਦਰ ਕਲਾ ਦੇ ਬੱਚਿਆਂ ਨੇ ਵੱਖ-ਵੱਖ ਭਜਨਾਂ 'ਤੇ ਪੇਸ਼ਕਾਰੀ ਦੇ ਕੇ ਹਾਲ ਵਿਚ ਬੈਠੇ ਰਾਮ ਭਗਤਾਂ ਦਾ ਮਨ ਮੋਹ ਲਿਆ। ਇਸ ਮੌਕੇ ਸਮਾਰੋਹ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਈਆਂ ਸੰਸਥਾਵਾਂ ਨੂੰ ਇਕ-ਇਕ ਯਾਦਗਾਰੀ ਚਿੰਨ੍ਹ ਅਤੇ ਉਨ੍ਹਾਂ ਦੇ 3-3 ਪ੍ਰਤੀਨਿਧੀਆਂ ਨੂੰ ਪ੍ਰਮਾਣ-ਪੱਤਰ ਅਤੇ ਇਕ ਬੈਗ, ਜਿਸ ਵਿਚ ਕੀ-ਰਿੰਗ, ਪੈੱਨ, ਡਾਇਰੀ, ਹਨੂਮਾਨ ਚਾਲੀਸਾ, ਮਠਿਆਈ, ਬਿਸਕੁੱਟ, ਅੰਮ੍ਰਿਤਵਾਣੀ ਆਦਿ ਸਾਮਾਨ ਦਿੱਤਾ ਗਿਆ।

PunjabKesari
ਰਾਮ ਭਗਤਾਂ ਦਾ ਕੀਤਾ ਗਿਆ ਚੈੱਕਅਪ
ਵਰਲਡ ਕੈਂਸਰ ਕੇਅਰ ਸੋਸਾਇਟੀ ਵੱਲੋਂ ਰਾਮ ਭਗਤਾਂ ਦਾ ਕੈਂਸਰ ਸਬੰਧੀ ਚੈੱਕਅਪ ਕੀਤਾ ਗਿਆ, ਉਥੇ ਹੀ ਕੈਪੀਟੋਲ ਹਸਪਤਾਲ ਦੇ ਮਾਹਿਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਦੀ ਦੇਖ-ਰੇਖ ਵਿਚ ਈ. ਸੀ. ਜੀ., ਹੱਡੀਆਂ, ਕੈਲਸ਼ੀਅਮ, ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਲਾਇਨਜ਼ ਆਈ ਕੇਅਰ ਜੈਤੋ ਵਲੋਂ ਸ੍ਰੀ ਰਾਮ ਭਗਤਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਸਮਾਰੋਹ 'ਚ ਮੁੱਖ ਤੌਰ 'ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ, ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਪਵਨ ਟੀਨੂੰ, ਸਾਬਕਾ ਸੰਸਦ ਮੈਂਬਰ ਕਮਲ ਚੌਧਰੀ, ਡਾ. ਬਲਦੇਵ ਚਾਵਲਾ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਕਾਮਰੇਡ ਮੰਗਤ ਰਾਮ ਪਾਸਲਾ, ਰਾਜਿੰਦਰ ਸ਼ਰਮਾ ਲੁਧਿਆਣਾ, ਅਵਿਨਾਸ਼ ਸਿੱਕਾ ਲੁਧਿਆਣਾ, ਫਗਵਾੜਾ ਦੇ ਮੇਅਰ ਅਰੁਣ ਖੋਸਲਾ, ਅਨੁਰਾਗ ਸੂਦ, ਲਾਰੈਂਸ ਚੌਧਰੀ, ਸ੍ਰੀ ਰਾਮਨੌਮੀ ਉਤਸਵ ਕਮੇਟੀ ਦੇ ਖਜ਼ਾਨਚੀ ਵਿਵੇਕ ਖੰਨਾ, ਵਿਨੋਦ ਅਗਰਵਾਲ, ਐੱਮ. ਡੀ. ਸਭਰਵਾਲ, ਰਮੇਸ਼ ਸਹਿਗਲ, ਮਨੋਹਰ ਲਾਲ ਮਹਾਜਨ, ਜੁਗਿੰਦਰ ਕ੍ਰਿਸ਼ਨ ਸ਼ਰਮਾ, ਅਨਿਲ ਨਈਅਰ, ਪਵਨ ਭੋਢੀ, ਰਵੀਸ਼ ਸੁਗੰਧ, ਹੇਮੰਤ ਪੰਡਿਤ, ਪ੍ਰਿੰਸ ਅਸ਼ੋਕ ਗਰੋਵਰ, ਮਨਮੋਹਨ ਕਪੂਰ ਆਦਿ ਸਣੇ ਵੱਡੀ ਗਿਣਤੀ 'ਚ ਰਾਮ ਭਗਤ ਸ਼ਾਮਲ ਹੋਏ।


shivani attri

Content Editor

Related News