ਸ਼ਾਰਟ ਸਰਕਟ ਨਾਲ ਸੇਵਾਮੁਕਤ ਪ੍ਰੋਫ਼ੈਸਰ ਦੀ ਕੋਠੀ ''ਚ ਲੱਗੀ ਅੱਗ, ਸਾਮਾਨ ਸੜ ਕੇ ਹੋਇਆ ਸੁਆਹ
Tuesday, Mar 22, 2022 - 03:27 PM (IST)
ਹੁਸ਼ਿਆਰਪੁਰ (ਜੈਨ) : ਟੈਗੋਰ ਨਗਰ ਇਲਾਕੇ 'ਚ ਅੱਜ ਤੜਕੇ ਕਰੀਬ 3 ਵਜੇ ਸਰਕਾਰੀ ਕਾਲਜ ਦੇ ਸੇਵਾਮੁਕਤ ਪ੍ਰੋਫ਼ੈਸਰ ਕੇਵਲ ਸਿੰਘ ਦੀ ਕੋਠੀ ਨੰਬਰ 303 ’ਚ ਅਚਾਨਕ ਅੱਗ ਲੱਗ ਗਈ। ਘਟਨਾ ਸਮੇਂ ਘਰ ਦੇ ਸਾਰੇ ਮੈਂਬਰ ਸੁੱਤੇ ਹੋਏ ਸਨ। ਅੱਗ ਨਾਲ ਉੱਠੇ ਧੂੰਏਂ ਤੇ ਸਾਮਾਨ ਦੇ ਸੜਨ ਦੀ ਬਦਬੂ ਆਉਣ 'ਤੇ ਪ੍ਰੋਫ਼ੈਸਰ ਦੇ ਬੇਟੇ ਗੁਰਪ੍ਰੀਤ ਸਿੰਘ ਦੀ ਜਦੋਂ ਨੀਂਦ ਖੁੱਲ੍ਹੀ ਤਾਂ ਘਰ ਦੇ ਅੰਦਰ ਧੂੰਆਂ ਹੀ ਧੂੰਆਂ ਸੀ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਉਠਾਇਆ। ਪਰਿਵਾਰ ਨੇ ਅੱਗ ਬੁਝਾਉਣ ਦੀ ਜੱਦੋ-ਜਹਿਦ ਸ਼ੁਰੂ ਕਰ ਦਿੱਤੀ ਪਰ ਅੱਗ ਨੇ ਬੁਝਣ ਦੀ ਬਜਾਏ ਹੋਰ ਭਿਆਨਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਪਿੰਡ ਕੰਗ ਸਾਹਬੂ ਨੇੜੇ XUV ਹੇਠਾਂ ਆਉਣ ਕਾਰਨ ਪ੍ਰਵਾਸੀ ਵਿਅਕਤੀ ਦੀ ਮੌਤ
ਮੌਕੇ ’ਤੇ ਪੁੱਜੇ ਸਬ-ਫਾਇਰ ਅਫ਼ਸਰ ਅਰੁਣ ਸ਼ਰਮਾ ਦੀ ਅਗਵਾਈ 'ਚ ਫਾਇਰ ਕਰਮਚਾਰੀਆਂ ਸੁਖਦੇਵ ਸਿੰਘ ਅਤੇ ਰਵੀ ਕੁਮਾਰ ਨੇ ਕਰੀਬ 1 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਇਕ ਕੰਪਿਊਟਰ, ਲੈਪਟਾਪ, ਮਾਈਕਰੋ ਓਵਨ, ਐੱਲ. ਈ. ਡੀ., 2 ਏਅਰ ਕੰਡੀਸ਼ਨਰ, ਘੜੀਆਂ, ਫਰਨੀਚਰ, ਬਿਸਤਰੇ ਅਤੇ ਹੋਰ ਕੀਮਤੀ ਸਾਮਾਨ ਅਗਨ ਭੇਟ ਹੋ ਚੁੱਕਾ ਸੀ। ਅੱਗ ਦੇ ਧੂੰਏਂ ਨਾਲ ਘਰ ਦੇ ਸਾਰੇ ਕਮਰੇ, ਲਾਬੀ, ਰਸੋਈ, ਸਟੋਰ ਆਦਿ ਦੀਆਂ ਕੰਧਾਂ ਕਾਲੀਆਂ ਹੋ ਗਈਆਂ। ਕਿਆਸ ਲਾਏ ਜਾ ਰਹੇ ਹਨ ਕਿ ਇਹ ਹਾਦਸਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰਿਆ। ਇਸ ਹਾਦਸੇ 'ਚ ਘਰ ਦੇ ਸਾਰੇ ਮੈਂਬਰ ਵਾਲ-ਵਾਲ ਬਚ ਗਏ।