ਬਾਦਲ-ਮਜੀਠਾ ਪਰਿਵਾਰ ਕਿਸੇ ਵੀ ਪੱਖੋਂ ਭਰੋਸਾ ਕਰਨ ਲਾਇਕ ਨਹੀਂ : ਰਵੀਇੰਦਰ ਸਿੰਘ
Sunday, Sep 20, 2020 - 06:42 PM (IST)
ਜਲੰਧਰ (ਚਾਵਲਾ)— ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਿਹਾ ਕਿ ਬਾਦਲ-ਮਜੀਠਾ ਪਰਿਵਾਰ ਨਿੱਜੀ ਹਿੱਤਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਕੈਬਨਿਟ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇਣਾ ਵੀ ਨਿੱਜੀ ਹਿੱਤਾਂ ਤੋਂ ਹੀ ਪ੍ਰੇਰਿਤ ਹੈ। ਆਪਣੀ ਕੈਬਨਿਟ ਦੀ ਕੁਰਸੀ ਬਚਾਉਣ ਲਈ ਕਈ ਦਿਨ ਤਾਣੇ ਬਾਣੇ ਬੁਣਦੇ ਰਹੇ ਪਰ ਕਿਸਾਨਾਂ ਦੇ ਲੋਕ ਰੋਹ ਅੱਗੇ ਕਿਸੇ ਕੰਮ ਨਹੀ ਆਏ। ਪਿਛਲੇ ਦਿਨਾਂ ਤੋਂ ਇਸ ਪਰਿਵਾਰ ਦਾ ਚਲਦਾ ਡਰਾਮਾ ਇਸ ਗੱਲ ਦਾ ਸਬੂਤ ਹੈ ਕਿ ਜਿਸ ਤਰ੍ਹਾਂ ਪ੍ਰਕਾਸ ਸਿੰਘ ਬਾਦਲ ਨੇ ਮੀਡੀਆ ਵਿਚ ਖੇਤੀ ਆਰਡੀਨੈਂਸਾਂ ’ਤੇ ਸਫਾਈਆਂ ਦਿੱਤੀਆਂ ਗਈਆਂ ਕਿ ਆਰਡੀਨੈਂਸ ਕਿਸਾਨਾਂ ਦੇ ਹੱਕ ਵਿਚ ਹੈ ਜਦਕਿ ਇਹ ਆਰਡੀਨੈਂਸ ਇਸ ਪਰਿਵਾਰ ਦੇ ਜ਼ਰੂਰ ਹੱਕ ਵਿਚ ਹੈ ਕਿਉਂਕਿ ਅਡਾਨੀਆਂ ਅੰਬਾਨੀਆਂ ਨਾਲ ਭਾਈਵਾਲੀ ਕਰ ਕੇ ਇਹ ਪਰਿਵਾਰ ਕਿਸਾਨਾਂ ਨੂੰ ਤਬਾਹ ਕਰਨ ਦੇ ਸੁਪਨੇ ਸੰਜੋਈ ਬੈਠਾ ਹੈ ਇਸੇ ਕਰ ਕੇ ਕਦੇ ਵੱਡਾ ਬਾਦਲ ਕਦੇ ਉਸ ਦਾ ਫਰਜੰਦ ਸੁਖਬੀਰ ਦਿੱਲੀ ਤੋਂ ਗਿੱਦੜ ਚਿੱਠੀਆਂ ਲਿਆ ਕੇ ਵਿਖਾਉਣ ਦੇ ਡਰਾਮੇ ਕਰਦਾ ਰਿਹਾ ਹੈ ਜਦਕਿ ਲੋਕ ਹੁਣ ਮੀਡੀਆ ਦੇ ਜੁੱਗ ਵਿਚ ਵਿਚਰ ਰਹੇ ਹਨ ਪੁਰਾਣੇ ਬਾਦਲ ਸਮੇਂ ਦੇ ਵੇਲੇ ਗੁਜ਼ਰ ਚੁਕੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਪਲ-ਪਲ ਦੀ ਜਾਣਕਾਰੀ ਮੁਹਈਆ ਹੋ ਰਹੀ ਹੈ। ਜਿਸ ਕਰ ਕੇ ਕਿਸੇ ਵੀ ਆਗੂ ਦੇ ਬੇਨਕਾਬ ਹੋਣ ਨੂੰ ਹੁਣ ਸਮਾਂ ਨਹੀਂ ਲੱਗਦਾ। ਇਹ ਪਰਿਵਾਰ ਵੀ ਬੇਨਕਾਬ ਹੋ ਚੁੱਕਾ ਹੈ। ਇਸ ਦੀਆਂ ਸਾਰੀਆਂ ਰਾਜਨੀਤਕ, ਧਾਰਮਿਕ ਚਾਲਾਂ ਹੁਣ ਫੇਲ ਹੋ ਚੁਕੀਆਂ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਤੋਂ ਅਸਤੀਫਾ ਦੇ ਰਹੀ ਹੈ ਦੂਜੇ ਪਾਸੇ ਮੋਦੀ ਸਰਕਾਰ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਕੇ ਕਿਸਾਨਾਂ ਦੀ ਹਿਤੈਸ਼ੀ ਦੱਸ ਰਹੀ ਹੈ। ਇਸ ਪਰਿਵਾਰ ਨੇ ਖੁਦਗਰਜ਼ੀ ਲਈ ਸਿੱਖ ਕੌਮ ਦੀਆਂ ਸਾਰੀਆਂ ਸੰਸ਼ਥਾਵਾਂ, ਜਥੇਬੰਦੀਆਂ,ਫੈਡਰੇਸ਼ਨਾਂ ਯੂਥ ਵਿੰਗਾਂ ਇਥੋਂ ਤੱਕ ਕਿ ਤਖ਼ਤ ਸਾਹਿਬਾਨ ਦੀਆਂ ਪ੍ਰੰਪਰਾਵਾਂ ਦਾ ਵੀ ਭੋਗ ਪਾ ਦਿੱਤਾ ਹੈ। ਹਾਲੇ ਵੀ ਮੌਕਾ ਹੈ ਇਸ ਪਰਿਵਾਰ ਤੋਂ ਪਾਸਾ ਵੱਟ ਕੇ ਕਿਸਾਨ ਅਤੇ ਸਿੱਖ ਹਿੱਤਾਂ ਲਈ ਸੰਘਰਸ਼ ਕੀਤਾ ਜਾਵੇ ਤਾਂ ਹੀ ਸਫਲਤਾ ਮਿਲ ਸਕਦੀ ਹੈ ਨਹੀਂ ਤਾਂ ਇਹ ਪਰਿਵਾਰ ਸਭ ਦੇ ਹਿੱਤਾਂ ਨੂੰ ਵੇਚ ਵੱਟ ਕੇ ਆਪਣੀ ਧੌਂਸ ਜਮਾਉਣ ਵਿਚ ਫਿਰ ਸਫਲ ਹੋ ਜਾਵੇਗਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਾਸ ਕਰ ਕੇ ਦੂਸਰੀ ਤੀਸਰੀ ਕਤਾਰ ਦੇ ਆਗੂਆਂ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਕਿ ਹੁਣ ਵੀ ਮੌਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਦੇ ਸ਼ਤਾਬਦੀ ਵਰ੍ਹੇ ਵਿਚ ਇਸ ਪਰਿਵਾਰ ਨੂੰ ਦਰਕਿਨਾਰ ਕਰ ਕੇ ਪੰਜਾਬ, ਪੰਥ, ਗਰੀਬਾਂ, ਮਜ਼ਦੂਰਾਂ ਕਿਸਾਨਾਂ, ਵਪਾਰੀਆਂ ਅਤੇ ਮੁਲਾਜ਼ਮਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਨਵੇਂ ਅਕਾਲੀ ਦਲ ਦੀ ਸਥਾਪਨਾ ਵੱਲ ਕਦਮ ਵਧਾਈਏ।
ਉਨ੍ਹਾਂ ਕਿਹਾ ਕਿ ਬੜੇ ਹੀ ਦੁਖਦ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਦੇਸ਼, ਪੰਥ, ਪੰਜਾਬ ਅਤੇ ਸਿੱਖ ਕੌਮ ਲਈ ਕੁਰਬਾਨੀਆਂ ਸਹਾਦਤਾਂ ਕਰ ਕੇ ਹੋਂਦ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੀ ਹੋਂਦ ਹਸਤੀ ਦਰਸਾਉਣ ਲਈ ਦਿੱਲੀ ਦੇ ਤਖ਼ਤ ਅਤੇ ਆਰ. ਐੱਸ. ਐੱਸ. ਵਰਗੀਆਂ ਤਾਕਤਾਂ ਦੇ ਸਹਾਰਿਆਂ ਦੀ ਜ਼ਰੂਰਤ ਮਹਿਸੂਸ ਕਰਦਾ ਹੈ। ਆਪਣੇ 100 ਸਾਲ ਦੇ ਕਾਰਜਕਾਲ ਵਿਚ ਆਪਣੇ ਬਲਬੂਤੇ ’ਤੇ ਖੜਨ ਦੇ ਸਮਰੱਥ ਨਹੀਂ ਹੋ ਸਕਿਆ ਜਿਸ ਲਈ ਸਿਰਫ ਤੇ ਸਿਰਫ ਬਾਦਲ ਪਰਿਵਾਰ ਹੀ ਦੋਸ਼ੀ ਹੈ।