ਅਕਾਲੀ ਦਲ ਨੂੰ ਪੁੱਠੀ ਪੈਣ ਲੱਗੀ ਕੁੰਵਰ ਵਿਜੇ ਪ੍ਰਤਾਪ ਦੇ ਅਹੁਦੇ ''ਤੇ ਚੱਲੀ ਤਲਵਾਰ

Thursday, Apr 11, 2019 - 03:56 PM (IST)

ਅਕਾਲੀ ਦਲ ਨੂੰ ਪੁੱਠੀ ਪੈਣ ਲੱਗੀ ਕੁੰਵਰ ਵਿਜੇ ਪ੍ਰਤਾਪ ਦੇ ਅਹੁਦੇ ''ਤੇ ਚੱਲੀ ਤਲਵਾਰ

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)— ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫਤੀਸ਼ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕਰੀਬ ਸਾਢੇ ਤਿੰਨ ਵਰ੍ਹੇ ਪਹਿਲਾਂ ਮਾਲਵੇ ਦੀ ਧਰਤੀ 'ਤੇ ਵਾਪਰੇ ਉਕਤ ਘਟਨਾਕ੍ਰਮ ਨੂੰ ਲੈ ਕੇ ਲੰਬੇ ਅਰਸੇ ਤੋਂ ਸਿੱਖ ਹਿਰਦੇ ਨਸੂਰ ਵਾਂਗੂ ਰਿਸ ਰਹੇ ਸਨ ਅਤੇ ਇਸ ਤਾਜ਼ਾ ਫੈਸਲੇ ਨੇ ਨਾ ਕੇਵਲ ਇਨ੍ਹਾਂ ਰਿਸਦੇ ਜ਼ਖਮਾਂ 'ਤੇ ਨਮਕ ਹੀ ਨਹੀਂ ਛਿੜਕਿਆ ਸਗੋਂ ਇਸ ਪ੍ਰਤੀ ਆਸਵੰਦ ਨਿਆਪ੍ਰਸਤ ਧਿਰਾਂ ਦੀ ਇਨਸਾਫ ਪ੍ਰਤੀ ਆਸ 'ਚ ਮੁੜ ਤ੍ਰੇੜਾਂ ਪੈਦਾ ਕਰ ਦਿੱਤੀਆਂ ਹਨ। ਧਾਰਮਿਕ ਭਾਵਨਾਵਾਂ ਨਾਲ ਜੁੜਿਆ ਇਹ ਜਜ਼ਬਾਤੀ ਮੁੱਦਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਤਤਕਾਲੀ ਅਕਾਲੀ ਸਰਕਾਰ ਦੀ ਸ਼ੱਕੀ ਭੂਮਿਕਾ ਨੂੰ ਸਮੇਂ-ਸਮੇਂ 'ਤੇ ਬੇਨਕਾਬ ਕਰਦਾ ਰਿਹਾ ਹੈ ਅਤੇ ਅਕਾਲੀ ਦਲ ਆਪਣੇ ਸਿਆਸੀ ਗੁਨਾਹਾਂ ਦੇ ਪਰਦੇ ਕੱਜਣ ਲਈ ਇਨ੍ਹਾਂ ਕੇਸਾਂ 'ਚ ਸਿੱਧਾ ਜਾਂ ਅਸਿੱਧਾ ਦਖਲ ਦਿੰਦਾ ਰਿਹਾ ਹੈ। 
ਵਰਤਮਾਨ ਦੌਰ 'ਚ ਵੀ ਸਿੱਟ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਅਹੁਦੇ ਤੋਂ ਹਟਾਉਣਾ ਵੀ ਇਸੇ ਕੜੀ ਦਾ ਸਾਜ਼ਿਸ਼ੀ ਹਿੱਸਾ ਮੰਨਿਆ ਜਾ ਰਿਹਾ ਹੈ। ਕੇਂਦਰ ਸਰਕਾਰ 'ਚ ਭਾਈਵਾਲ ਅਕਾਲੀ ਦਲ ਵਲੋਂ ਜੋ ਦੋਸ਼ ਉਕਤ ਅਧਿਕਾਰੀ 'ਤੇ ਲਾਏ ਗਏ ਹਨ, ਉਹ ਮੌਕਾਪ੍ਰਸਤ ਤੇ ਸਿਆਸੀ ਕੜੀ ਦਾ ਹਿੱਸਾ ਤਾਂ ਮੰਨੇ ਜਾ ਸਕਦੇ ਹਨ ਪਰ ਉਨ੍ਹਾਂ ਦੋਸ਼ਾਂ 'ਚ ਅਜਿਹਾ ਕੋਈ ਵੀ ਤੱਥ ਮੌਜੂਦ ਨਹੀਂ ਹੈ ਜੋ ਸਿਟ ਦੀ ਤਫਤੀਸ਼ ਨੂੰ ਸਿਆਸੀ ਬਦਲਾਖੋਰੀ ਸਾਬਤ ਕਰਦਾ ਹੋਵੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਚੋਣ ਕਮਿਸ਼ਨ ਵੱਲੋਂ ਲਿਆ ਗਿਆ ਇਹ ਫੈਸਲਾ ਸਿਆਸਤ ਭਰਪੂਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਕਾਲੀ ਦਲ ਵੱਲੋਂ ਸਵੈ-ਰਾਹਤ ਲਈ ਖੇਡਿਆ ਇਹ ਪੈਂਤੜਾ ਪੁੱਠਾ ਪੈਂਦਾ ਜਾਪ ਰਿਹਾ ਹੈ ਕਿਉਂਕਿ ਸਿਆਸੀ ਧਿਰਾਂ ਦਾ ਤਰਕ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਸਿਟ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਣੇ ਅਤੇ ਬੇਅਦਬੀ ਦੇ ਮਾਮਲੇ 'ਤੇ ਬੁਲਾਏ ਵਿਧਾਨ ਸਭਾ ਸੈਸ਼ਨ ਦੇ ਬਾਈਕਾਟ ਤੋਂ ਬਾਅਦ ਸਿਟ ਪ੍ਰਮੁੱਖ ਖਿਲਾਫ ਇਸ ਪੱਧਰ 'ਤੇ ਜਾਣਾ ਅਕਾਲੀ ਦਲ ਦੀ ਸ਼ੱਕੀ ਕਾਰਗੁਜ਼ਾਰੀ ਦੀ ਕਿਤੇ ਨਾ ਕਿਤੇ ਪੁਸ਼ਟੀ ਕਰ ਰਿਹਾ ਹੈ। ਇਸ ਲਈ ਪੰਜਾਬ ਦੀ ਸੱਤਾਧਾਰੀ ਧਿਰ, ਵਿਰੋਧੀ ਧਿਰ ਅਤੇ ਤਮਾਮ ਪੰਥਕ ਧਿਰਾਂ ਨਿਧੜਕ ਤੇ ਨਿਰਪੱਖ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਸਮਰਥਨ 'ਚ ਖੁੱਲ੍ਹ ਕੇ ਸਾਹਮਣੇ ਆਈਆਂ ਹਨ।
ਇਹ ਕੜਵਾ ਸੱਚ ਹੈ ਕਿ ਨਿਰਪੱਖ ਕਾਰਗੁਜ਼ਾਰੀ ਤੋਂ ਉਹ ਹੀ ਲੋਕ ਡਰਦੇ ਹੁੰਦੇ ਹਨ, ਜਿਨ੍ਹਾਂ ਦੀ ਆਪਣੀ ਚਾਦਰ 'ਤੇ ਦਾਗ ਹੋਣ। ਉਕਤ ਅਧਿਕਾਰੀ ਦੀ ਕਾਰਗੁਜ਼ਾਰੀ, ਨਿਰਪੱਖਤਾ ਤੇ ਸੱਚਾਈ ਬਾਰੇ ਹਰ ਧਿਰ ਸ਼ਾਹਦੀ ਭਰਦੀ ਆਈ ਹੈ। ਜੇ ਕੁੰਵਰ ਵਿਜੇ ਪ੍ਰਤਾਪ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਸਿਟ ਵੱਲੋਂ ਗਵਾਹਾਂ ਦੇ ਜੋ ਬਿਆਨ ਕਲਮਬੱਧ ਕੀਤੇ ਗਏ ਹਨ, ਉਨ੍ਹਾਂ ਦੀ ਬਕਾਇਦਾ ਵੀਡੀਓਗ੍ਰਾਫੀ ਕੀਤੀ ਗਈ ਹੈ ਅਤੇ ਕਈਆਂ ਦੇ ਬਿਆਨ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਲਏ ਗਏ ਹਨ, ਕੀ ਅਜਿਹੀ ਸਥਿਤੀ 'ਚ ਸਿਟ ਦੀ ਕਾਰਗੁਜ਼ਰੀ ਨੂੰ ਸਿਆਸੀ ਕਿਹਾ ਜਾ ਸਕਦਾ ਹੈ?

PunjabKesari
ਦਸਮ ਪਾਤਸ਼ਾਹ ਪ੍ਰਤੀ ਅਥਾਹ ਸ਼ਰਧਾ ਰੱਖਦੇ ਹਨ ਕੁੰਵਰ ਵਿਜੇ ਪ੍ਰਤਾਪ ਸਿੰਘ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਡੇਰਾ ਮੁਖੀ ਵਲੋਂ ਰਚੇ ਸਵਾਂਗ ਆਦਿ ਦੀਆਂ ਘਟਨਾਵਾਂ ਵੀ ਇਸ ਤਫਤੀਸ਼ ਦਾ ਇਕ ਹਿੱਸਾ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨਿੱਜੀ ਤੌਰ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹਨ। ਉਨ੍ਹਾਂ ਇਸ ਕੜੀ ਨਾਲ ਜੁੜੀਆਂ ਘਟਨਾਵਾਂ ਦੀ ਤਫਤੀਸ਼ ਕਰਨ ਦੌਰਾਨ ਖੁਦ ਨੂੰ ਨਿਸ਼ਕਾਮ ਆਸਥਾ ਤੇ ਰੂਹਾਨੀ ਖਿਦਮਤ ਨਾਲ ਜੋੜਿਆ ਤੇ ਕਿਸੇ ਕਿਸਮ ਦੀ ਪੱਖਪਾਤ ਕਾਰਵਾਈ ਨੂੰ ਨਜ਼ਰਅੰਦਾਜ਼ ਕਰ ਕੇ ਡਿਊਟੀ ਨੂੰ ਧਾਰਮਕ ਸੇਵਾ ਦੇ ਰੂਪ 'ਚ ਵੇਖਿਆ।
''ਚੋਣ ਕਮਿਸ਼ਨ ਨੇ ਜੋ ਫੈਸਲਾ ਕੀਤਾ ਹੈ, ਉਸ ਪਿੱਛੇ ਮੋਦੀ ਦਾ ਦਬਾਅ ਹੈ ਤੇ ਮੋਦੀ ਦੇ ਦਬਾਅ ਦਾ ਮੁੱਖ ਕਾਰਨ ਬਾਦਲਾਂ ਦੀ ਭਾਈਵਾਲੀ ਹੈ। ਆਮ ਤੌਰ 'ਤੇ ਚੋਣ ਕਮਿਸ਼ਨ ਦਾ ਕੰਮ ਉਮੀਦਵਾਰਾਂ ਤੇ ਪ੍ਰਸ਼ਾਸਨ 'ਤੇ ਨਿਗ੍ਹਾ ਰੱਖਣਾ ਹੁੰਦਾ ਹੈ ਪਰ ਜੋ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਤਫਤੀਸ਼ ਕਰਦਾ ਹੋਵੇ ਉਸ ਨੂੰ ਅਜਿਹੀ ਕਾਰਵਾਈ ਦਾ ਸ਼ਿਕਾਰ ਬਣਾਉਣਾ ਰਾਜਸੀ ਸੋਚ ਦਾ ਹਿੱਸਾ ਹੈ ਪਰ ਇਹ ਸੱਚ ਪ੍ਰਗਟ ਹੋ ਕੇ ਰਹੇਗਾ।'–ਸੁਖਦੇਵ ਸਿੰਘ ਭੌਰ, ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ
''ਸਮੂਹ ਸੰਗਤਾਂ ਨੂੰ ਇਸ ਦਾ ਖੁੱਲ੍ਹ ਕੇ ਵਿਰੋਧ ਕਰਨਾ ਚਾਹੀਦਾ ਹੈ। ਇਹ ਚੋਣ ਕਮਿਸ਼ਨ ਦੀ ਨਿਰਪੱਖਤਾ ਦੇ ਨਾਂ ਹੇਠ ਕੱਢੀ ਗਈ ਸਿਆਸੀ ਕਿੜ ਹੈ, ਜਿਸ ਨੂੰ ਸਮੁੱਚਾ ਜਗਤ ਜਾਣਦਾ ਹੈ।'–ਭਾਈ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਸਰਬੱਤ ਖਾਲਸਾ
''ਬਾਦਲਾਂ ਨੇ ਇਸ ਹਰਕਤ ਪਿੱਛੇ ਅਹਿਮ ਭੂਮਿਕਾ ਨਿਭਾਅ ਕੇ ਇਕ ਵਾਰ ਮੁੜ ਸਿੱਖ ਸਿਧਾਤਾਂ ਦੀ ਪਿੱਠ 'ਚ ਛੁਰਾ ਖੋਭਿਆ ਹੈ ਤੇ ਆਪਣੇ ਗੁਨਾਹਾਂ ਦੀ ਪੁਸ਼ਟੀ ਕੀਤੀ ਹੈ। ਸੱਚ ਤੋਂ ਉਹੀ ਲੋਕ ਡਰਦੇ ਹੁੰਦੇ ਹਨ, ਜਿਨ੍ਹਾਂ ਨੂੰ ਸੱਚ ਦਾ ਸੇਕ ਲੱਗਦਾ ਹੈ ਤੇ ਜੋ ਲੋਕ ਸੱਚੇ ਹੁੰਦੇ ਹਨ, ਉਹ ਸੱਚ ਦਾ ਸਾਹਮਣਾ ਕਰਦੇ ਹਨ। ਬਰਗਾੜੀ ਤੇ ਬਹਿਬਲ ਕਲਾਂ ਕਾਂਡ 'ਚ ਅਕਾਲੀਆਂ ਦੀ ਭੂਮਿਕਾ ਕਿਸ ਤੋਂ ਗੁੱਝੀ ਨਹੀ।'–ਬਰਿੰਦਰ ਸਿੰਘ ਢਿੱਲੋਂ, ਮੁੱਖ ਬੁਲਾਰਾ ਪੰਜਾਬ ਕਾਂਗਰਸ
''ਸਿਟ ਕਈ ਮਹੀਨਿਆਂ ਤੋਂ ਨਿਰਪੱਖ ਤਫਤੀਸ਼ ਕਰ ਰਹੀ ਸੀ ਅਤੇ ਬਾਦਲ ਗੁੱਟ ਨੂੰ ਛੱਡ ਕੇ ਸਮੁੱਚੀਆਂ ਸਰਕਾਰੀ ਤੇ ਗੈਰ-ਸਰਕਾਰੀ ਧਿਰਾਂ ਇਸ ਤੋਂ ਸੰਤੁਸ਼ਟ ਸਨ ਪਰ ਇਕੱਲੇ ਬਾਦਲਾਂ ਦੇ ਕਹਿਣ ਅਤੇ ਮੋਦੀ ਦੇ ਦਬਾਅ 'ਤੇ ਇਕ ਈਮਾਨਦਾਰ ਅਧਿਕਾਰੀ ਨੂੰ ਬੇਇੱਜ਼ਤ ਕਰਨ ਦੀ ਜੋ ਕੋਸ਼ਿਸ਼ ਕੀਤੀ ਗਈ ਹੈ ਅਸੀਂ ਉਸ ਨੂੰ ਬਰਦਾਸ਼ਤ ਨਹੀ ਕਰਾਂਗੇ ਤੇ ਇਸ ਦਾ ਹਰ ਪੱਖੋਂ ਵਿਰੋਧ ਕਰਾਂਗੇ।'–ਹਰਸੁੱਖਇੰਦਰ ਸਿੰਘ ਬੌਬੀ ਬਾਦਲ, ਪ੍ਰਧਾਨ ਯੂਥ ਅਕਾਲੀ ਦਲ (ਟਕਸਾਲੀ)
''ਕੁਦਰਤ ਦਾ ਅਟੱਲ ਨਿਯਮ ਹੈ ਕਿ ਪਾਪਾਂ ਦਾ ਘੜਾ ਅੰਤ ਭਰ ਕੇ ਉਛਲਦਾ ਹੁੰਦਾ ਹੈ। ਇਹੋ ਸਥਿਤੀ 'ਤੇ ਅੱਜ ਬਾਦਲ ਗੁੱਟ ਆ ਖੜ੍ਹਾ ਹੈ। ਇਸ ਨੇ ਬਰਗਾੜੀ ਤੇ ਬਹਿਬਲ ਕਲਾਂ ਕਾਂਡ 'ਚ ਆਪਣੇ ਗੁਨਾਹ ਕਬੂਲਣ ਦੀ ਥਾਂ ਹਰ ਵਾਰ ਸੱਚਾਈ ਨੂੰ ਦਰੜ ਦੇਣ ਦਾ ਭਰਮ ਪਾਲਿਆ ਹੈ ਪਰ ਹਰ ਵਾਰ ਸ਼ਰਮਿੰਦੇ ਹੋਣਾ ਪਿਆ। ਇਹੋ ਕੁਝ ਹੁੰਦਾ ਆਇਆ ਹੈ ਤੇ ਇਹ ਕੁਝ ਹੁਣ ਹੋਵੇਗਾ।'–ਜੈ ਸਿੰਘ ਰੌੜੀ, ਵਿਧਾਇਕ ਗੜ੍ਹਸ਼ੰਕਰ


author

shivani attri

Content Editor

Related News