ਏ. ਆਈ. ਜੀ. ਸਰੀਨ ਦੀ ਮਾਂ ਦੀ ਹੱਤਿਆ ਦਾ ਕੇਸ ਨਹੀਂ ਹੋਇਆ ਟਰੇਸ

10/02/2018 3:38:52 PM

ਜਲੰਧਰ (ਮਹੇਸ਼)— ਪੰਜਾਬ ਪੁਲਸ ਦੇ ਏ. ਆਈ. ਜੀ. ਸਰੀਨ ਕੁਮਾਰ ਪ੍ਰਭਾਕਰ ਦੀ ਮਾਂ ਸ਼ੀਲਾ ਰਾਣੀ ਪ੍ਰਭਾਕਰ (78) ਦੀ 17 ਸਤੰਬਰ ਨੂੰ ਲੁਟੇਰਿਆਂ ਵੱਲੋਂ ਉਨ੍ਹਾਂ ਦੇ ਸਾਰੇ ਗਹਿਣੇ ਉਤਾਰਨ ਤੋਂ ਬਾਅਦ ਮੂੰਹ ਦਬਾ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਨੂੰ ਅਜੇ ਤੱਕ ਕਮਿਸ਼ਨਰੇਟ ਪੁਲਸ ਟਰੇਸ ਨਹੀਂ ਕਰ ਸਕੀ ਹੈ ਅਤੇ ਨਾ ਹੀ 27 ਜੁਲਾਈ ਨੂੰ ਰਾਮਾ ਮੰਡੀ ਮੇਨ ਰੋਡ 'ਤੇ ਅਜੇ ਕੁਮਾਰ ਡੋਨਾ (30) 'ਤੇ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਹਤਿਆਰਿਆਂ 'ਚ ਸ਼ਾਮਲ ਮੁੱਖ ਮੁਲਜ਼ਮ ਅਰਜੁਨ ਸਹਿਗਲ ਤੇ ਉਸ ਦੇ 2 ਹੋਰ ਸਾਥੀਆਂ ਤੱਕ ਪਹੁੰਚ ਸਕੀ ਹੈ। ਹਾਲਾਂਕਿ ਡੋਨਾ ਦੇ ਕੇਸ 'ਚ ਪੁਲਸ ਨੇ 3 ਮੁਲਜ਼ਮਾਂ ਜਗਦੀਪ ਸਿੰਘ ਉਰਫ ਜੱਗਾ, ਯੋਗਰਾਜ ਸਿੰਘ ਉਰਫ ਜੋਗਾ ਅਤੇ ਮੁਕੇਸ਼ ਕੁਮਾਰ ਉਰਫ ਲਾਲਾ ਨੂੰ ਗ੍ਰਿਫਤਾਰ ਕਰ ਲਿਆ ਸੀ ਜੋ ਕਿ ਜੇਲ 'ਚ ਸਜ਼ਾ ਕੱਟ ਰਹੇ ਹਨ। ਇਸ ਮਾਮਲੇ 'ਚ ਫਰਾਰ ਮੁੱਖ ਮੁਲਜ਼ਮ ਅਰਜਨ ਸਹਿਗਲ ਪੁੱਤਰ ਅਸ਼ਵਨੀ ਸਹਿਗਲ ਵਾਸੀ ਸੈਂਟਰਲ ਟਾਊਨ ਅਤੇ ਉਸ ਦੇ 2 ਹੋਰ ਸਾਥੀ ਮੁਕੁਲ ਸ਼ੇਰਗਿੱਲ ਵਾਸੀ ਦਿਓਲ ਨਗਰ, ਥਾਣਾ ਭਾਰਗੋ ਕੈਂਪ ਅਤੇ ਗੁਰਵਿੰਦਰ ਸਿੰਘ ਬਾਬਾ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਫੋਲੜੀਵਾਲ ਥਾਣਾ ਸਦਰ, ਜਲੰਧਰ ਅਜੇ ਤੱਕ ਪੁਲਸ ਦੇ ਹੱਥ ਨਹੀਂ ਲੱਗ ਸਕੇ ਹਨ। 

ਨਵੇਂ ਪੁਲਸ ਕਮਿਸ਼ਨਰ ਆਉਣ ਨਾਲ ਜਾਗੀ ਉਮੀਦ
ਨਵੇਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਆਉਣ ਨਾਲ ਸ਼ੀਲਾ ਰਾਣੀ ਪ੍ਰਭਾਕਰ ਅਤੇ ਅਜੇ ਕੁਮਾਰ ਡੋਨਾ ਦੀਆਂ ਹੱਤਿਆਵਾਂ ਦੇ ਕੇਸ ਟਰੇਸ ਹੋਣ ਦੀਆਂ ਉਮੀਦਾਂ ਦੋਵਾਂ ਪੀੜਤ ਪਰਿਵਾਰਾਂ ਨੂੰ ਜਾਗੀਆਂ ਹਨ। ਸ਼ੀਲਾ ਰਾਣੀ ਪ੍ਰਭਾਕਰ ਅਤੇ ਅਜੇ ਡੋਨਾ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਨਵੇਂ ਸੀ. ਪੀ. ਦੀ ਨਿਯੁਕਤੀ ਨਾਲ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਜਲਦ ਹੀ ਮੁਲਜ਼ਮਾਂ ਨੂੰ ਬੇਨਕਾਬ ਕਰਨਗੇ।

ਅਰਜੁਨ 'ਤੇ 6 ਅਤੇ ਬਾਬਾ 'ਤੇ ਵੀ ਕਈ ਕੇਸ ਦਰਜ
ਅਜੇ ਡੋਨਾ 'ਤੇ ਗੋਲੀਆਂ ਚਲਾਉਣ ਵਾਲੇ ਫਰਾਰ ਮੁਲਜ਼ਮ ਅਰਜੁਨ ਸਹਿਗਲ 'ਤੇ ਵੱਖ-ਵੱਖ ਥਾਣਿਆਂ 'ਚ 6 ਕੇਸ ਦਰਜ ਹਨ, ਜਿਨ੍ਹਾਂ 'ਚ ਥਾਣਾ ਨੂਰਮਹਿਲ, ਥਾਣਾ ਸਦਰ, ਥਾਣਾ ਨੰ. 7, ਥਾਣਾ ਨੰ. 4, ਥਾਣਾ ਪਤਾਰਾ 'ਚ ਕੇਸ ਦਰਜ ਹਨ। ਫਰਾਰ ਮੁਲਜ਼ਮ ਗੁਰਵਿੰਦਰ ਸਿੰਘ ਬਾਬਾ 'ਤੇ ਵੀ ਅੱਧਾ ਦਰਜਨ ਤੋਂ ਜ਼ਿਆਦਾ ਕੇਸ ਦਰਜ ਹਨ। ਥਾਣਾ ਲਾਂਬੜਾ, ਥਾਣਾ ਨੰ. 7, ਥਾਣਾ ਨੰ. 6, ਥਾਣਾ ਨੰ. 4 ਤੇ ਥਾਣਾ ਸਿਟੀ ਹੁਸ਼ਿਆਰਪੁਰ 'ਚ ਵੀ ਕੇਸ ਦਰਜ ਹਨ।

ਨਵੇਂ ਸੀ. ਪੀ. ਨੇ ਵਾਰਦਾਤ ਵਾਲੀ ਜਗ੍ਹਾ 'ਤੇ ਕੀਤੀ ਜਾਂਚ
ਇਸ ਕਤਲ ਕੇਸ ਨੂੰ ਟਰੇਸ ਕਰਨ ਲਈ ਅੱਜ ਨਵੇਂ ਤਾਇਨਾਤ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਵਾਰਦਾਤ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਵੱਖ-ਵੱਖ ਪਹਿਲੂਆਂ ਨਾਲ ਜਾਂਚ ਕੀਤੀ। ਉਨ੍ਹਾਂ ਨਾਲ ਡੀ. ਸੀ. ਪੀ. ਪੀ. ਐੱਸ. ਪਰਮਾਰ, ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਵੀ ਮੌਜੂਦ ਰਹੇ। ਇਸ ਦੌਰਾਨ ਨਵੇਂ ਸੀ. ਪੀ. ਨੇ ਕਤਲ ਕੀਤੀ ਗਈ ਸ਼ੀਲਾ ਰਾਣੀ ਪ੍ਰਭਾਕਰ ਦੇ ਬੇਟੇ ਏ. ਆਈ. ਜੀ. ਸਰੀਨ ਕੁਮਾਰ ਪ੍ਰਭਾਕਰ ਨਾਲ ਵੀ ਗੱਲ ਕੀਤੀ ਤੇ ਪੂਰੇ ਮਾਮਲੇ ਦੀ ਉਨ੍ਹਾਂ ਕੋਲੋਂ ਜਾਣਕਾਰੀ ਹਾਸਲ ਕੀਤੀ। ਸੀ. ਪੀ. ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਸ ਜਲਦ ਹੀ ਸ਼ੀਲਾ ਰਾਣੀ ਦੇ ਹੱਤਿਆਰਿਆਂ ਨੂੰ ਬੇਨਕਾਬ ਕਰੇਗੀ।


Related News