ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦਾ ਤਿੰਨ ਦਿਨਾਂ ਦਾ ਸ਼ਹੀਦੀ ਜੋੜ ਮੇਲਾ ਸਮਾਪਤ

Sunday, Dec 15, 2024 - 07:11 PM (IST)

ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦਾ ਤਿੰਨ ਦਿਨਾਂ ਦਾ ਸ਼ਹੀਦੀ ਜੋੜ ਮੇਲਾ ਸਮਾਪਤ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਤਿੰਨ ਰੋਜ਼ਾ ਸਹੀਦੀ ਜੋੜ ਮੇਲਾ ਅੱਜ ਸਮਾਪਤ ਹੋ ਗਿਆ ਅਤੇ ਇਸ ਦੇ ਨਾਲ ਹੀ ਸ਼ਹੀਦੀ ਪੰਦਰਵਾੜੇ ਦੀ ਅੱਜ ਤੋਂ ਅਰੰਭਤਾ ਹੋ ਗਈ ਹੈ। ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਵਿਖੇ ਅੱਜ ਪਿਛਲੇ ਦਿਨ ਤੋਂ ਆਰੰਭ ਹੋਏ ਪੰਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ ਪਾਏ ਗਏ, ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ।

ਕੀ ਹੈ ਇਤਿਹਾਸ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਅਤੇ ਹੋਰ ਸਿੰਘਾਂ ਸਮੇਤ ਕਿਲਾ ਅਨੰਦਗੜ੍ਹ ਸਾਹਿਬ ਛੱਡਣ ਉਪਰੰਤ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਤੋਂ ਚਾਲੇ ਪਾਏ ਤਾਂ ਸ੍ਰੀ ਕੀਰਤਪੁਰ ਸਾਹਿਬ ਲੰਘਣ ਉਪਰੰਤ ਮੁਗਲਾਂ ਨੇ ਕੁਰਾਨ ਅਤੇ ਪਹਾੜੀ ਰਾਜਿਆਂ ਨੇ ਗਊ ਦੀਆਂ ਕਸਮਾਂ ਨੂੰ ਤੋੜਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ 'ਤੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਅਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਜੀ ਸ਼ਾਹੀ ਟਿੱਬੀ ਸਰਸਾ ਨਦੀ ਦੇ ਕਿਨਾਰੇ ਦੇ ਅਸਥਾਨ 'ਤੇ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਇਸ ਦੌਰਾਨ ਉਸ ਸਮੇਂ ਦੂਜੇ ਪਾਸੇ ਗੁਰੂ ਦੇ ਲਾਲ ਅਤੇ ਸਿੰਘ ਮੁਗਲ ਫ਼ੌਜਾਂ ਨਾਲ ਜੰਗ ਕਰ ਰਹੇ ਸਨ। ਉਸ ਦੇ ਨਾਲ ਹੀ ਆਸਾ ਦੀ ਵਾਰ ਦੇ ਕੀਰਤਨ ਦੇ ਭੋਗ ਪੈਣ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਚਾਲੇ ਪਾਏ ਅਤੇ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਠਾਠਾ ਮਾਰਦੀ ਸਰਸਾ ਨਦੀ ਦੇ ਭੇਟ ਚੜ੍ਹ ਕੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ। 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਘਨੌਲੇ ਤੋਂ ਹੁੰਦੇ ਹੋਏ ਸ਼੍ਰੀ ਚਮਕੌਰ ਸਾਹਿਬ ਪਹੁੰਚ ਗਏ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਸਰਸਾ ਦੇ ਦੂਜੇ ਕਿਨਾਰੇ ਕੁੰਮੇ ਮਾਸ਼ਕੀ ਦੇ ਕੋਲ ਪਹੁੰਚ ਗਏ। ਇਸ ਤਰਾਂ ਸਰਸਾ ਦੇ ਕਹਿਰ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਇਸੇ ਪਰਿਵਾਰ ਵਿਛੋੜੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਅਤੇ ਸ਼ਹੀਦੀ ਪੰਦਰਵਾੜੇ ਤੇ ਸ਼ਹੀਦੀ ਜੋੜ ਮੇਲ ਸਮਾਗਮਾਂ ਦੀ ਆਰੰਭਤਾ ਇਸ ਪਾਵਨ ਅਸਥਾਨ ਤੋਂ 29,30 ਮੱਘਰ ਅਤੇ 1 ਪੋਹ ਨੂੰ ਸਮਾਗਮ ਕਰਵਾ ਕੇ ਕੀਤੀ ਜਾਂਦੀ ਹੈ। ਜਿਸ ਦੇ ਤਹਿਤ ਅੱਜ 1 ਪੋਹ ਵਾਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਹਰਜੋਤ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਨਵਨੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਪਤਾਲਪੁਰੀ ਸਾਹਿਬ ,ਮਨਪ੍ਰੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਪਤਾਲਪੁਰੀ ਸਾਹਿਬ, ਜਸਵੀਰ ਸਿੰਘ ਮੋਹਲਕੇ ਢਾਡੀ ਜੱਥਾ , ਜਗਦੀਪ ਸਿੰਘ ਵਡ਼ੈਚ ਕਵੀਸ਼ਰ, ਗੁਰਵਿੰਦਰ ਸਿੰਘ ਬੈਂਸ ਢਾਡੀ ਜੱਥਾ ਭਰਤਗੜ੍ਹ, ਕੁਲਦੀਪ ਸਿੰਘ ਦੁਬਰਜੀ ਪ੍ਰਚਾਰਕ ਆਦਿ ਵੱਲੋਂ ਸੰਗਤ ਨੂੰ ਕੀਰਤਨ, ਵਾਰਾਂ, ਕਥਾ ਰਾਹੀਂ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੜਨ ਦਾ ਹਾਲ ਸੁਣਾਇਆ। ਇਸ ਮੌਕੇ ਪਰਿਵਾਰ ਵਿਛੋਡ਼ਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ । 

ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਇਤਿਹਾਸ ਨਾਲ ਜੋੜਿਆ ਕਿ ਕਿਵੇਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸ ਅਸਥਾਨ 'ਤੇ ਸਿੱਖ ਕੌਮ ਨੂੰ ਸੇਧ ਦਿੱਤੀ ਹੈ ਕਿ ਸਿੱਖ ਦੇ ਜੀਵਨ ਵਿੱਚ ਅਮ੍ਰਿਤ ਵੇਲੇ ਦੀ ਸੰਭਾਲ, ਨਿਤਨੇਮ ਕਿੰਨਾ ਜ਼ਰੂਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਜਦੋਂ ਇਕ ਪਾਸੇ ਜੰਗ ਹੋ ਰਿਹਾ ਸੀ ਅਤੇ ਦੂਜੇ ਪਾਸੇ ਆਪ ਆਸਾ ਦੀ ਵਾਰ ਦੇ ਕੀਰਤਨ ਕਰਕੇ ਪ੍ਰਤੱਖ ਪ੍ਰਮਾਣ ਦੇ ਕੇ ਸਿੱਖਾ ਨੂੰ ਸਮਝਾਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਵੀ ਕੀਤੀ ਗਈ ਹੈ ਕਿ ਇਸ ਸ਼ਹੀਦੀ ਪੰਦਰਵਾੜੇ ਅਤੇ ਸ਼ਹੀਦੀ ਜੋੜ ਮੇਲ ਸਮਾਗਮਾਂ ਦੌਰਾਨ ਮਿੱਠੇ ਪਦਾਰਥ ਬਣਾਉਣ ਤੋਂ ਸੰਕੋਚ ਕੀਤਾ ਜਾਵੇ ਅਤੇ ਇਹ ਸ਼ਹੀਦੀ ਪੰਦਰਵਾੜੇ ਸ਼ਹੀਦੀ ਜੋੜ ਮੇਲ ਸਮਾਗਮਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਮਿੱਠੇ ਪਦਾਰਥ ਸੰਗਤਾਂ ਨੂੰ ਨਾ ਛਕਾਏ ਜਾਣ ਅਤੇ ਸਾਦੇ ਲੰਗਰ ਦਿੱਤੇ ਜਾਣ। ਹਰ ਇਕ ਗੁਰੂ ਦਾ ਸਿੱਖ ਨਿਮਰਤਾ ਨਾਲ ਗੁਰੂ ਘਰਾਂ ਵਿੱਚ ਮੱਥਾ ਟੇਕਣ ਲਈ ਜਾਵੇ।

ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸੰਗਤਾਂ ਦੇ ਨਾਲ ਧਾਰਮਿਕ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਇਸ ਸ਼ਹੀਦੀ ਪੰਦਰਵਾੜੇ ਦਾ ਸਿੱਖ ਕੌਮ ਦੇ ਨਾਲ-ਨਾਲ ਸਾਰੇ ਸੰਸਾਰ ਵਿੱਚ ਬਹੁਤ ਹੀ ਖ਼ਾਸ ਮਹੱਤਵ ਹੈ। ਇਸ ਸ਼ਹੀਦੀ ਪੰਦਰਵਾੜੇ ਮੌਕੇ ਸਾਰੇ ਸੰਸਾਰ ਦੇ ਲੋਕ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਅਤੇ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰ ਅੱਖਾਂ ਨਮ ਕਰਕੇ ਯਾਦ ਕਰਦੇ ਹਨ ਅਤੇ ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦੀ ਪੰਦਰਵਾੜਾ ਅਤੇ ਸ਼ਹੀਦੀ ਜੋੜ ਮੇਲ ਸਮਾਗਮਾਂ ਨੂੰ ਸਾਦੇ ਢੰਗ ਨਾਲ ਮਨਾਉਣੇ ਚਾਹੀਦੇ ਹਨ।  ਸ਼ਹੀਦੀ ਪੰਦਰਵਾੜੇ ਦੌਰਾਨ ਸੰਗਤਾਂ ਰੋਜ਼ਾਨਾ ਪਾਠ ਕਾਰਨ, ਕੋਈ ਵੀ ਖ਼ੁਸ਼ੀ ਵਾਲਾ ਸਮਾਗਮ ਨਾ ਕਰਨ, ਆਪਣੇ ਬੱਚਿਆਂ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਦੀ ਸ਼ਹੀਦੀ ਅਤੇ ਸਿੰਘਾਂ ਸਿੰਘਣੀਆਂ ਦੀ ਸ਼ਹੀਦੀ ਦੇ ਇਤਿਹਾਸ ਬਾਰੇ ਜ਼ਰੂਰ ਦੱਸਣ ਤਾਂ ਜੋ ਸਾਡੇ ਬੱਚਿਆਂ ਨੂੰ ਆਪਣੇ ਕੁਰਬਾਨੀਆਂ ਭਰੇ ਧਰਮ ਅਤੇ ਇਤਿਹਾਸ ਬਾਰੇ ਪਤਾ ਲੱਗ ਸਕੇ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਮੁੜ ਇੱਕਠਾ ਹੋਵੇਗਾ ਸੰਯੁਕਤ ਕਿਸਾਨ ਮੋਰਚਾ, 23 ਦਸੰਬਰ ਲਈ ਕਰ 'ਤਾ ਵੱਡਾ ਐਲਾਨ

ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾਂ ਨੇ ਵੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸ਼ਹੀਦੀ ਪੰਦਰਵਾੜੇ ਦੇ 15 ਦਿਨਾਂ ਦੇ ਵਿੱਚ ਹੀ ਪਹਿਲਾਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ। ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ, ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿੱਚ ਨੀਹਾਂ ਵਿੱਚ ਚਣਵਾ ਦਿੱਤਾ ਗਿਆ, ਇਸ ਸਹੀਦੀ ਪੰਦਰਵਾੜੇ ਦੌਰਾਨ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘਾਂ ਵੱਲੋਂ ਸ਼ਹੀਦੀ ਪ੍ਰਾਪਤ ਕੀਤੀ ਗਈ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸ਼ਹੀਦੀ ਪੰਦਰਵਾੜੇ ਦੌਰਾਨ ਆਪਣੇ ਬੱਚਿਆਂ ਨੂੰ ਵੀ ਗੁਰੂ ਘਰਾਂ ਦੇ ਦਰਸ਼ਨ ਜ਼ਰੂਰ ਕਰਵਾਉਣ ਅਤੇ ਉਨ੍ਹਾਂ ਨੂੰ ਆਪਣੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ ਜਾਵੇ।

ਇਸ ਮੌਕੇ ਸੰਗਤ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੈਂਬਰ ਡਾਕਟਰ ਦਲਜੀਤ ਸਿੰਘ ਭਿੰਡਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਵੀ ਸੰਬੋਧਨ ਕਰਦੇ ਹੋਏ ਸਿੱਖ ਇਤਿਹਾਸ ਬਾਰੇ ਸਹੀਦੀ ਪੰਦਰਵਾੜੇ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਇਲਾਕੇ ਅਤੇ ਪੰਜਾਬ ਦੀ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾ ਸਵੇਰ ਤੋਂ ਹੀ ਗੁਰਦੁਆਰਾ ਪਰਿਵਾਰ ਵਿਛੜਾ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਸਨ।  ਇਸ ਮੌਕੇ ਸੰਗਤ ਲਈ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ, ਸਰਸਾ ਨੰਗਲ ਅਤੇ ਕੋਟਬਾਲਾ ਪਿੰਡ ਦੀ ਸੰਗਤ ਵੱਲੋਂ ਗੁਰੂ ਦੇ ਲੰਗਰ ਲਗਾਏ ਗਏ।

ਇਸ ਮੌਕੇ ਹਾਜ਼ਰ ਸੰਗਤ ਵਿੱਚ ਭਾਈ ਪਰਮਜੀਤ ਸਿੰਘ ਲੱਖੇਵਾਲ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਾਈ ਮਲਕੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਹੈਪੀ, ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਭਾਈ ਸੰਦੀਪ ਸਿੰਘ ਕਲੋਤਾ, ਗੁਰਿੰਦਰ ਸਿੰਘ ਗੋਗੀ, ਭਾਈ ਦਵਿੰਦਰ ਸਿੰਘ ਇੰਚਾਰਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਭਾਈ ਗੁਰਮੇਲ ਸਿੰਘ, ਭਾਈ ਹਰਮੀਤ ਸਿੰਘ ਲੰਗਰ ਜਥੇਦਾਰ, ਭਾਈ ਗੁਰਦਿੱਤ ਸਿੰਘ ਗ੍ਰੰਥੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ,ਜਗਤਾਰ ਸਿੰਘ ਪ੍ਰਚਾਰਕ, ਅੰਮ੍ਰਿਤਪਾਲ ਸਿੰਘ ਆਦਿ ਤੋਂ ਇਲਾਵਾ ਭਾਰੀ ਤਾਦਾਦ ਵਿੱਚ ਸੰਗਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ-  Alert! ਕਿਤੇ ਤੁਹਾਨੂੰ ਵੀ ਤਾਂ ਨਹੀਂ ਆਉਂਦੇ ਇਨ੍ਹਾਂ ਨੰਬਰਾਂ ਤੋਂ ਫੋਨ, ਸਿਰਫ਼ 3 ਸੈਕਿੰਡ 'ਚ ਹੋ ਸਕਦੈ...


author

shivani attri

Content Editor

Related News