ਭਾਜਪਾ ਆਗੂ ਨਿਮਿਸ਼ਾ ਮਹਿਤਾ ਦੀ ਅਗਵਾਈ ’ਚ ਸਰਪੰਚਾਂ ਅਤੇ ਨੰਬਰਦਾਰਾਂ ਵੱਲੋਂ ਜਾਖੜ ਖ਼ਿਲਾਫ਼ DSP ਨੂੰ ਸ਼ਿਕਾਇਤ

04/09/2022 6:28:09 PM

ਗੜ੍ਹਸ਼ੰਕਰ (ਬਿਊਰੋ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਨੁਸੂਚਿਤ ਜਾਤੀ ਭਾਈਚਾਰੇ ਖ਼ਿਲਾਫ਼ ਕੀਤੀ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਦੀ ਅਗਵਾਈ ’ਚ ਭਾਜਪਾ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਪੰਚਾਂ, ਸਰਪੰਚਾਂ ਤੇ ਨੰਬਰਦਾਰਾਂ ਵੱਲੋਂ ਵੱਲੋਂ ਗੜ੍ਹਸ਼ੰਕਰ ਦੇ ਡੀ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਗਈ ਹੈ। ਡੀ. ਐੱਸ. ਪੀ. ਸ਼ਿਕਾਇਤ ਦਿੰਦਿਆਂ ਉਨ੍ਹਾਂ ਕਿਹਾ ਕਿ ਜਾਖੜ ਦੀ ਸੋਸ਼ਲ ਮੀਡੀਆ ’ਤੇ ਚੱਲ ਰਹੀ ਇੰਟਰਵਿਊ ’ਚ ਉਹ ਐੱਸ. ਸੀ. ਸਮਾਜ ਨੂੰ ਅਪਮਾਨਿਤ ਕਰਨ ਵਾਲੀਆਂ ਟਿੱਪਣੀਆਂ ਕਰ ਰਹੇ ਹਨ। ਇਨ੍ਹਾਂ ਅਪਮਾਨਜਨਕ ਟਿੱਪਣੀਆਂ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੰਦਰਭ ’ਚ ਕੀਤੀਆਂ ਗਈਆਂ ਹਨ।

ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਸ ਵੀਡੀਓ ਤੋਂ ਜਾਖੜ ਦੀ ਅੰਦਰੂਨੀ ਮਾਨਸਿਕਤਾ ਬਾਹਰ ਆਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਕਾਂਗਰਸ ਹਾਈਕਮਾਨ ਵੱਲੋਂ ਇਸ ਮਾਮਲੇ ’ਚ ਧਾਰੀ ਗਈ ਚੁੱਪੀ ਇਹ ਸਿੱਧ ਕਰਦੀ ਹੈ ਕਿ ਉਨ੍ਹਾਂ ਨੂੰ ਅਨੁਸੂਚਿਤ ਜਾਤੀ ਭਾਈਚਾਰੇ ਦੇ ਅਪਮਾਨ ਦਾ ਕੋਈ ਦੁੱਖ ਨਹੀਂ ਹੈ। ਜੇ ਹਾਈਕਮਾਨ ਨੂੰ ਇਨ੍ਹਾਂ ਅਪਮਾਨਜਨਕ ਟਿੱਪਣੀਆਂ ਦਾ ਕੋਈ ਦੁੱਖ ਹੁੰਦਾ ਤਾਂ ਉਹ ਜਾਖੜ ਖ਼ਿਲਾਫ਼ ਕਾਰਵਾਈ ਕਰ ਕੇ ਪਾਰਟੀ ’ਚੋਂ ਬਾਹਰ ਕੱਢੇ ਦਿੰਦੇ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਾਖੜ ਦੇ ਇਸ ਬਿਆਨ ਤੋਂ ਬਾਅਦ ਕਈ ਥਾਵਾਂ ’ਤੇ ਰੋਸ ਮੁਜ਼ਾਹਰੇ ਹੋ ਚੁੱਕੇ ਹਨ ਤੇ ਦਰਖਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼ਾਇਦ ਐੱਸ. ਸੀ. ਭਾਈਚਾਰੇ ਦੀ ਬੇਇੱਜ਼ਤੀ ਦਾ ਨਾ ਕੋਈ ਦਰਦ ਤੇ ਇਤਰਾਜ਼ ਹੈ।

ਇਸੇ ਲਈ ‘ਆਪ’ ਸਰਕਾਰ ਵੱਲੋਂ ਵੀ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਸਾਰੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕੁਝ ਦਿਨਾਂ ਵਿਚ ਇਸ ਮਸਲੇ ’ਚ ਐੱਫ. ਆਰ. ਆਈ. ਸੁਨੀਲ ਜਾਖੜ ਵਿਰੁੱਧ ਨਾ ਦਰਜ ਕਰਕੇ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਦਾ ਰਸਤਾ ਅਖਤਿਆਰ ਕਰਦਿਆਂ ਗੜ੍ਹਸ਼ੰਕਰ ਵਿਚ ਵੱਡਾ ਧਰਨਾ ਦੇਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਚ ਪੁਰਸ਼ੋਤਮ ਪਾਲਦੀ, ਚੂੜ ਸਿੰਘ, ਬਹਾਦਰ ਸਿੰਘ, ਸਤਵਿੰਦਰ ਸਿੰਘ, ਵਿਜੇ ਕੁਮਾਰ, ਸੁੱਖੀ, ਬਲਵਿੰਦਰ ਕੁਮਾਰ, ਸੰਜੀਵ ਲੋਈ, ਰਾਜਕੁਮਾਰ, ਰਾਜਿੰਦਰ ਕੁਮਾਰ ਪੰਚ, ਕੁਲਦੀਪ ਸਿੰਘ ਤੇ ਕਈ ਹੋਰ ਹਾਜ਼ਰ ਸਨ।


Manoj

Content Editor

Related News