ਸਚਿਨ ਜੈਨ ਕਤਲ ਕਾਂਡ ’ਚ ਸ਼ਾਮਲ 3 ਹੋਰ ਸ਼ੱਕੀ ਮੁਲਜ਼ਮ ਗ੍ਰਿਫ਼ਤਾਰ, ਦੀਪਕ ਰਿਮਾਂਡ ''ਤੇ

07/23/2021 2:01:22 PM

ਜਲੰਧਰ (ਵਰੁਣ)– ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਦੀ ਕਤਲ ਦੇ ਮਾਮਲੇ ਵਿਚ ਪੁਲਸ ਨੇ 3 ਹੋਰ ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵਿਚ ਅਰਸ਼ਦੀਪ ਅਤੇ ਸਾਹਿਲ ਵੀ ਸ਼ਾਮਲ ਹਨ ਪਰ ਪੁਲਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ। ਪੁਲਸ ਵੱਲੋਂ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੀਪਕ ਨੂੰ ਪੁੱਛਗਿੱਛ ਲਈ 4 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਵਾਰਦਾਤ ਵਿਚ ਵਰਤਿਆ ਪਿਸਤੌਲ ਵੀ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ: ਟਾਂਡਾ ਦੀ ਵਿਆਹੁਤਾ ਦਾ ਕੈਨੇਡਾ 'ਚ ਕਤਲ ਕਰਨ ਵਾਲੇ ਪਤੀ ਨੇ ਨਦੀ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਪੁਲਸ ਨੇ ਆਦਮਪੁਰ ਦੇ ਹਰੀਪੁਰ ਨਿਵਾਸੀ ਦੀਪਕ ਨੂੰ ਵੀਰਵਾਰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ। ਉਦੋਂ ਬਾਕੀ ਟੀਮਾਂ ਹੋਰ ਫ਼ਰਾਰ ਮੁਲਜ਼ਮਾਂ ਦੀ ਭਾਲ ਵਿਚ ਲੱਗੀਆਂ ਹੋਈਆਂ ਸਨ। ਦੁਪਹਿਰ ਨੂੰ ਪੁਲਸ ਨੇ ਬਾਕੀ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮਾਂ ਨੂੰ ਪੁਲਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਕਾਬੂ ਕੀਤਾ। ਰਿਮਾਂਡ ’ਤੇ ਲਏ ਦੀਪਕ ਨੇ ਦੱਸਿਆ ਕਿ ਉਹ 5 ਲੋਕ ਲੁੱਟ ਦੀ ਵਾਰਦਾਤ ਦੇ ਇਰਾਦੇ ਨਾਲ ਨਿਕਲੇ ਸਨ। ਲੁੱਟ ਲਈ ਸੋਢਲ ਮੰਦਿਰ ਰੋਡ ਇਸ ਲਈ ਚੁਣੀ ਗਈ ਕਿਉਂਕਿ ਉਥੇ ਰਾਤੀਂ 8 ਵਜੇ ਤੋਂ ਬਾਅਦ ਆਵਾਜਾਈ ਕਾਫੀ ਘੱਟ ਹੁੰਦੀ ਹੈ। ਦੀਪਕ ਨੇ ਕਿਹਾ ਕਿ ਅਰਸ਼ਦੀਪ ਨੇ ਉਸ ਨਾਲ ਪਿਸਤੌਲ ਵਿਖਾ ਕੇ ਵਾਰਦਾਤ ਕਰਨ ਦੀ ਗੱਲ ਕੀਤੀ ਸੀ ਪਰ ਗੋਲੀ ਚਲਾ ਦਿੱਤੀ ਗਈ। ਦੂਜੇ ਪਾਸੇ ਥਾਣਾ ਨੰਬਰ 8 ਦੇ ਇੰਚਾਰਜ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਅਜੇ ਦੀਪਕ ਤੋਂ ਇਲਾਵਾ ਕਿਸੇ ਹੋਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ: ਕੈਪਟਨ ਨੇ 2 ਸਿੱਖ ਰੈਜ਼ੀਮੈਂਟ ਦੇ ਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

ਜ਼ਿਕਰਯੋਗ ਹੈ ਕਿ ਸੋਢਲ ਮੰਦਿਰ ਨੇੜੇ ਜੈਨ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਨੂੰ ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਸੀ, ਜਦੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਸਚਿਨ ਕੋਲੋਂ ਪੈਸੇ ਮੰਗੇਤਾਂ ਸਚਿਨ ਉਨ੍ਹਾਂ ਨਾਲ ਭਿੜ ਗਿਆ। ਅਜਿਹੇ ਹਾਲਾਤ ਵਿਚ ਲੁਟੇਰਿਆਂ ਨੇ ਫਾਇਰ ਕਰ ਦਿੱਤਾ ਤੇ ਗੋਲੀ ਸਚਿਨ ਦੇ ਢਿੱਡ ਵਿਚ ਲੱਗੀ। ਲਗਭਗ ਅੱਧੀ ਦਰਜਨ ਹਸਪਤਾਲਾਂ ਵਿਚ ਲਿਜਾਣ ਦੇ ਬਾਵਜੂਦ ਸਚਿਨ ਦਾ ਇਲਾਜ ਸ਼ੁਰੂ ਨਹੀਂ ਕੀਤਾ ਗਿਆ। ਸਿਵਲ ਹਸਪਤਾਲ ਤੋਂ ਰੈਫਰ ਹੋਣ ਤੋਂ ਬਾਅਦ ਜਿਸ ਨਿੱਜੀ ਹਸਪਤਾਲ ਵਿਚ ਸਚਿਨ ਨੂੰ ਭੇਜਿਆ ਗਿਆ, ਉਥੇ ਜਾ ਕੇ ਗੋਲੀ ਲੱਗਣ ਦੇ ਕਈ ਘੰਟਿਆਂ ਬਾਅਦ ਸਚਿਨ ਦਾ ਇਲਾਜ ਸ਼ੁਰੂ ਹੋਇਆ ਪਰ ਉਦੋਂ ਤੱਕ ਕਾਫੀ ਦੇਰ ਹੋ ਗਈ ਸੀ। ਕੁਝ ਹੀ ਘੰਟਿਆਂ ਬਾਅਦ ਸਚਿਨ ਦੀ ਮੌਤ ਹੋ ਗਈ ਸੀ। ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਨਿੱਜੀ ਹਸਪਤਾਲਾਂ ਦੀ ਲਾਪ੍ਰਵਾਹੀ ਕਾਰਨ ਹੋਈ ਸਚਿਨ ਦੀ ਮੌਤ ਕਾਰਨ ਜਲੰਧਰ ਵਾਸੀਆਂ ਵਿਚ ਕਾਫ਼ੀ ਗੁੱਸਾ ਵੀ ਹੈ।

ਇਹ ਵੀ ਪੜ੍ਹੋ: ਕੈਪਟਨ ਨੇ ਬਦਲੀ ਰਣਨੀਤੀ, ਹੁਣ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਨੂੰ ਵੀ ਲਿਆਉਣਗੇ ਨੇੜੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News