ਪੈਟਰੋਲ ਪੰਪ ਦੇ ਬਾਹਰ ਠੇਕੇਦਾਰ ਨਾਲ ਹੋਈ ਲੁੱਟ, ਕੁੱਟਮਾਰ ਕਰ ਖੋਹਿਆ ਨਕਦੀ ਤੇ ਮੋਬਾਈਲ

Saturday, Sep 07, 2024 - 04:51 AM (IST)

ਪੈਟਰੋਲ ਪੰਪ ਦੇ ਬਾਹਰ ਠੇਕੇਦਾਰ ਨਾਲ ਹੋਈ ਲੁੱਟ, ਕੁੱਟਮਾਰ ਕਰ ਖੋਹਿਆ ਨਕਦੀ ਤੇ ਮੋਬਾਈਲ

ਜਲੰਧਰ (ਵਰੁਣ) – ਰੇਰੂ ਪਿੰਡ ਚੌਕ ਨੇੜੇ ਪੈਟਰੋਲ ਪੰਪ ਦੇ ਬਾਹਰ ਇਕ ਠੇਕੇਦਾਰ ਨੂੰ ਲੁਟੇਰਿਆਂ ਨੇ ਕੁੱਟਮਾਰ ਕਰ ਕੇ ਲੁੱਟ ਲਿਆ। ਠੇਕੇਦਾਰ ਖਾਣਾ ਖਾਣ ਤੋਂ ਬਾਅਦ ਵਾਪਸ ਕੰਮ ’ਤੇ ਆ ਰਿਹਾ ਸੀ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਠੇਕੇਦਾਰ ਅਬਦੁੱਲ ਅਜ਼ੀਜ਼ ਪੁੱਤਰ ਬਾਨੇ ਖਾਨ ਨੇ ਦੱਸਿਆ ਕਿ ਉਹ ਰੇਰੂ ਪਿੰਡ ਚੌਕ ਨੇੜੇ ਇੰਡੀਅਨ ਆਇਲ ਦੇ ਪੈਟਰੋਲ ਪੰਪ ’ਤੇ ਖੁੱਲ੍ਹ ਰਹੇ ਸੀ. ਐੱਨ. ਜੀ. ਪੰਪ ਦਾ ਕੰਮ ਕਰ ਰਿਹਾ ਹੈ, ਜਿਸ ਦਾ ਠੇਕਾ ਉਸ ਕੋਲ ਹੈ। ਅਬਦੁੱਲ ਅਜ਼ੀਜ਼ ਨੇ ਦੱਸਿਆ ਕਿ ਵੀਰਵਾਰ ਰਾਤੀਂ ਲੱਗਭਗ 11.15 ਵਜੇ ਉਹ ਆਪਣੇ ਸਾਥੀ ਨਾਲ ਇਕ ਢਾਬੇ ’ਤੇ ਖਾਣਾ ਖਾ ਕੇ ਕੰਮ ’ਤੇ ਵਾਪਸ ਆ ਰਿਹਾ ਸੀ ਕਿ ਉਸਦੇ ਬਾਈਕ ਦਾ ਪੈਟਰੋਲ ਖਤਮ ਹੋ ਗਿਆ। ਉਸਦਾ ਸਾਥੀ ਬਾਈਕ ਨੂੰ ਧੱਕ ਕੇ ਲੈ ਗਿਆ, ਜਦੋਂ ਕਿ ਉਹ ਉਸਦੇ ਪਿੱਛੇ ਪੈਦਲ ਹੀ ਜਾ ਰਿਹਾ ਸੀ। ਜਿਉਂ ਹੀ ਉਹ ਪੈਟਰੋਲ ਪੰਪ ਦੇ ਨੇੜੇ ਪੁੱਜਾ ਤਾਂ 2 ਨੌਜਵਾਨ ਉਸ ਕੋਲ ਆਏ ਅਤੇ ਕੁੱਟਮਾਰ ਕਰਨ ਲੱਗੇ।

ਉਕਤ ਨੌਜਵਾਨਾਂ ਨੇ ਉਸਦੀ ਜੇਬ ਵਿਚੋਂ 15 ਹਜ਼ਾਰ ਰੁਪਏ ਅਤੇ ਮੋਬਾਈਲ ਕੱਢ ਲਿਆ ਅਤੇ ਕੁਝ ਦੂਰੀ ’ਤੇ ਖੜ੍ਹੇ ਆਪਣੇ ਤੀਜੇ ਸਾਥੀ ਨਾਲ ਬਾਈਕ ’ਤੇ ਬੈਠ ਕੇ ਫ਼ਰਾਰ ਹੋ ਗਏ। ਅਬਦੁੱਲ ਅਜ਼ੀਜ਼ ਨੇ ਪੈਟਰੋਲ ਪੰਪ ’ਤੇ ਜਾ ਕੇ ਆਪਣੇ ਨਾਲ ਹੋਈ ਲੁੱਟ ਦੀ ਸੂਚਨਾ ਆਪਣੇ ਸਾਥੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।


author

Inder Prajapati

Content Editor

Related News