ਲੁੱਟਾਂ-ਖੋਹਾਂ ਤੇ ਡਕੈਤੀ ਦੀਆਂ ਘਟਨਾਵਾਂ ਨਾਲ ਟਾਂਡਾ ’ਚ ਦਹਿਸ਼ਤ ਦਾ ਮਾਹੌਲ

10/19/2018 1:43:49 AM

ਹੁਸ਼ਿਆਰਪੁਰ,   (ਘੁੰਮਣ)-  ਟਾਂਡਾ ਸ਼ਹਿਰ ਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਆਗੂਆਂ ਨੇ ਟਾਂਡਾ ਤੇ ਆਸ-ਪਾਸ ਦੇ ਇਲਾਕਿਆਂ ’ਚ ਰੋਜ਼ਾਨਾ ਹੋ ਰਹੀਆਂ ਲੁੱਟਾਂ-ਖੋਹਾਂ, ਡਕੈਤੀਆਂ, ਗੋਲੀਆਂ ਚਲਾਉਣ ਆਦਿ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਜ਼ਿਲਾ ਪੁਲਸ ਮੁਖੀ ਹੁਸ਼ਿਆਰਪੁਰ ਸ਼੍ਰੀ ਜੇ. ਏਲੀਚੇਲਿਅਨ ਨੂੰ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਲਖਵਿੰਦਰ ਸਿੰਘ ਲੱਖੀ ਕਮਿਸ਼ਨਰ ਤੇ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ’ਚ ਮੰਗ-ਪੱਤਰ ਦਿੱਤਾ ਅਤੇ ਉਪਰੋਕਤ ਵਾਰਦਾਤਾਂ ਸਬੰਧੀ ਜਾਣੂ ਕਰਵਾਇਆ। 
 ਇਸ ਮੌਕੇ ਵਫ਼ਦ ਨੇ ਮੰਗ ਕੀਤੀ ਕਿ ਜੇਕਰ ਅਜਿਹੀ ਸਥਿਤੀ ’ਤੇ ਜਲਦ ਕਾਬੂ ਨਾ ਪਾਇਆ ਗਿਆ ਤਾਂ ਲੋਕ ਖਾਸਕਰ ਅੌਰਤਾਂ ਤੇ ਬਜ਼ੁਰਗ ਘਰਾਂ ਦੇ ਅੰਦਰ ਹੀ ਬੈਠਣ ਲਈ ਮਜਬੂਰ ਹੋਣਗੇ। ਆਗੂਆਂ ਨੇ ਕਿਹਾ ਕਿ ਲੋਕਾਂ ਤੇ ਦੁਕਾਨਦਾਰਾਂ ਵਿਚ ਭਾਰੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। 
 ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਲਾਕਾ ਵਾਸੀਆਂ ਦੀ ਇਸ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਪੁਲਸ ਨੂੰ ਹੋਰ ਵੀ ਚੌਕਸੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਖਿਲਾਫ਼ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ। 
 ਇਸ ਸਮੇਂ ਉਕਤ ਆਗੂਆਂ ਤੋਂ ਇਲਾਵਾ ਹਰਮੀਤ ਸਿੰਘ ਅੌਲਖ, ਸੁਖਵਿੰਦਰ ਸਿੰਘ ਮੂਨਕ, ਲਖਵਿੰਦਰ ਸਿੰਘ  ਮੁਲਤਾਨੀ, ਚੌਧਰੀ ਕਮਲ ਕ੍ਰਿਸ਼ਨ, ਸਰਪੰਚ ਸੁਮਿੱਤਰ ਸਿੰਘ, ਜਸਵਿੰਦਰ ਸਿੰਘ ਗੁਲਾਟੀ, ਦੇਵ ਸ਼ਰਮਾ, ਗੁਰਸਿਮਰਨ ਸਿੰਘ ਸੋਢੀ, ਡਾ. ਬਲਵਿੰਦਰ ਸਿੰਘ ਮਰਵਾਹਾ, ਰਤਨ ਸਿੰਘ, ਡਾ. ਕੁਲਵਿੰਦਰ ਸਿੰਘ ਨਰਵਾਲ, ਬੂਟਾ ਸਿੰਘ ਬੁੱਢੀ ਪਿੰਡ, ਅਮਰਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਟਾਂਡਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। 


Related News