ਇਟਲੀ ਤੋਂ ਆਏ ਜਵਾਕ ਨਾਲ ਪਤੰਗ ਵਿਖਾਉਣ ਦੇ ਬਹਾਨੇ ਲੁਟੇਰਿਆਂ ਨੇ ਕੀਤੀ ਲੁੱਟ-ਖੋਹ
Wednesday, Sep 09, 2026 - 02:45 PM (IST)
ਫਗਵਾੜਾ (ਜਲੋਟਾ)- ਫਗਵਾੜਾ ਦੇ ਪਿੰਡ ਨਰੂੜ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੇਖ਼ੋਫ਼ ਅਪਰਾਧੀਆਂ ਦੇ ਬੁਲੰਦ ਹੌਸਲਿਆਂ ਅਤੇ ਢਿੱਲੀ ਪੁਲਸ ਵਿਵਸਥਾ ਦੇ ਚਲਦਿਆਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਤਾਜ਼ਾ ਘਟਨਾ 'ਚ ਬਾਈਕ ਸਵਾਰ 2 ਸ਼ਾਤਿਰ ਲੁਟੇਰਿਆਂ ਨੇ ਇਟਲੀ ਤੋਂ ਆਪਣੇ ਪਰਿਵਾਰ ਨਾਲ ਪੰਜਾਬ ਆਏ ਇਕ 9 ਸਾਲਾ ਮਾਸੂਮ ਬੱਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਗਲੋਂ ਚੇਨ ਝਪਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਪੂਰੀ ਵਾਰਦਾਤ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ: ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ ਜਲੰਧਰ 'ਚ ਕਾਂਗਰਸ ਦਾ ਪ੍ਰਦਰਸ਼ਨ, ਪੰਜਾਬ ਬੰਦ ਦੀ ਚਿਤਾਵਨੀ

ਜਾਣਕਾਰੀ ਮੁਤਾਬਕ ਪੀੜਤ ਬੱਚਾ ਹਰਜੋਤ ਸਿੰਘ ਪੁੱਤਰ ਨਿਰਮਲ ਸਿੰਘ ਦੁਪਹਿਰ ਲਗਭਗ ਢਾਈ ਤੋਂ ਤਿੰਨ ਵਜੇ ਦੇ ਵਿਚਕਾਰ ਪਿੰਡ ਦੀ ਹੀ ਇਕ ਕਰਿਆਨੇ ਦੀ ਦੁਕਾਨ ਤੋਂ ਪਤੰਗ ਖ਼ਰੀਦਣ ਗਿਆ ਸੀ। ਜਦੋਂ ਉਹ ਪਤੰਗ ਲੈ ਕੇ ਵਾਪਸ ਪਰਤ ਰਿਹਾ ਸੀ ਤਾਂ ਇਕ ਬਾਈਕ 'ਤੇ ਸਵਾਰ 2 ਅਣਪਛਾਤੇ ਨੌਜਵਾਨ ਉਸ ਦੇ ਕੋਲ ਆ ਕੇ ਰੁਕੇ। ਲੁਟੇਰਿਆਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਲੁਟੇਰਿਆਂ ਨੇ ਪਹਿਲਾਂ ਬੱਚੇ ਨੂੰ ਆਪਣੀਆਂ ਗੱਲਾਂ 'ਚ ਉਲਝਾਇਆ ਅਤੇ ਪਤੰਗ ਦੀ ਕੀਮਤ ਪੁੱਛਦੇ ਹੋਏ ਉਸ ਦੀ ਤਾਰੀਫ਼ ਕਰਨ ਲੱਗੇ। ਜਿਵੇਂ ਹੀ ਬੱਚਾ ਉਨ੍ਹਾਂ ਨੇੜੇ ਆਇਆ, ਬਾਈਕ 'ਤੇ ਪਿੱਛੇ ਬੈਠੇ ਨੌਜਵਾਨ ਨੇ ਝਪੱਟਾ ਮਾਰ ਕੇ ਬੱਚੇ ਦੇ ਗਲ 'ਚ ਪਾਈ ਚਾਂਦੀ ਦੀ ਚੇਨ ਖਿੱਚ ਲਈ ਅਤੇ ਤੇਜ਼ ਰਫ਼ਤਾਰ ਬਾਈਕ ''ਤੇ ਰਫੂਚੱਕਰ ਹੋ ਗਏ।
ਦਿਨ-ਦਿਹਾੜੇ ਹੋਈ ਇਸ ਝਪਟਮਾਰੀ ਦੀ ਘਟਨਾ ਤੋਂ ਮਾਸੂਮ ਬੱਚਾ ਬੁਰੀ ਤਰ੍ਹਾਂ ਸਹਿਮ ਗਿਆ ਅਤੇ ਰੋਂਦਾ ਹੋਇਆ ਘਰ ਪਹੁੰਚਿਆ। ਬੱਚੇ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਟਲੀ ਤੋਂ ਆਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਚਾਹੇ ਜਿੰਨਾ ਵੀ ਹੋਵੇ ਪਰ ਜਿਸ ਤਰ੍ਹਾਂ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਬੇਹੱਦ ਚਿੰਤਾਜਨਕ ਹੈ।
ਇਹ ਵੀ ਪੜ੍ਹੋ: ਪੰਜਾਬ DGP ਗੌਰਵ ਯਾਦਵ ਦੀ ਸਖ਼ਤੀ! ਸਰਹੱਦੋਂ ਪਾਰ ਉੱਭਰ ਰਹੇ ਖ਼ਤਰਿਆਂ ਸਬੰਧੀ ਹਦਾਇਤਾਂ ਕੀਤੀਆਂ ਜਾਰੀ
ਪੀੜਤ ਪਰਿਵਾਰ ਨੇ ਘਟਨਾ ਦੀ ਲਿਖਤੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਗ੍ਰਾਮੀਣਾਂ ਦਾ ਕਹਿਣਾ ਹੈ ਕਿ ਪਿੰਡ 'ਚ ਅਪਰਾਧ ਵਧਦਾ ਜਾ ਰਿਹਾ ਹੈ, ਜਿਸ ਲਈ ਪੁਲਸ ਗਸ਼ਤ ਵਧਾਉਣਾ ਬੇਹੱਦ ਜ਼ਰੂਰੀ ਹੈ।
ਉਧਰ ਇਸ ਮਾਮਲੇ ਦੇ ਸਬੰਧ 'ਚ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਪਿੰਡ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਟਰੇਸ ਕਰਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜ ਦਿੱਤਾ ਜਾਵੇਗਾ। ਪੁਲਸ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੜੇ ਜ਼ਿਲ੍ਹਿਆਂ 'ਚ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
