ਆਵਾਰਾ ਕੁੱਤਿਆਂ ਦੇ ਐਕਸ਼ਨ ’ਤੇ ਰੀਐਕਸ਼ਨ: ਡਾਗ ਕੰਪਾਊਂਡ ਬੰਦ ਹੋਣ ਦੇ ਮੈਸੇਜ ਨਾਲ ਖੜ੍ਹਾ ਹੋਇਆ ਹੰਗਾਮਾ
Monday, Feb 03, 2025 - 02:14 PM (IST)
ਜਲੰਧਰ (ਪੁਨੀਤ)-ਆਵਾਰਾ ਕੁੱਤਿਆਂ ਦੀ ਸਮੱਸਿਆ ਕਾਰਨ ਅਣਗਿਣਤ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪਿਛਲੀਆਂ ਕਈ ਸਰਕਾਰਾਂ ਇਸ ਸਮੱਸਿਆ ਦਾ ਹੱਲ ਕਰਨ ’ਚ ਅਸਫ਼ਲ ਰਹੀਆਂ ਹਨ। ਨਸਬੰਦੀ ਨਾ ਹੋਣ ਕਾਰਨ ਆਵਾਰਾ ਕੁੱਤਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਲੋਕਾਂ ਦੀਆਂ ਦਿੱਕਤਾਂ ਵਿਚ ਇਜ਼ਾਫਾ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਯਤਨ ਸ਼ੁਰੂ ਹੀ ਕੀਤੇ ਹੀ ਸਨ ਕਿ 1.50 ਕਰੋੜ ਰੁਪਏ ਦੇ ਬਕਾਏ ਅਤੇ ਡਾਗ ਕੰਪਾਊਂਡ ਬੰਦ ਹੋਣ ਦੀ ਗੱਲ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ। ਆਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਨਿਗਮ ਦੇ ਐਕਸ਼ਨ ’ਤੇ ਰੀਐਕਸ਼ਨ ਹੁੰਦਾ ਨਜ਼ਰ ਆ ਰਿਹਾ ਹੈ, ਜੋ ਕਿ ਆਉਣ ਵਾਲੇ ਦਿਨਾਂ ’ਚ ਗਰਮ ਮੁੱਦਾ ਬਣਦਾ ਨਜ਼ਰ ਆਵੇਗਾ।
ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵੱਲੋਂ ਡਾਗ ਕੰਪਾਊਂਡ ਦਾ ਦੌਰਾ ਕੀਤਾ ਗਿਆ ਅਤੇ ਕੁੱਤਿਆਂ ਦੀ ਨਸਬੰਦੀ ਦੇ ਪ੍ਰਾਜੈਕਟ ਨੂੰ ਦੁੱਗਣੀ ਤੇਜ਼ੀ ਨਾਲ ਕਰਨ ਦੇ ਦਾਅਵੇ ਕੀਤੇ ਗਏ। ਇਸ ਦੇ ਨਾਲ ਹੀ ਬਿੱਟੂ ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਨਗਰ ਨਿਗਮ ਦੇ ਸ਼ਿਕਾਇਤ ਕੇਂਦਰ ਨੰਬਰ ’ਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਇਸ ਸਮੱਸਿਆ ਨੂੰ ਜ਼ਮੀਨੀ ਪੱਧਰ ਤੋਂ ਹੱਲ ਕਰਵਾਇਆ ਜਾ ਸਕੇ। ਇਸ ਤੋਂ ਬਾਅਦ ਕਾਂਗਰਸੀ ਕੌਂਸਲਰ ਵੱਲੋਂ ਡਾਗ ਕੰਪਾਊਂਡ ਦੇ ਡਾਕਟਰ ਨੂੰ ਮੈਸੇਜ ਭੇਜਿਆ ਗਿਆ ਅਤੇ ਇੰਦਰਾ ਪਾਰਕ ਇਲਾਕੇ ਵਿਚ ਕੁੱਤਿਆਂ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ। ਇਸ ਦੇ ਜਵਾਬ ਵਿਚ ਉਨ੍ਹਾਂ ਨੂੰ ਹਸਪਤਾਲ ਦੇ ਬੰਦ ਹੋਣ ਅਤੇ 1.50 ਕਰੋੜ ਰੁਪਏ ਦੇ ਬਕਾਏ ਬਾਰੇ ਮੈਸੇਜ ਮਿਲਿਆ। ਇਸ ’ਤੇ ਕੌਂਸਲਰ ਨੇ ਸੀਨੀਅਰ ਡਿਪਟੀ ਮੇਅਰ ਦੇ ਦੌਰੇ ’ਤੇ ਸਵਾਲ ਖੜ੍ਹੇ ਕਰ ਦਿੱਤੇ ਅਤੇ ਜਨਤਾ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਪੁਲਸ ਸਟੇਸ਼ਨ ਨੇੜੇ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਡਾਗ ਕੰਪਾਊਂਡ ’ਤੇ ਸ਼ੁਰੂ ਹੋਈ ਸਿਆਸਤ ਵਿਚ ਨਵਾਂ ਮੋੜ ਆ ਚੁੱਕਾ ਹੈ। ਵਿਰੋਧੀ ਧਿਰ ਦੇ ਕੌਂਸਲਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਪਵਨ ਕੁਮਾਰ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਇਸ ਕਾਰਵਾਈ ਨੂੰ ਅੱਖਾਂ ਵਿਚ ਘੱਟਾ ਪਾਉਣਾ ਦੱਸਿਆ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਜੁਆਇੰਟ ਕਮਿਸ਼ਨਰ ਕਰਨਗੇ ਅਤੇ ਡਾਕਟਰ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੌਂਸਲਰ ਵੱਲੋਂ ਵ੍ਹਟਸਐਪ ਮੈਸੇਜ ਦਾ ਸਕਰੀਨ ਸ਼ਾਟ ਮੀਡੀਆ ਨਾਲ ਸਾਂਝਾ ਕੀਤਾ ਗਿਆ ਹੈ।
ਕੌਂਸਲਰ ਤੇ ਡਾਕਟਰ ਵਿਚਕਾਰ ਮੈਸੇਜ ’ਤੇ ਹੋਈ ਗੱਲ
ਕੌਂਸਲਰ :-ਡਾਗ ਪ੍ਰਾਬਲਮ, ਇੰਦਰਾ ਪਾਰਕ
ਡਾਕਟਰ :-ਵਰਕ ਸਟਾਪਡ, ਹਸਪਤਾਲ ਕਲੋਜ਼ਡ, ਪਿਛਲੇ ਢਾਈ ਸਾਲ ਕਾਰਪੋਰੇਸ਼ਨ ਵੱਲੋਂ ਕੋਈ ਪੇਮੈਂਟ ਨਹੀਂ ਹੋਈ। ਸਬ ਵੈਰੀਫਿਕੇਸ਼ਨ ਹੋਣ ਦੇ ਆਫਟਰ...।
ਕੌਂਸਲਰ :-ਡਾਕਟਰ ਸਾਹਿਬ ਨਮਸਕਾਰ, ਕਿੰਨੀ ਪੇਮੈਂਟ ਰਹਿੰਦੀ ਹੈ, ਕਾਰਪੋਰੇਸ਼ਨ ਵਿਚ ਆਪਣੀ।
ਡਾਕਟਰ :-1.5 ਕਰੋੜ
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਚੱਲੀਆਂ ਤਾੜ-ਤਾੜ ਗੋਲ਼ੀਆਂ, ਸਹਿਮੇ ਲੋਕ
ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ, ਚੱਲ ਰਿਹਾ ਕੰਪਾਊਂਡ ’ਚ ਕੰਮ : ਸੀਨੀਅਰ ਡਿਪਟੀ ਮੇਅਰ ਬਿੱਟੂ
ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੀ ਜਨਤਾ ਨੂੰ ਸਮਰਪਿਤ ਹੈ। ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਬਿਨਾਂ ਵਜ੍ਹਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿੱਟੂ ਨੇ ਦੱਸਿਆ ਕਿ ਡਾਗ ਕੰਪਾਊਂਡ ਵਿਚ ਨਸਬੰਦੀ ਦਾ ਪ੍ਰਾਜੈਕਟ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਪ੍ਰਾਜੈਕਟ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਨੂੰ ਕੋਈ ਸ਼ੱਕ ਹੈ, ਉਹ ਡਾਗ ਕੰਪਾਊਂਡ ਵਿਚ ਜਾ ਕੇ ਦੇਖ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੰਪਾਊਂਡ ਦਾ ਦੌਰਾ ਕਰ ਕੇ ਉਨ੍ਹਾਂ ਨਿਗਮ ਦੇ ਸ਼ਿਕਾਇਤ ਕੇਂਦਰ ਨੰਬਰ 2242411 ’ਤੇ ਸ਼ਿਕਾਇਤਾਂ ਕਰਨ ਨੂੰ ਕਿਹਾ ਸੀ। ਭਵਿੱਖ ਵਿਚ ਵੀ ਜਿਸ ਨੇ ਕੋਈ ਸ਼ਿਕਾਇਤ ਕਰਨੀ ਹੋਵੇ, ਉਹ ਨਿਗਮ ਵਿਚ ਫੋਨ ਕਰੇ, ਉਸ ਤੋਂ ਬਾਅਦ ਨਿਗਮ ਵੱਲੋਂ ਸ਼ਿਕਾਇਤ ਨੂੰ ਅੱਗੇ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਨਾਂ ਵਜ੍ਹਾ ਮੁੱਦਾ ਬਣਾਉਣ ਵਾਲੇ ਕੌਂਸਲਰ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋਇਆ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਰੀ ਹੋ ਗਏ ਹੁਕਮ
1.50 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜਦੋਂ ਉਹ ਦੌਰਾ ਕਰਨ ਗਏ ਸਨ ਤਾਂ ਉਨ੍ਹਾਂ ਨਾਲ ਬਕਾਇਆ ਰਾਸ਼ੀ ਬਾਰੇ ਕੋਈ ਗੱਲਬਾਤ ਨਹੀਂ ਹੋਈ। ਬਿੱਟੂ ਨੇ ਕਿਹਾ ਕਿ ਨਿਗਮ ਵਿਚ ਬਿੱਲ ਦੀ ਸਥਿਤੀ ਦੇਖ ਕੇ ਹੀ ਉਹ ਕੁਝ ਕਹਿ ਸਕਦੇ ਹਨ। ਡਾਗ ਕੰਪਾਊਂਡ ਵਿਚ ਕੰਮ ਬੰਦ ਹੋਣ ਵਾਲੀ ਗੱਲ ਦਾ ਕੋਈ ਤਰਕ ਨਹੀਂ ਹੈ। ਉਹ ਬਿਨਾਂ ਸੂਚਨਾ ਦਿੱਤੇ ਦੌਰਾ ਕਰਨ ਲਈ ਗਏ ਸਨ ਅਤੇ ੳੁਦੋਂ ਵੀ ਕੰਮ ਚੱਲ ਰਿਹਾ ਸੀ, ਸਮਰੱਥਾ ਵਧਾਉਣ ਬਾਰੇ ਡਾਕਟਰਾਂ ਨਾਲ ਵਿਸਥਾਰਪੂਰਵਕ ਚਰਚਾ ਹੋਈ, ਜਿਸ ਦਾ ਨਤੀਜਾ ਆਉਣ ਵਾਲੇ ਦਿਨਾਂ ’ਚ ਦੇਖਣ ਨੂੰ ਮਿਲੇਗਾ।
ਲੋਕਾਂ ਨੂੰ ਗੁੰਮਰਾਹ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂ : ਪਵਨ ਕੁਮਾਰ
ਵਾਰਡ ਨੰਬਰ 36, ਚੀਮਾ ਚੌਕ ਤੋਂ ਕਾਂਗਰਸੀ ਕੌਂਸਲਰ ਪਵਨ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜੇਕਰ ਕੰਮ ਨਹੀਂ ਚੱਲ ਰਿਹਾ ਤਾਂ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਹੈ। ਜ਼ਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਬਾਰੇ ਨਿਗਮ ਕਮਿਸ਼ਨਰ ਨਾਲ ਮੀਟਿੰਗ ਕਰ ਕੇ ਜਾਣੂ ਕਰਵਾਇਆ ਜਾਵੇਗਾ। ਡੇਢ ਕਰੋੜ ਰੁਪਏ ਦੀ ਬਕਾਇਆ ਰਾਸ਼ੀ ਅਤੇ ਹਸਪਤਾਲ ਦੇ ਬੰਦ ਹੋਣ ਸਬੰਧੀ ਡਾਕਟਰ ਵੱਲੋਂ ਉਨ੍ਹਾਂ ਨੂੰ ਮੈਸੇਜ ਮਿਲਿਆ ਹੈ। ਜੋ ਗੱਲ ਉਹ ਕਰ ਰਹੇ ਹਨ, ਉਸ ਦਾ ਸਬੂਤ ਉਨ੍ਹਾਂ ਕੋਲ ਮੌਜੂਦ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਕਿਸਾਨਾਂ ਲਈ ਐਡਵਾਈਜ਼ਰੀ ਜਾਰੀ, ਜਾਣੋ ਕਦੋ ਪਵੇਗਾ ਮੀਂਹ
ਮੇਅਰ ਵਿਨੀਤ ਧੀਰ ਦੇ ਐਕਸ਼ਨ ’ਤੇ ਰਹੇਗੀ ਨਜ਼ਰ
ਮੇਅਰ ਵਿਨੀਤ ਧੀਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਰੁੱਝੇ ਹੋਏ ਹਨ ਪਰ ਹੁਣ ਦਿੱਲੀ ’ਚ ਚੋਣ ਪ੍ਰਚਾਰ ਰੁਕਦੇ ਹੀ ਉਹ ਦਫਤਰ ਵਿਚ ਨਜ਼ਰ ਆਉਣਗੇ। ਹੁਣ ਦੇਖਣਾ ਹੋਵੇਗਾ ਕਿ ਮੇਅਰ ਦਾ ਇਸ ’ਤੇ ਕੀ ਐਕਸ਼ਨ ਹੁੰਦਾ ਹੈ, ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਜਨਤਾ ਬੇਹੱਦ ਪ੍ਰੇਸ਼ਾਨ ਹੈ। ਇਸ ਦੇ ਨਾਲ ਹੀ ਜੇਕਰ ਆਮ ਆਦਮੀ ਪਾਰਟੀ ਇਸ ਸਮੱਸਿਆ ਨੂੰ ਹੱਲ ਕਰਨ ’ਚ ਕਾਮਯਾਬ ਹੋ ਜਾਂਦੀ ਹੈ ਤਾਂ ਅਗਲੀ ਵਾਰ ਨਿਗਮ ’ਚ ਆਮ ਆਦਮੀ ਪਾਰਟੀ ਦਾ ਦਬਦਬਾ ਨਜ਼ਰ ਆਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮਾਂ ਬਣੀ ਹੈਵਾਨ, ਪਤੀ ਨਾਲ ਤਲਾਕ ਮਗਰੋਂ 7 ਸਾਲਾ ਬੱਚੀ ਨਾਲ ਮਾਂ ਨੇ ਜੋ ਕੀਤਾ ਸੁਣ ਪਸੀਜ ਜਾਵੇਗਾ ਦਿਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e