ਹੋਟਲ ''ਚ ਕੁੜੀ ਨਾਲ ਜਬਰ-ਜ਼ਨਾਹ, ਗੁਆਂਢੀ ਜੋੜੇ ਸਣੇ ਤਿੰਨ ਖ਼ਿਲਾਫ਼ ਮਾਮਲਾ ਦਰਜ
Monday, May 04, 2026 - 11:59 PM (IST)
ਫਿਲੌਰ, (ਸੋਨੂੰ ਮਹਾਜਨ)- ਹਲਕਾ ਫਿਲੌਰ ਦੇ ਥਾਣਾ ਬਿਲਗਾ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਅਤਿ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਸਬੰਧੀ ਇੱਕ ਔਰਤ, ਉਸਦੇ ਪਤੀ ਅਤੇ ਨਣਦੋਈਏ ਖ਼ਿਲਾਫ਼ ਪੋਸਕੋ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ।
ਪੀੜਤ ਲੜਕੀ ਦੀ ਮਾਤਾ ਵੱਲੋਂ ਦਿੱਤੇ ਬਿਆਨਾਂ ਅਨੁਸਾਰ, ਉਸ ਦੀ ਧੀ 29 ਅਪ੍ਰੈਲ ਦੀ ਰਾਤ ਨੂੰ ਅਚਾਨਕ ਘਰੋਂ ਗਾਇਬ ਹੋ ਗਈ ਸੀ। ਪਰਿਵਾਰ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਗੁਆਂਢ ਵਿੱਚ ਰਹਿਣ ਵਾਲੀ ਮਨਪ੍ਰੀਤ ਕੌਰ, ਉਸ ਦਾ ਪਤੀ ਕਰਨ ਅਤੇ ਉਨ੍ਹਾਂ ਦਾ ਨਣਦੋਈਆ ਜਸਪ੍ਰੀਤ, ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਏ ਸਨ। ਮੁਲਜ਼ਮ ਪਰਿਵਾਰ ਨੂੰ ਲਗਾਤਾਰ ਭਰੋਸਾ ਦਿੰਦੇ ਰਹੇ ਕਿ ਲੜਕੀ ਵਾਪਸ ਆ ਜਾਵੇਗੀ ਪਰ ਅੰਤ ਵਿੱਚ 2 ਮਈ ਨੂੰ ਲੜਕੀ ਅੰਮ੍ਰਿਤਸਰ ਤੋਂ ਬਰਾਮਦ ਹੋਈ।
ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਖੁਲਾਸਾ ਕੀਤਾ ਕਿ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਸੀ, ਜਿੱਥੇ 30 ਅਪ੍ਰੈਲ ਦੀ ਰਾਤ ਨੂੰ ਇੱਕ ਹੋਟਲ ਵਿੱਚ ਜਸਪ੍ਰੀਤ ਵੱਲੋਂ ਉਸ ਦੀ ਮਰਜ਼ੀ ਦੇ ਖ਼ਿਲਾਫ਼ ਜਬਰ-ਜ਼ਨਾਹ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਪੰਚਾਇਤ ਵੀ ਸੱਦੀ ਗਈ ਸੀ ਪਰ ਮੁਲਜ਼ਮ ਪੱਖ ਨੇ ਨਾ ਤਾਂ ਆਪਣੀ ਗਲਤੀ ਮੰਨੀ ਅਤੇ ਨਾ ਹੀ ਪੰਚਾਇਤ ਵਿੱਚ ਸ਼ਾਮਲ ਹੋਏ।
ਡੀ.ਐਸ.ਪੀ. ਭਾਰਤ ਮਸੀਹ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਹੈ। ਪੁਲਸ ਵੱਲੋਂ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 137(2), 87, 64, 61(2) ਅਤੇ ਪੋਸਕੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
