ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ

09/17/2019 11:40:31 AM

ਜਲੰਧਰ (ਗੁਲਸ਼ਨ)— ਅੱਤਵਾਦੀ ਸੰਗਠਨਾਂ ਵਲੋਂ ਰੇਲਵੇ ਸਟੇਸ਼ਨਾਂ ਅਤੇ ਕੁਝ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜਿੱਥੇ ਸੁਰੱਖਿਆ ਏਜੰਸੀਆਂ ਸਾਵਧਾਨ ਹੋ ਗਈਆਂ ਹਨ, ਉਥੇ ਹੀ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ.) ਵੀ ਪੂਰੀ ਤਰ੍ਹਾਂ ਅਲਰਟ ਹੋ ਗਈ ਹੈ। ਸੂਚਨਾ ਮੁਤਾਬਕ ਰੋਹਤਕ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਜੈਸ਼-ਏ-ਮੁਹੰਮਦ ਦੇ ਕਮਾਂਡਰ ਮਸੂਦ ਅਹਿਮਦ ਦੀ ਇਕ ਧਮਕੀ ਭਰੀ ਚਿੱਠੀ ਮਿਲੀ ਹੈ। ਰੋਹਤਕ ਤੋਂ ਇਲਾਵਾ ਅੰਬਾਲਾ, ਮੁੰਬਈ, ਕੋਟਾ ਰੇਲਵੇ ਸਟੇਸ਼ਨਾਂ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ, ਜਿਸ ਕਾਰਨ ਆਰ. ਪੀ. ਐੱਫ. ਨੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿੱਤੀ ਹੈ।

ਫਿਰੋਜ਼ਪੁਰ ਰੇਲ ਡਿਵੀਜ਼ਨ ਦੇ ਸੀਨੀਅਰ ਕਮਾਂਡੈਂਟ ਦੇ ਨਿਰਦੇਸ਼ਾਂ 'ਤੇ ਡਵੀਜ਼ਨ ਦੇ ਸਾਰੇ ਵੱਡੇ ਰੇਲਵੇ ਸਟੇਸ਼ਨਾਂ 'ਤੇ ਆਰ. ਪੀ. ਐੱਫ. ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਸਿਟੀ ਰੇਲਵੇ ਸਟੇਸ਼ਨ ਦੇ ਪੋਸਟ ਇੰਚਾਰਜ ਇੰਸ. ਹਰਵਿੰਦਰ ਸਿੰਘ ਦੀ ਅਗਵਾਈ 'ਚ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਸਟੇਸ਼ਨ ਦੇ ਚੱਪੇ-ਚੱਪੇ ਨੂੰ ਖੰਗਾਲਿਆ ਗਿਆ। ਪਲੇਟਫਾਰਮ 'ਤੇ ਖੜ੍ਹੇ ਯਾਤਰੀਆਂ ਦਾ ਸਾਮਾਨ ਚੈੱਕ ਕਰਨ ਤੋਂ ਇਲਾਵਾ ਕੁਝ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ। ਆਰ. ਪੀ. ਐੱਫ. ਸਟਾਫ ਨੇ ਕੁਝ ਟਰੇਨਾਂ 'ਚ ਵੀ ਸਰਚ ਮੁਹਿੰਮ ਚਲਾਈ। ਇਸ ਮੌਕੇ ਆਰ. ਪੀ. ਐੱਫ. ਦੇ ਇੰਸ. ਹਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਸਟੇਸ਼ਨ 'ਤੇ ਅਜਿਹੀ ਕੋਈ ਵੀ ਚਿੱਠੀ ਨਹੀਂ ਮਿਲੀ ਪਰ ਫਿਰ ਵੀ ਸਟਾਫ ਨੂੰ ਪੂਰੀ ਤਰ੍ਹਾਂ ਮੁਸਤੈਦ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।


shivani attri

Content Editor

Related News