ਟੈਕਸ ਚੋਰਾਂ ’ਤੇ ਸਖ਼ਤੀ : ਸਟੇਟ GST ਵਿਭਾਗ ਦੀਆਂ ਦਰਜਨਾਂ ਥਾਵਾਂ ’ਤੇ ਛਾਪੇਮਾਰੀ, ਕਬਜ਼ੇ ’ਚ ਲਿਆ ਰਿਕਾਰਡ

Saturday, Oct 19, 2024 - 11:24 AM (IST)

ਟੈਕਸ ਚੋਰਾਂ ’ਤੇ ਸਖ਼ਤੀ : ਸਟੇਟ GST ਵਿਭਾਗ ਦੀਆਂ ਦਰਜਨਾਂ ਥਾਵਾਂ ’ਤੇ ਛਾਪੇਮਾਰੀ, ਕਬਜ਼ੇ ’ਚ ਲਿਆ ਰਿਕਾਰਡ

ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਇਕੋ ਵੇਲੇ ਕਈ ਥਾਵਾਂ ’ਤੇ ਛਾਪੇਮਾਰੀ ਨੂੰ ਅੰਜਾਮ ਦਿੱਤਾ ਗਿਆ ਤਾਂ ਕਿ ਟੈਕਸ ਕੁਲੈਕਸ਼ਨ ਵਿਚ ਹੋਣ ਵਾਲੀ ਘਪਲੇਬਾਜ਼ੀ ਨੂੰ ਰੋਕਿਆ ਜਾ ਸਕੇ ਅਤੇ ਸਰਕਾਰ ਦੇ ਮਾਲੀਏ ਨੂੰ ਵਧਾਇਆ ਜਾ ਸਕੇ। ਇਸ ਦੌਰਾਨ ਕਈ ਵਪਾਰਕ ਇਕਾਈਆਂ, ਸ਼ੋਅਰੂਮਾਂ, ਸੈਲੂਨ ਆਦਿ ਵਿਚ ਇੰਸਪੈਕਸ਼ਨ ਹੋਈ ਅਤੇ ਕਈ ਇਕਾਈਆਂ ਦਾ ਰਿਕਾਰਡ ਕਬਜ਼ੇ ਵਿਚ ਲਿਆ ਗਿਆ। ਖਾਮੀਆਂ ਪਾਏ ਜਾਣ ’ਤੇ ਬਣਦੀ ਵਿਭਾਗੀ ਕਾਰਵਾਈ ਸ਼ੁਰੂ ਹੋ ਗਈ ਹੈ। ਵਿਭਾਗ ਵੱਲੋਂ ਇਸ ਸਮੇਂ ਬੀ. ਟੂ. ਸੀ. (ਬਿਜ਼ਨੈੱਸ ਟੂ ਕੰਜ਼ਿਊਮਰ) ’ਤੇ ਫੋਕਸ ਕੀਤਾ ਜਾ ਰਿਹਾ ਹੈ ਅਤੇ ਗਾਹਕਾਂ ਨੂੰ ਬਿੱਲ ਦੇਣਾ ਯਕੀਨੀ ਬਣਵਾਇਆ ਜਾ ਰਿਹਾ ਹੈ। ਇਸ ਕਾਰਨ ਸਾਮਾਨ ਖ਼ਰੀਦਣ ਵਾਲੇ ਗਾਹਕਾਂ ਤੋਂ ਬਿੱਲ ਬਾਰੇ ਪੁੱਛਿਆ ਜਾ ਰਿਹਾ ਹੈ ਅਤੇ ਬਿੱਲ ਨਾ ਦੇਣ ਵਾਲਿਆਂ ਖ਼ਿਲਾਫ਼ ਐਕਸ਼ਨ ਪਲਾਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਇਸ ਤਰ੍ਹਾਂ ਦੀ ਕਾਰਵਾਈ ਹੋਣ ਦੇ ਸੰਕੇਤ ਪਹਿਲਾਂ ਹੀ ਮਿਲ ਚੁੱਕੇ ਸਨ ਕਿਉਂਕਿ ਬੀਤੇ ਦਿਨੀਂ ਫਾਈਨਾਂਸ ਕਮਿਸ਼ਨਰ ਟੈਕਸੇਸ਼ਨ (ਐੱਫ. ਸੀ. ਟੀ.) ਕ੍ਰਿਸ਼ਨ ਕੁਮਾਰ ਦੀ ਪ੍ਰਧਾਨਗੀ ਵਿਚ ਜਲੰਧਰ ਵਿਚ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਗਈ ਸੀ ਅਤੇ ਜੀ. ਐੱਸ. ਟੀ. ਵਿਚ ਵਾਧੇ ਨੂੰ ਲੈ ਕੇ ਕਦਮ ਚੁੱਕੇ ਗਏ ਸਨ। ਰੈਣਕ ਬਾਜ਼ਾਰ ਦੇ ਅੰਦਰ ਹੋਈ ਕਾਰਵਾਈ ਦੌਰਾਨ ਕ੍ਰਿਸ਼ਨ ਕੁਮਾਰ ਨੇ ਮੌਜੂਦ ਰਹਿ ਕੇ ਗਾਹਕਾਂ ਤੋਂ ਬਿੱਲਾਂ ਬਾਰੇ ਪੁੱਛਿਆ ਸੀ ਅਤੇ ਦੁਕਾਨਦਾਰਾਂ ਨੂੰ ਬਿੱਲ ਕੱਟਣ ਨੂੰ ਕਿਹਾ ਸੀ। ਇਸੇ ਸਿਲਸਿਲੇ ਤਹਿਤ ਡੀ. ਸੀ. ਟੈਕਸੇਸ਼ਨ (ਡੀ. ਸੀ. ਐੱਸ. ਟੀ.) ਦਰਵੀਰ ਰਾਜ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਿਸਟੈਂਟ ਕਮਿਸ਼ਨਰ ਵੱਲੋਂ ਟੀਮਾਂ ਦਾ ਗਠਨ ਕਰਦੇ ਹੋਏ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਇੰਸਪੈਕਸ਼ਨਾਂ ਨੂੰ ਅੰਜਾਮ ਦਿੱਤਾ ਗਿਆ। ਇਸ ਵਿਚ ਸ਼ਹਿਰ ਦੀਆਂ ਮੁੱਖ ਥਾਵਾਂ ’ਤੇ ਫੋਕਸ ਕਰਦੇ ਹੋਏ ਬਿਨਾਂ ਬਿੱਲ ਕੰਮ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗੇ ਇਸ ਬੀਮਾਰੀ ਦੇ ਮਰੀਜ਼, ਸਾਵਧਾਨ ਰਹਿਣ ਦੀ ਲੋੜ

ਉਥੇ ਹੀ, ਮਾਲਵਾਹਨ ਵਾਹਨਾਂ ਤੋਂ ਬਿੱਲਾਂ ਦੀ ਜਾਂਚ ਕੀਤੀ ਗਈ ਅਤੇ ਖਾਮੀਆਂ ਕਾਰਨ ਕਈਆਂ ’ਤੇ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਕੰਮਕਾਜ ਵਿਚ ਤੇਜ਼ੀ ਰਹਿੰਦੀ ਹੈ ਅਤੇ ਇਸ ਦੌਰਾਨ ਕਈ ਇਕਾਈਆਂ ਵੱਲੋਂ ਬਿੱਲ ਕੱਟਣ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਜਿਸ ਨਾਲ ਸਰਕਾਰ ਨੂੰ ਟੈਕਸ ਦਾ ਚੂਨਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਕਈ ਵਾਰ ਵਾਰਨਿੰਗ ਜਾਰੀ ਕੀਤੀ ਗਈ ਹੈ ਤਾਂ ਕਿ ਉਹ ਨਿਯਮਾਂ ਮੁਤਾਬਕ ਬਿੱਲ ਕੱਟਣ ਪ੍ਰਤੀ ਧਿਆਨ ਦੇਣ। ਉਨ੍ਹਾਂ ਕਿਹਾ ਕਿ ਅਕਤੂਬਰ ਵਿਚ ਕਾਰਵਾਈ ਨੂੰ ਤੇਜ਼ ਕੀਤਾ ਗਿਆ ਹੈ।

ਬੀ. ਟੂ. ਸੀ. ਤਹਿਤ ਗਾਹਕਾਂ ਦੇ ਬਿੱਲ ਨਾ ਕੱਟਣ ਵਾਲਿਆਂ ’ਤੇ ਕਾਰਵਾਈ
ਬੀ. ਟੂ. ਸੀ. ਦਾ ਮਤਲਬ ਹੁੰਦਾ ਹੈ (ਬਿਜ਼ਨੈੱਸ ਟੂ ਕੰਜ਼ਿਊਮਰ) ਅਤੇ ਇਸ ਤਹਿਤ ਬਿੱਲ ਕੱਟਣਾ ਜ਼ਰੂਰੀ ਹੁੰਦਾ ਹੈ। ਜਦੋਂ ਕੋਈ ਦੁਕਾਨਦਾਰ ਸਿੱਧਾ ਕਿਸੇ ਕੰਜ਼ਿਊਮਰ (ਗਾਹਕ ਨੂੰ) ਪ੍ਰੋਡਕਟ ਜਾਂ ਸਰਵਿਸ ਵੇਚਦਾ ਹੈ ਤਾਂ ਉਸਨੂੰ (ਬੀ. ਟੂ. ਸੀ.) ਟਰਾਂਜੈਕਸ਼ਨ ਕਿਹਾ ਜਾਂਦਾ ਹੈ। ਇਸ ਵਿਚ ਸੰਬੰਧਤ ਵਿਅਕਤੀ ਆਪਣੇ ਗਾਹਕਾਂ ਨੂੰ ਬਿੱਲ ਜਾਰੀ ਕਰਦਾ ਹੈ ਪਰ ਗਾਹਕਾਂ ਨੂੰ ਜੀ. ਐੱਸ. ਟੀ. ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੁੰਦੀ। ਉਕਤ ਇਨਵਾਇਸ (ਬਿੱਲ) ਵਿਚ ਗਾਹਕ ਦਾ ਜੀ. ਐੱਸ. ਟੀ. ਨੰਬਰ ਸ਼ਾਮਲ ਨਹੀਂ ਹੁੰਦਾ ਕਿਉਂਕਿ ਇਹ ਇਨਵਾਇਸ ਉਨ੍ਹਾਂ ਲੋਕਾਂ ਲਈ ਹੁੰਦੇ ਹਨ, ਜਿਹੜੇ ਜੀ. ਐੱਸ. ਟੀ. ਅਧੀਨ ਰਜਿਸਟਰਡ ਨਹੀਂ ਹੁੰਦੇ। ਇਸੇ ਸਿਲਸਿਲੇ ਵਿਚ ਗਾਹਕਾਂ ਦਾ ਬਿੱਲ ਨਾ ਕੱਟਣ ਵਾਲੇ ਦੁਕਾਨਦਾਰਾਂ ’ਤੇ ਕਾਰਵਾਈ ਹੁੰਦੀ ਹੈ ਅਤੇ ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ- ਗੁਰਪ੍ਰੀਤ ਸਿੰਘ ਕਤਲ ਮਾਮਲੇ 'ਚ ਪੰਜਾਬ DGP ਦੇ ਵੱਡੇ ਖ਼ੁਲਾਸੇ, ਅ੍ਰੰਮਿਤਪਾਲ ਦਾ ਨਾਂ ਆਇਆ ਸਾਹਮਣੇ

ਛੁੱਟੀ ਵਾਲੇ ਦਿਨ ਵੀ ਫੀਲਡ ’ਚ ਰਹਿਣਗੇ ਅਧਿਕਾਰੀ : ਦਰਵੀਰ ਰਾਜ
ਡੀ. ਸੀ. ਟੈਕਸੇਸ਼ਨ ਦਰਵੀਰ ਰਾਜ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਆਫ ਡੇਅ (ਛੁੱਟੀ ਵਾਲੇ ਦਿਨ) ਵੀ ਅਧਿਕਾਰੀ ਫੀਲਡ ਵਿਚ ਰਹਿਣਗੇ। ਟੈਕਸ ਕੁਲੈਕਸ਼ਨ ਵਿਚ ਨਿਯਮਾਂ ਦਾ ਉਲੰਘਣ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਮਸ਼ਹੂਰ ਸੂਫ਼ੀ ਗਾਇਕ 'ਤੇ ਟੁੱਟਿਆ ਦੁੱਖ਼ਾਂ ਦਾ ਪਹਾੜ, ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News