ਪੌਣੇ ਘੰਟੇ ਦੀ ਬਰਸਾਤ ਨਾਲ 10 ਡਿਗਰੀ ਤਕ ਘਟਿਆ ਤਾਪਮਾਨ, ਲੋਕਾਂ ਨੂੰ ਮਿਲੀ ਰਾਹਤ

06/30/2022 6:23:25 PM

ਨਵਾਂਸ਼ਹਿਰ (ਤ੍ਰਿਪਾਠੀ)-ਨਵਾਂਸ਼ਹਿਰ ਵਿਖੇ ਅੱਜ ਸਵੇਰੇ ਕਰੀਬ ਪੌਣੇ ਘੰਟੇ ਲਈ ਹੋਈ 17 ਐੱਮ. ਐੱਮ. ਬਰਸਾਤ ਨਾਲ ਨਾ ਸਿਰਫ਼ 10 ਡਿਗਰੀ ਤਕ ਤਾਪਮਾਨ ਘਟਿਆ, ਸਗੋਂ ਸ਼ਹਿਰ ਦੇ ਕਈ ਮੁਹੱਲੇ ਅਤੇ ਸਡ਼ਕਾਂ ’ਤੇ ਜਲ ਭਰਾਓ ਹੋਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ’ਚ ਵੀ ਵਾਧਾ ਹੋਇਆ ਹੈ, ਜਿਸ ਨਾਲ ਨਗਰ ਕੌਂਸਲ ਦੀ ਬਰਸਾਤ ਤੋਂ ਪਹਿਲਾਂ ਸੀਵਰੇਜ ਲਾਈਨਾਂ ਨੂੰ ਦਰੁੱਸਤ ਕਰਨ ਦੀਆਂ ਤਿਆਰੀਆਂ ਦੀ ਵੀ ਪੋਲ ਖੁੱਲ੍ਹ ਗਈ ਹੈ।

ਅੱਜ ਸਵੇਰੇ ਤਕਰੀਬਨ ਸਾਢੇ 6 ਵਜੇ ਤੇਜ਼ ਰਫਤਾਰ ਨਾਲ ਸ਼ੁਰੂ ਹੋਈ ਬਰਸਾਤ ਸਵਾ 7 ਵਜੇ ਤਕ ਜਾਰੀ ਰਹੀ, ਜਿਸ ਦੇ ਚਲਦਿਆਂ ਸ਼ਹਿਰ ਦੇ ਸਲੋਹ ਮਾਰਗ, ਰੇਲਵੇ ਰੋਡ, ਪੰਡੋਰਾ ਮੁਹੱਲਾ, ਕੋਠੀ ਰੋਡ, ਕੁਲਾਮ ਰੋਡ ਆਦਿ ’ਤੇ ਪਾਣੀ ਭਰ ਗਿਆ ਅਤੇ ਸਡ਼ਕਾਂ ਅਤੇ ਗਲੀਆਂ ਨੇ ਨਹਿਰ ਦਾ ਰੂਪ ਲੈ ਲਿਆ। ਮੀਂਹ ਕਾਰਨ ਪੁਰਾਣੇ ਡੀ. ਸੀ. ਕੰਪਲੈਕਸ ਜਿੱਥੇ ਹੁਣ ਐੱਸ. ਡੀ. ਐੱਮ. ਦਫਤਰ ਸਮੇਤ ਸੁਵਿਧਾ ਸੈਂਟਰ, ਤਹਿਸੀਲਦਾਰ ਦਫਤਰ ਅਤੇ ਹੋਰ ਕਈ ਦਫ਼ਤਰਾਂ ਤੋਂ ਇਲਾਵਾ ਵਸੀਕਾ ਨਵੀਸ ਅਤੇ ਐਡਵੋਕੇਟ ਚੈਂਬਰ ਵੀ ਸਥਿਤ ਹਨ, ਜਲ ਮਗਨ ਹੋ ਗਏ। ਜਿਸ ਨਾਲ ਲੋਕਾਂ ਨੂੰ ਆਉਣ-ਜਾਣ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

PunjabKesari

ਅਗਲੇ ਹਫ਼ਤੇ ਤਕ ਬਰਸਾਤ ਦੀ ਸੰਭਾਵਨਾ
ਮੌਸਮ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਅਗਲੇ ਹਫ਼ਤੇ ਤਕ ਬਰਸਾਤ ਹੋਣ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਅੱਜ ਹੋਈ ਬਰਸਾਤ ਨਾਲ ਵੱਧ ਤਾਪਮਾਨ 30 ਅਤੇ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਿਹਾ। 

ਜੂਨ ਮਹੀਨੇ ਨਵਾਂਸ਼ਹਿਰ ਵਿਖੇ ਹੋਈ ਬਰਸਾਤ ਪਿਛਲੇ ਸਾਲ ਦੇ ਮੁਕਾਬਲੇ ਰਹੀ ਘੱਟ
ਖੇਤੀਬਾਡ਼ੀ ਵਿਭਾਗ ਦੇ ਮੁੱਖ ਜ਼ਿਲ੍ਹਾ ਅਫ਼ਸਰ ਡਾ. ਰਾਜਕੁਮਾਰ ਨੇ ਦੱਸਿਆ ਕਿ ਇਸ ਸਾਲ ਜੂਨ ਮਹੀਨੇ ਨਵਾਂਸ਼ਹਿਰ ’ਚ 110 ਐੱਮ. ਐੱਮ. ਅਤੇ ਬਲਾਚੌਰ ਵਿਖੇ 67.7 ਐੱਮ. ਐੱਮ. ਬਰਸਾਤ ਹੋਈ ਹੈ, ਜਦਕਿ ਸਾਲ 2021 ਦੇ ਜੂਨ ਮਹੀਨੇ ’ਚ ਨਵਾਂਸ਼ਹਿਰ ਵਿਖੇ 125.6 ਐੱਮ. ਐੱਮ. ਅਤੇ ਬਲਾਚੌਰ ਵਿਖੇ 90.7 ਐੱਮ. ਐੱਮ. ਬਰਸਾਤ ਹੋਈ ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹੀ ਹੈ।

ਫਸਲਾਂ ਲਈ ਬਰਸਾਤ ਵਰਦਾਨ
ਅੱਜ ਹੋਈ ਬਰਸਾਤ ਦੇ ਚੱਲਦਿਆਂ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਹੈ। ਕਿਸਾਨ ਪਰਮਜੀਤ ਸਿੰਘ ਪੰਮਾ, ਬਲਵੀਰ ਸਿੰਘ ਅਤੇ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਬਰਸਾਤ ਦੇ ਚੱਲਦਿਆਂ ਇਨ੍ਹੀਂ ਦਿਨ੍ਹੀਂ ਬੀਜੀਆਂ ਜਾਣ ਵਾਲੀਆਂ ਫਸਲਾਂ, ਜਿਨ੍ਹਾਂ ’ਚ ਝੋਨਾ, ਮੱਕੀ, ਦਾਲਾਂ ਅਤੇ ਤੇਲ ਆਦਿ ਲਈ ਬਰਸਾਤ ਕਾਫੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਉਚੇਚੇ ਤੌਰ ’ਤੇ ਝੋਨੇ ਲਈ ਵੱਧ ਪਾਣੀ ਦੀ ਲੋਡ਼ ਹੁੰਦੀ ਹੈ। ਜੇਕਰ ਬਰਸਾਤ ਠੀਕ-ਠੀਕ ਹੁੰਦੀ ਰਹੀ ਤਾਂ ਕਿਸਾਨਾਂ ਨੂੰ ਟਿਊਬਵੈੱਲਾਂ ਨਾਲ ਪਾਣੀ ਲਗਾਉਣ ਤੋਂ ਨਿਜਾਤ ਮਿਲੇਗੀ, ਜਿਸ ਨਾਲ ਪਾਣੀ, ਸਮੇਂ ਅਤੇ ਡੀਜ਼ਲ ਦੀ ਬੱਚਤ ਹੋਵੇਗੀ। ਜ਼ਿਲਾ ਚੀਫ ਖੇਤੀ ਬਾਡ਼ੀ ਅਫਸਰ ਡਾ. ਰਾਜਕੁਮਾਰ ਨੇ ਵੀ ਬਰਸਾਤ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਢੁੱਕਵੀਂ ਬਰਸਾਤ ਹੋਣ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇਗੀ।

PunjabKesari

ਆਉਣ ਵਾਲੇ ਦਿਨਾਂ ਵਿਚ ਕਿਸ ਤਰ੍ਹਾਂ ਰਹੇਗਾ ਤਾਪਮਾਨ

ਦਿਨ               ਵੱਧ ਤਾਪਮਾਨ               ਘੱਟ ਤਾਪਮਾਨ

ਵੀਰਵਾਰ               30                             26

ਸ਼ੁੱਕਰਵਾਰ               32                             27

ਸ਼ਨੀਵਾਰ               34                             28

ਐਤਵਾਰ               34                             28

ਸੋਮਵਾਰ                34                             27

ਮੰਗਲਵਾਰ             33                             29


Manoj

Content Editor

Related News