ਔਰਤਾਂ ਨੂੰ ਮੁਫ਼ਤ ਸਫ਼ਰ ਦਾ ਵਿਰੋਧ : 10 ਘੰਟੇ 6700 ਪ੍ਰਾਈਵੇਟ ਬੱਸਾਂ ਦਾ ਰਿਹਾ ਚੱਕਾ ਜਾਮ
Wednesday, Aug 10, 2022 - 12:53 PM (IST)
ਜਲੰਧਰ (ਪੁਨੀਤ)– ਪੰਜਾਬ ਵਿਚ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਦਿੱਤੀ ਜਾ ਰਹੀ ਮੁਫ਼ਤ ਸਫ਼ਰ ਦੀ ਸਹੂਲਤ ਖ਼ਿਲਾਫ਼ ਪੰਜਾਬ ਮੋਟਰ ਯੂਨੀਅਨ ਨੇ ਮੋਰਚਾ ਖੋਲ੍ਹਦਿਆਂ ਬੀਤੇ ਦਿਨ 10 ਘੰਟਿਆਂ ਲਈ 6700 ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਕੀਤਾ, ਜਿਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ 2200 ਵੱਡੀਆਂ ਬੱਸਾਂ, ਜਦਕਿ 4500 ਮਿੰਨੀ ਬੱਸਾਂ ਨਹੀਂ ਚਲਾਈਆਂ ਗਈਆਂ। ਪੰਜਾਬ ਭਰ ਵਿਚ ਹੋਏ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਚਿਤਾਵਨੀ ਦਿੱਤੀ ਗਈ ਕਿ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਉਚਿਤ ਕਦਮ ਨਾ ਚੁੱਕਿਆ ਤਾਂ 14 ਅਗਸਤ ਨੂੰ ਹਾਈਵੇ ਜਾਮ ਕਰਕੇ ਪ੍ਰਾਈਵੇਟ ਬੱਸ ਨੂੰ ਅੱਗ ਲਾਈ ਜਾਵੇਗੀ ਤਾਂ ਕਿ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਸਕੇ।
ਇਹ ਵੀ ਪੜ੍ਹੋ: ਮੁੜ ਚਰਚਾ 'ਚ ਪੰਜਾਬ ਦਾ ਸਿਹਤ ਮਹਿਕਮਾ, ਮੰਤਰੀ ਜੌੜਾਮਾਜਰਾ ਨੇ ਦਫ਼ਤਰ ਦੇ ਬਾਹਰ ਚਿਪਕਾਇਆ ਇਹ ਨੋਟਿਸ
ਪੰਜਾਬ ਮੋਟਰ ਯੂਨੀਅਨ ਦੇ ਸੱਦੇ ’ਤੇ ਦੋਆਬਾ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਬੱਸ ਅੱਡੇ ਵਿਚ ਸਵੇਰੇ ਧਰਨਾ-ਪ੍ਰਦਰਸ਼ਨ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਪਣੀ ਭੜਾਸ ਕੱਢੀ, ਜਿਸ ਦਾ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਸਮਰਥਨ ਕੀਤਾ ਗਿਆ। ਮਿੰਨੀ ਬੱਸ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਨ ਨਾਗਰਾ ਨੇ ਕਿਹਾ ਕਿ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਕਾਰਨ ਪ੍ਰਾਈਵੇਟ ਬੱਸ ਆਪ੍ਰੇਟਰ ਆਰਥਿਕ ਤੰਗੀ ਦੇ ਹਾਲਾਤ ਵਿਚੋਂ ਲੰਘ ਰਹੇ ਹਨ। ਇਸ ਪਰੇਸ਼ਾਨੀ ਬਾਰੇ ਪਿਛਲੀਆਂ ਸਰਕਾਰਾਂ ਤੱਕ ਕਈ ਵਾਰ ਮੰਗ ਪਹੁੰਚਾਈ ਗਈ ਸੀ ਪਰ ਕੋਈ ਹੱਲ ਨਹੀਂ ਹੋਇਆ। ਹੁਣ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਕੋਈ ਉਚਿਤ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਬੱਸਾਂ ਦੇ ਡੀਜ਼ਲ ਦਾ ਖ਼ਰਚ ਕੱਢਣਾ ਵੀ ਮੁਸ਼ਕਿਲ ਹੋ ਰਿਹਾ ਹੈ।
ਸਵੇਰੇ 7 ਤੋਂ ਲੈ ਕੇ ਸ਼ਾਮ 5 ਵਜੇ ਤੱਕ ਲਗਭਗ 10 ਘੰਟੇ ਚੱਲੇ ਇਸ ਧਰਨਾ-ਪ੍ਰਦਰਸ਼ਨ ਦੌਰਾਨ ਪ੍ਰਾਈਵੇਟ ਬੱਸਾਂ ਦੇ ਚਾਲਕ ਦਲ, ਸੰਚਾਲਕ ਅਤੇ ਉਨ੍ਹਾਂ ਦੇ ਸਹਿਯੋਗੀ ਕਾਊਂਟਰਾਂ ਨੇੜੇ ਬੈਠ ਕੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਰਹੇ। ਇਸ ਦੌਰਾਨ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਸੰਦੀਪ ਸ਼ਰਮਾ ਨੇ ਕਿਹਾ ਕਿ ਲਾਕਡਾਊਨ ਦੇ ਬਾਅਦ ਤੋਂ ਹਾਲਾਤ ਬਹੁਤ ਬਦਲ ਚੁੱਕੇ ਹਨ ਅਤੇ ਇਸ ਸਮੇਂ ਟੈਕਸਾਂ ਦੀ ਅਦਾਇਗੀ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਕਾਰਨ ਜੁਲਾਈ ਤੱਕ ਦੀ ਬਕਾਇਆ ਟੈਕਸ ਮੁਆਫ਼ੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
ਇਹ ਵੀ ਪੜ੍ਹੋ: 300 ਯੂਨਿਟ ਮੁਫ਼ਤ ਬਿਜਲੀ: ਡਿਫੈਕਟਿਵ ਮੀਟਰਾਂ ਤੋਂ ਸਹੀ ਰੀਡਿੰਗ ਲੈਣਾ ਪਾਵਰਕਾਮ ਲਈ ਬਣੇਗਾ ਮੁਸੀਬਤ
ਉਥੇ ਹੀ, ਬੱਸਾਂ ਦੇ ਚੱਕਾ ਜਾਮ ਕਾਰਨ ਕਈ ਰੂਟਾਂ ਦੀਆਂ ਬੱਸਾਂ ਨਾ ਮਿਲਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ ਅਤੇ ਆਪਣੇ ਰੂਟ ਦੀਆਂ ਬੱਸਾਂ ਲੱਭਣ ਲਈ ਯਾਤਰੀ ਇਧਰ-ਉਧਰ ਭਟਕਦੇ ਨਜ਼ਰ ਆਏ। ਧਰਨੇ ਵਿਚ ਸ਼ਾਮਲ ਜਰਨੈਲ ਸਿੰਘ, ਹਰਦੀਪ ਸਿੰਘ ਸਿੱਧੂ, ਮੰਗਤ ਸਿੰਘ, ਪ੍ਰਦੀਪ ਕੁਮਾਰ, ਦਲਜੀਤ ਸਿੰਘ, ਤਰਨਜੀਤ ਸਿੰਘ, ਜੰਗ ਬਹਾਦਰ ਸਮੇਤ ਦੋਆਬਾ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਪ੍ਰਾਈਵੇਟ ਤੇ ਮਿੰਨੀ ਬੱਸ ਆਪ੍ਰੇਟਰ ਸ਼ਾਮਲ ਹੋਏ। ਹਾਲਾਂਕਿ ਇਸ ਦੌਰਾਨ ਸਰਕਾਰੀ ਬੱਸਾਂ ਦੀ ਆਵਾਜਾਈ ਰੁਟੀਨ ਵਾਂਗ ਜਾਰੀ ਰਹੀ, ਨਹੀਂ ਤਾਂ ਯਾਤਰੀਆਂ ਦੀ ਪ੍ਰੇਸ਼ਾਨੀ ਬਹੁਤ ਵਧ ਜਾਂਦੀ।
ਪ੍ਰਾਈਵੇਟ ਬੱਸਾਂ ’ਚ ਮੁਫ਼ਤ ਸਫ਼ਰ ਦੀ ਅਦਾਇਗੀ ਕਰੇ ਸਰਕਾਰ
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਜੇਕਰ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣਾ ਚਾਹੁੰਦੀ ਹੈ ਤਾਂ ਪ੍ਰਾਈਵੇਟ ਬੱਸਾਂ ਵਿਚ ਵੀ ਇਸਦਾ ਬਦਲ ਸ਼ੁਰੂ ਕੀਤਾ ਜਾਵੇ। ਪ੍ਰਾਈਵੇਟ ਬੱਸਾਂ ਵਿਚ ਸਰਕਾਰੀ ਬੱਸਾਂ ਦੀ ਤਰਜ਼ ’ਤੇ ਔਰਤਾਂ ਨੂੰ ਦਿੱਤੇ ਜਾਣ ਵਾਲੇ ਮੁਫ਼ਤ ਸਫ਼ਰ ਦੀ ਰਾਸ਼ੀ ਸਬੰਧੀ ਅਦਾਇਗੀ ਸਰਕਾਰ ਵੱਲੋਂ ਕੀਤੀ ਜਾਵੇ। ਇਸ ਨਾਲ ਔਰਤਾਂ ਨੂੰ ਲਾਭ ਹੋਵੇਗਾ ਅਤੇ ਪ੍ਰਾਈਵੇਟ ਆਪ੍ਰੇਟਰ ਆਰਥਿਕ ਤੰਗੀ ਤੋਂ ਉਭਰ ਪਾਉਣਗੇ। ਸਰਕਾਰ ਨੇ ਇਸ ਸਬੰਧ ਵਿਚ ਕੋਈ ਕਦਮ ਨਾ ਚੁੱਕਿਆ ਤਾਂ 6700 ਬੱਸਾਂ ਨਾਲ ਜੁੜੇ ਚਾਲਕ ਦਲ, ਬੱਸ ਆਪ੍ਰੇਟਰ, ਮੁਰੰਮਤ ਦਾ ਕੰਮ ਕਰਨ ਵਾਲਿਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਬੇਰੋਜ਼ਗਾਰ ਹੋ ਜਾਣਗੇ, ਜਿਸ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ’ਚ ਸਬ ਇੰਸਪੈਕਟਰਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ, ਇੰਝ ਹੋਵੇਗੀ ਪ੍ਰੀਖਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ