ਪੰਜਾਬ ਦੇਸ਼ ਭਰ ’ਚ ਰੋਸ-ਪ੍ਰਦਰਸ਼ਨਾਂ ਤੇ ਅੰਦੋਲਨਾਂ ਦੀ ਰਾਜਧਾਨੀ ਬਣਿਆ, ਰੋਜ਼ਾਨਾ 38 ਪ੍ਰਦਰਸ਼ਨ

Wednesday, Dec 15, 2021 - 01:37 AM (IST)

ਪੰਜਾਬ ਦੇਸ਼ ਭਰ ’ਚ ਰੋਸ-ਪ੍ਰਦਰਸ਼ਨਾਂ ਤੇ ਅੰਦੋਲਨਾਂ ਦੀ ਰਾਜਧਾਨੀ ਬਣਿਆ, ਰੋਜ਼ਾਨਾ 38 ਪ੍ਰਦਰਸ਼ਨ

ਜਲੰਧਰ(ਐੱਨ. ਮੋਹਨ)– ਅਰਥੀ ਫੂਕ ਮੁਜ਼ਾਹਰੇ ਅਤੇ ਅੰਦੋਲਨਾਂ ਦੇ ਮਾਮਲੇ ਵਿਚ ਪੰਜਾਬ ਦੇਸ਼ ਵਿਚ ਤੇਜ਼ੀ ਨਾਲ ਸਿਖਰ ’ਤੇ ਜਾ ਰਿਹਾ ਹੈ। ਸਾਲ 2010 ਵਿਚ 2452 ਅੰਦੋਲਨਾਂ ਅਤੇ ਰੋਸ ਮੁਜ਼ਾਹਰਿਆਂ ਵਾਲੇ ਪੰਜਾਬ ਵਿਚ ਸਾਲ 2020 ਤੱਕ 14000 ਤੋਂ ਵੱਧ ਰੋਸ ਮੁਜ਼ਾਹਰੇ ਹੋ ਚੁੱਕੇ ਸਨ, ਜਿਸ ਵਿਚ ਇਸ ਸਾਲ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ, ਯਾਨੀ 6 ਗੁਣਾ ਤੋਂ ਵੱਧ।
ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਦਾ ਗ੍ਰਹਿ ਜ਼ਿਲਾ ਰੂਪਨਗਰ ਧਰਨੇ-ਪ੍ਰਦਰਸ਼ਨਾਂ ਦੀ ਰਾਜਧਾਨੀ ਬਣਿਆ ਹੋਇਆ ਹੈ ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਸ਼ਹਿਰ ਪਟਿਆਲਾ ਵਿਚ ਵੀ ਧਰਨੇ ਜਾਰੀ ਹਨ। ਪੰਜਾਬ ਸਰਕਾਰ ਨੇ ਵਾਟਰ ਵਰਕਸ ਦੀਆਂ ਟੈਂਕੀਆਂ ’ਤੇ ਚੜ੍ਹਨ ’ਤੇ ਵੀ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਰਕਾਰ ਧਰਨਾਕਾਰੀਆਂ ਨੂੰ ਟੈਂਕੀਆਂ ’ਤੇ ਚੜ੍ਹਨ ਤੋਂ ਰੋਕਣ ’ਚ ਅਸਫਲ ਰਹੀ ਹੈ।

ਅਸਲ ਵਿਚ ਚੋਣਾਂ ਤੋਂ ਪਹਿਲਾਂ ਲੀਡਰਾਂ ਵੱਲੋਂ ਬੇਰੁਜ਼ਗਾਰਾਂ, ਐਡਹਾਕ ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀ ਜਥੇਬੰਦੀਆਂ, ਮਜ਼ਦੂਰਾਂ ਆਦਿ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਅਤੇ ਜਦੋਂ ਅਜਿਹੇ ਵਾਅਦੇ ਪੂਰੇ ਹੁੰਦੇ ਨਜ਼ਰ ਨਹੀਂ ਆਉਂਦੇ ਤਾਂ ਅੰਦੋਲਨ ਸ਼ੁਰੂ ਹੋ ਜਾਂਦੇ ਹਨ। ਚੋਣਾਂ ਤੋਂ ਪਹਿਲਾਂ ਸਰਕਾਰਾਂ ਵੱਲੋਂ ਵੀ ਵੋਟਾਂ ਦੇ ਲਾਲਚ ਕਾਰਨ ਹਰ ਕਿਸੇ ਦੀ ਗੱਲ ਮੰਨਣ ਦੀ ਰਣਨੀਤੀ ਵੀ ਅੰਦੋਲਨਕਾਰੀਆਂ ਨੂੰ ਫਿੱਟ ਲੱਗਦੀ ਹੈ।

ਪੰਜਾਬ ਵਿਚ ਇਸ ਵੇਲੇ ਠੇਕਾ ਬੱਸ ਕਾਮੇ, ਪੇਂਡੂ ਮਜ਼ਦੂਰ ਯੂਨੀਅਨ, ਹੋਮ ਗਾਰਡ, ਬੇਰੁਜ਼ਗਾਰ ਅਧਿਆਪਕ, ਪੀ. ਟੀ. ਆਈ. ਅਧਿਆਪਕ, ਸਾਂਝਾ ਮਜ਼ਦੂਰ ਮੋਰਚਾ, ਥਰਮਲ ਕੰਟਰੈਕਟ ਵਰਕਰ, ਈ. ਟੀ. ਟੀ. ਅਧਿਆਪਕ, ਟਰੱਕ-ਕੈਂਟਰ ਯੂਨੀਅਨਾਂ, ਐੱਸ. ਸੀ./ਬੀ. ਸੀ. ਮੁਲਾਜ਼ਮ ਅਤੇ ਲੋਕ ਏਕਤਾ ਫਰੰਟ ਸਮੇਤ ਲਗਭਗ ਡੇਢ ਦਰਜਨ ਮੁਲਾਜ਼ਮ ਤੇ ਗੈਰ-ਮੁਲਾਜ਼ਮ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਹਨ। ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਉਨ੍ਹਾਂ ਦੇ ਪਿਛਲੇ ਸਾਲ ਦੇ ਕਾਰਜਕਾਲ ਦੌਰਾਨ ਸਿਰਫ਼ ਇਕ ਸਾਲ ਵਿਚ ਹੀ ਪਟਿਆਲਾ ਵਿਚ 1153 ਅੰਦੋਲਨ ਹੋਏ।

ਇਨ੍ਹਾਂ ਅੰਦੋਲਨਾਂ ਵਿਚ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਲਈ ਜ਼ਿਲਾ ਪ੍ਰਸ਼ਾਸਨ ਨੂੰ ਹੋਰਨਾਂ ਜ਼ਿਲਿਆਂ ਤੋਂ ਵਾਧੂ ਪੁਲਸ ਬਲ ਬੁਲਾਉਣੇ ਪਏ। ਇਥੋਂ ਤੱਕ ਕਿ ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਕ ਰਿਜ਼ਰਵ ਬਟਾਲੀਅਨ ਵੀ ਬੁਲਾਉਣੀ ਪਈ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕਈ ਪੁਲਸ ਅਤੇ ਅੰਦੋਲਨਕਾਰੀ ਜ਼ਖਮੀ ਹੋਏ ਹਨ; ਕਈਆਂ ਨੇ ਨਹਿਰ ’ਚ ਛਾਲ ਮਾਰ ਦਿੱਤੀ ਜਾਂ ਮੋਬਾਈਲ ਟਾਵਰ ’ਤੇ ਚੜ੍ਹ ਗਏ ਸਨ।

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਲੋਕ ਸਭਾ ’ਚ ਇਕ ਸਵਾਲ ਦੇ ਜਵਾਬ ’ਚ ਇਸ ਬਾਰੇ ਜਾਣਕਾਰੀ ਦਿੱਤੀ। ਰੇਲਵੇ ਵੱਲੋਂ ਜਾਰੀ ਸੂਚਨਾ ਵਿਚ ਦੱਸਿਆ ਗਿਆ ਹੈ ਕਿ ਇਸ ਸਾਲ ਅਕਤੂਬਰ ਮਹੀਨੇ ਵਿਚ ਰੇਲਵੇ ਦੇ ਉੱਤਰੀ ਜ਼ੋਨ ਵਿਚ 1212 ਧਰਨਾ ਪ੍ਰਦਰਸ਼ਨ ਹੋਏ। ਇਸ ਕਾਰਨ ਉੱਤਰੀ ਰੇਲਵੇ ਨੂੰ ਕਰੀਬ 22,5800000 ਰੁਪਏ ਦਾ ਨੁਕਸਾਨ ਹੋਇਆ ਹੈ।

ਇੱਕ ਸਮਾਂ ਸੀ ਜਦੋਂ ਪੰਜਾਬ ਨੂੰ ‘ਹਰੇ ਇਨਕਲਾਬ’ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ, ਜਿਸ ਨੇ ਦੇਸ਼ ਨੂੰ ਅਨਾਜ ਦੀ ਪੈਦਾਵਰ ਵਿਚ ਆਤਮ-ਨਿਰਭਰ ਬਣਾਇਆ ਸੀ। ਰਾਜ ਨੇ 80 ਅਤੇ 90 ਦੇ ਦਹਾਕੇ ਦੇ ਮੱਧ ਵਿਚ ਅੱਤਵਾਦ ਦਾ ਸਾਹਮਣਾ ਕੀਤਾ ਅਤੇ ਅੱਤਵਾਦ ਦੇ ਕਾਲੇ ਬੱਦਲਾਂ ਨੂੰ ਦੂਰ ਕਰਨ ਵਿਚ ਦਹਾਕੇ ਲੱਗ ਗਏ।

ਉਂਜ ਇਕ ਸਾਲ ਪਹਿਲਾਂ ਤੱਕ ਪੰਜਾਬ ਨੂੰ ‘ਸੁਸਾਈਡ ਜ਼ੋਨ’ ਕਿਹਾ ਜਾ ਰਿਹਾ ਸੀ। ਹੁਣ 5 ਦਰਿਆਵਾਂ ਦੀ ਧਰਤੀ ‘ਅੰਦੋਲਨਾਂ’ ਦੀ ਧਰਤੀ ਬਣ ਗਈ ਹੈ। ਗ੍ਰਹਿ ਮੰਤਰਾਲਾ ਦੀ ਰਿਪੋਰਟ ਅਨੁਸਾਰ ਪੰਜਾਬ ਭਾਰਤ ਦੇ ਉਨ੍ਹਾਂ ਚੋਟੀ ਦੇ 3 ਰਾਜਾਂ ਵਿਚ ਸ਼ਾਮਲ ਹੈ, ਜਿਥੇ ਲਗਾਤਾਰ ਵਿਰੋਧ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ।

ਇਕੱਲੇ 2016 ਵਿਚ ਸੂਬੇ ਵਿਚ 11800 ਅੰਦੋਲਨ ਹੋਏ, ਭਾਵ ਪ੍ਰਤੀ ਦਿਨ 32 ਤੋਂ ਵੱਧ ਪ੍ਰਦਰਸ਼ਨ। ਜ਼ਿਆਦਾਤਰ ਮੁਜ਼ਾਹਰੇ ਮੁਲਾਜ਼ਮਾਂ ਵੱਲੋਂ ਕੀਤੇ ਗਏ। ਕੇਂਦਰੀ ਗ੍ਰਹਿ ਮੰਤਰਾਲਾ ਦੀ ਰਿਪੋਰਟ ਅਨੁਸਾਰ ਸਾਲ 2016 ਦੇ ਅੰਕੜਿਆਂ ਅਨੁਸਾਰ ਅੰਦੋਲਨਾਂ ਵਿਚ ਉਤਰਾਖੰਡ, ਤਾਮਿਲਨਾਡੂ ਤੋਂ ਬਾਅਦ ਪੰਜਾਬ ਤੀਜੇ ਨੰਬਰ ’ਤੇ ਹੈ। ਸਾਲ 2014 ਅਤੇ ਫਿਰ ਬਾਅਦ ’ਚ 2015 ਵਿਚ ਪੰਜਾਬ ਦੂਜੇ ਨੰਬਰ ’ਤੇ ਸੀ।


author

Bharat Thapa

Content Editor

Related News