12ਵੀਂ ਦੇ ਨਤੀਜੇ ’ਚ ਕੁੜੀਆਂ ਨੇ ਮਾਰੀ ਬਾਜ਼ੀ, ਗੁਰਤੀਰਥ ਕੌਰ ਨੇ ਕੀਤਾ ਕਪੂਰਥਲਾ ਜ਼ਿਲ੍ਹੇ ’ਚ ਟੌਪ

06/29/2022 6:19:20 PM

ਕਪੂਰਥਲਾ (ਮੱਲ੍ਹੀ)- ਵਿਦਿਅਕ ਸੈਸ਼ਨ 2021-22 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਬਾਰ੍ਹਵੀ ਜਮਾਤ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਸਾਲਾਨਾ ਨਤੀਜਿਆਂ ਦੀ ਬੋਰਡ ਵੱਲੋਂ ਮੈਰਿਟ ਲਿਸਟ ਐਲਾਨ ਦਿੱਤੀ ਗਈ ਹੈ। 12ਵੀਂ ਦੇ ਨਤੀਜਿਆਂ ’ਚ ਇਸ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਹੈ। ਸਰਕਾਰੀ ਸੀਨੀਅਰ ਸਕੰਡਰੀ ਸਮਾਰਟ ਸਕੂਲ ਬਲੇਰ ਖਾਨਪੁਰ (ਕਪੂਰਥਲਾ) ਦੀ ਵਿਦਿਆਰਥਣ ਗੁਰਤੀਰਥ ਕੌਰ ਪੁੱਤਰੀ ਲਖਵੀਰ ਸਿੰਘ ਨੇ ਆਰਟਸ ਗਰੁੱਪ ’ਚ 98.60 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਜਿੱਥੇ ਜ਼ਿਲੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਉਥੇ ਉਸ ਨੇ ਪੰਜਾਬ ਦੀ ਮੈਰਿਟ ਸੂਚੀ ਵਿਚ 37ਵਾਂ ਸਥਾਨ ਪ੍ਰਾਪਤ ਕੀਤਾ ਹੈ।

ਇਸੇ ਤਰ੍ਹਾਂ ਸੀਨੀਅਰ ਸੈਕੰਡਰੀ (ਕੰਨਿਆ) ਸਮਾਰਟ ਸਕੂਲ ਘੰਟਾ ਘਰ (ਕਪੂਰਥਲਾ) ਦੀ ਵਿਦਿਆਰਥਣ ਆਇਸ਼ਾ ਸੂਦ ਪੁੱਤਰੀ ਰਾਜੀਵ ਸੂਦ ਨੇ ਕਾਮਰਸ ਗਰੁਪ ’ਚ 97.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਦੂਜਾ ਅਤੇ ਪੰਜਾਬ ’ਚੋਂ 9ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਦਸਮੇਸ਼ ਅਕੈਡਮੀ ਨਡਾਲਾ ਦੀ ਵਿਦਿਆਰਥਣ ਰਮਨਦੀਪ ਕੌਰ ਪੱਡਾ ਪੁੱਤਰੀ ਜਵਾਲਾ ਸਿੰਘ ਪੱਡਾ ਨੇ 97.80 ਫ਼ੀਸਦੀ ਅੰਕ ਹਾਸਲ ਕਰਕੇ ਜ਼ਿਲ੍ਹੇ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਇਹ ਵੀ ਪੜ੍ਹੋ: ਤਲਾਕਸ਼ੁਦਾ ਔਰਤ ਨੂੰ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ,ਜਬਰ-ਜ਼ਿਨਾਹ ਕਰਕੇ ਗਰਭਵਤੀ ਹੋਣ ਮਗਰੋਂ ਕੀਤਾ ਇਹ ਕਾਰਾ

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਨੇ ਬਾਰ੍ਹਵੀਂ ਜਮਾਤ ਦੇ ਸਾਲਾਨਾ ਪ੍ਰੀਖਿਆਵਾਂ ’ਚੋਂ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਮੁਖੀਆਂ ਨੂੰ ਸੁਭਕਾਮਨਾਵਾਂ ਦਿੰਦਿਆਂ ਆਖਿਆ ਕਿ ਇਹ ਸਭ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ 8ਵੀਂ ਜਮਾਤ ਦੇ ਸਾਲਾਨਾ ਨਤੀਜਿਆਂ ’ਚ ਵੀ ਵਿਦਿਆਰਥੀਆਂ ਦੀ ਸਟੇਟ ਪੱਧਰ ’ਤੇ ਵਧੀਆ ਕਾਰਗੁਜ਼ਾਰੀ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਦਸਵੀਂ ਜਮਾਤ ਦੇ ਸਾਲਾਨਾ ਨਤੀਜਿਆਂ ’ਚ ਜ਼ਿਲ੍ਹਾ ਕਪੂਰਥਲਾ ਦੇ ਵਿਦਿਆਰਥੀ, ਜ਼ਿਲ੍ਹੇ ਦਾ ਨਾਂ ਪੰਜਾਬ ਪੱਧਰ ’ਤੇ ਰੌਸ਼ਨ ਕਰਨਗੇ।

ਆਈ. ਏ. ਐੱਸ ਅਫ਼ਸਰ ਬਣਨਾ ਚਾਹੁੰਦੀ ਹੈ ਗੁਰਤੀਰਥ ਕੌਰ
ਵਿਦਿਅਕ ਸੈਸਨ 2021-22 ਦੌਰਾਨ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ’ਚੋਂ ਜ਼ਿਲ੍ਹਾ ਪੱਧਰ ’ਤੇ ਆਰਟਸ ਗਰੁੱਪ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਗੁਰਤੀਰਥ ਕੌਰ ਨੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਆਖਿਆ ਕਿ ਉਹ ਉਚੇਰੀ ਪੜ੍ਹਾਈ ਕਰਕੇ ਆਈ. ਏ. ਐੱਸ. ਅਫਸਰ ਬਣਨਾ ਚਾਹੁੰਦੀ ਹੈ, ਜਿਸ ਲਈ ਉਹ ਸਖਤ ਮਿਹਨਤ ਕਰੇਗੀ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੇਗੀ। ਖ਼ੁਸ਼ੀ ’ਚ ਖੀਵੇ ਹੋਏ ਗੁਰਤੀਰਥ ਕੌਰ ਦੇ ਪਿਤਾ ਲਖਵੀਰ ਸਿੰਘ, ਮਾਤਾ ਰਾਜਵੀਰ ਕੌਰ, ਦਾਦੀ ਮੋਹਿੰਦਰ ਕੌਰ ਅਤੇ ਵੀਰ ਅਰਸਪ੍ਰੀਤ ਸਿੰਘ ਨੇ ਵਿਦਿਆਰਥਣ ਗੁਰਤੀਰਥ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਆਪਣੀ ਹੋਣਹਾਰ ਧੀ ਦਾ ਉਚੇਰੀ ਸਿੱਖਿਆ ਹਾਸਲ ਕਰ ਕੇ ਆਈ. ਏ. ਐੱਸ. ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਲਿਆ।

PunjabKesari

ਵਕਾਲਤ ਕਰਨਾ ਚਾਹੁੰਦੀ ਹੈ ਰਮਨਦੀਪ
ਬਾਰ੍ਹਵੀਂ ਜਮਾਤ ’ਚ ਜ਼ਿਲ੍ਹਾ ਪੱਧਰ ’ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਦਸ਼ਮੇਸ਼ ਅਕੈਡਮੀ ਸਕੂਲ ਨਡਾਲਾ ਦੀ ਕਾਮਰਸ ਗਰੁੱਪ ਦੀ ਵਿਦਿਆਰਥਣ ਰਮਨਦੀਪ ਕੌਰ ਪੱਡਾ ਪੁੱਤਰੀ ਜਵਾਲਾ ਸਿੰਘ ਪੱਡਾ ਕਾਨੂੰਨ ਦੀ ਪਡ਼੍ਹਾਈ ਕਰ ਕੇ ਵਕਾਲਤ ਕਰਨਾ ਚਾਹੁੰਦੀ ਹੈ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀ ਹੋਈ ਲੋਡ਼ਵੰਦ ਲੋਕਾਂ ਨੂੰ ਇਨਸਾਫ਼ ਦਿਵਾਏਗੀ। ਰਮਨਦੀਪ ਕੌਰ ਪੱਡਾ ਦੇ ਸਕੂਲ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ, ਸਕੂਲ ਦੇ ਚੈਅਰਮੈਨ ਸਵਰਨ ਸਿੰਘ ਖਾਲਸਾ, ਪਿਤਾ ਜਵਾਲਾ ਸਿੰਘ ਪੱਡਾ, ਮਾਤਾ ਬਲਜਿੰਦਰ ਕੌਰ ਪੱਡਾ ਤੇ ਮੈਡਮ ਕੁਲਵਿੰਦਰ ਕੌਰ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਆਪਣੀ ਹੋਣਹਾਰ ਵਿਦਿਆਰਥਣ ਰਮਨਦੀਪ ਕੌਰ ਪੱਡਾ ਦਾ ਉਚੇਰੀ ਸਿੱਖਿਆ ਹਾਸਲ ਕਰ ਕੇ ਵਕਾਲਤ ਕਰਨ ਦਾ ਸੁਪਨਾ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਤੇ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
PunjabKesari

ਵਿਦਿਆਰਥਣ ਆਇਸ਼ਾ ਸੂਦ ਬਣਨਾ ਚਾਹੁੰਦੀ ਹੈ ਸੀ. ਏ.
ਵਿਦਿਅਕ ਸੈਸ਼ਨ 2021-22 ਦੌਰਾਨ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਜਿਲ੍ਹਾ ਪੱਧਰ ਉੱਤੇ ਕਾਮਰਸ ਗਰੁੱਪ ਵਿੱਚ 97 .80 ਪ੍ਰਤੀਸਤ ਅੰਕ ਕਰਕੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ (ਗਰਲਜ) ਸਮਾਰਟ ਸਕੂਲ ਘੰਟਾ ਘਰ (ਕਪੂਰਥਲਾ) ਦੀ ਵਿਦਿਆਰਥਣ ਆਇਸ਼ਾ ਸੂਦ ਪੁੱਤਰੀ ਰਾਜੀਵ ਸੂਦ ਨੇ ਜੱਗ ਬਾਣੀ ਨਾਲ ਗੱਲ ਕਰਦਿਆਂ ਆਖਿਆ ਕਿ ਉਹ ਉਚੇਰੀ ਪੜ੍ਹਾਈ ਕਰਕੇ ਚਾਰਟਡ ਅਕਾਊਂਟੈਂਟ (ਸੀ.ਏ) ਅਫ਼ਸਰ ਬਣਨਾ ਚਾਹੁੰਦੀ ਹੈ, ਜਿਸ ਲਈ ਉਹ ਸਖਤ ਮਿਹਨਤ ਕਰੇਗੀ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੇਗੀ।
ਵਿਦਿਆਰਥਣ ਆਇਸ਼ਾ ਸੂਦ ਪੁੱਤਰੀ ਰਾਜੀਵ ਸੂਦ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ’ਚੋਂ ਜਿਲ੍ਹਾ ਕਪੂਰਥਲਾ ਵਿਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਦੀ ਜਦੋਂ ਖਬਰ ਲੋਕਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ। ਖੁਸ਼ੀ ’ਚ ਖੀਵੇ ਹੋਏ ਵਿਦਿਆਰਥਣ ਆਇਸ਼ਾ ਸੂਦ ਦੇ ਪਿਤਾ ਰਾਜੀਵ ਸੂਦ, ਮਾਤਾ ਰਾਧਿਕਾ ਸੂਦ ਤੇ ਵੀਰ ਸ਼ਿਵਮ ਸੂਦ ਨੇ ਵਿਦਿਆਰਥਣ ਆਇਸਾ ਸੂਦ ਦਾ ਮੂੰਹ ਮਿੱਠਾ ਕਰਵਾਇਆ ਤੇ ਆਪਣੀ ਹੋਣਹਾਰ ਧੀ ਦਾ ਉਚੇਰੀ ਸਿੱਖਿਆ ਹਾਸਲ ਕਰਕੇ ਸੀ. ਏ. ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਲਿਆ।

PunjabKesari

ਇਹ ਵੀ ਪੜ੍ਹੋ: ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ, ਜਨਮਦਿਨ ਦੀ ਪਾਰਟੀ ਦੌਰਾਨ ਝਗੜੇ 'ਚ ਗਈ ਸੀ ਜਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News