ਮੀਂਹ ਕਾਰਨ ਕਿਸਾਨਾਂ ਦੀ ਬਰਬਾਦ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾਏ ਸਰਕਾਰ: ਚੰਦੂਮਾਜਰਾ

Sunday, Mar 26, 2023 - 05:14 PM (IST)

ਮੀਂਹ ਕਾਰਨ ਕਿਸਾਨਾਂ ਦੀ ਬਰਬਾਦ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾਏ ਸਰਕਾਰ: ਚੰਦੂਮਾਜਰਾ

ਕਾਠਗੜ੍ਹ (ਰਾਜੇਸ਼)- ਬੇਮੌਸਮੀ ਪਈ ਬਰਸਾਤ ਕਾਰਨ ਬਰਬਾਦ ਹੋਈ ਕਣਕ ਦੀ ਫ਼ਸਲ ਨਾਲ ਜਿਹੜੇ ਕਿਸਾਨ ਆਰਥਿਕ ਪਖੋਂ ਬੁਰੀ ਤਰ੍ਹਾਂ ਨਪੀੜੇ ਗਏ ਹਨ, ਉਨ੍ਹਾਂ ਦੀ ਮਦਦ ਲਈ ਸਰਕਾਰ ਨੂੰ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਸੰਸਦ ਮੈਂਬਰ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਦੁਆਰਾ ਮਹਿੰਗੇ ਖ਼ਰਚੇ ਕਰਕੇ ਪੁੱਤਰਾਂ ਵਾਂਗ ਪਾਲੀ ਗਈ ਪੱਕਣ ’ਤੇ ਆਈ ਕਣਕ ਦੀ ਫ਼ਸਲ ਨੂੰ ਬੇਮੌਸਮੀ ਬਰਸਾਤ ਨੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਜਦਕਿ ਅਜਿਹੀ ਹਾਲਤ ਵਿਚ ਕਿਸਾਨਾਂ ਨੂੰ ਬਦਲਵੇਂ ਰੂਪ ਵਿਚ ਕੋਈ ਹੋਰ ਫ਼ਸਲ ਬੀਜਣ ਦਾ ਰਾਹ ਵੀ ਨਹੀਂ ਦਿਸ ਰਿਹਾ ਪਰ ਅਫ਼ਸੋਸ ਕਿ ਅਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਚਮਾਰੀ ਪੀੜਤ ਕਿਸਾਨਾਂ ਦੇ ਖੇਤਾਂ ਤੱਕ ਮੌਕਾ ਵੇਖਣ ਨਹੀਂ ਬਹੁੜਿਆ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ

ਉਨ੍ਹਾਂ ਕਿਹਾ ਕਿ ਪਿਛਲੇ 1 ਸਾਲ ਅੰਦਰ ਪਹਿਲਾਂ ਕੋਰੋਨਾ ਵਾਇਰਸ ਫਿਰ ਹੜ੍ਹਾਂ ਅਤੇ ਗੜਿਆਂ ਦੀ ਮਾਰ ਉਤੋਂ ਮੌਜੂਦਾ ਸਰਕਾਰ ਵੱਲੋਂ ਕੋਈ ਰਾਹਤ ਪੀੜਤਾਂ ਤੱਕ ਨਾ ਪਹੁੰਚਾਉਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਸਿਰਫ਼ ਗੱਲਾਂਬਾਤਾਂ ਰਾਹੀਂ ਹੀ ਡੰਗ ਟਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਫ਼ੌਕੀ ਬਿਆਨਬਾਜ਼ੀ ਛੱਡ ਕੇ ਅਮਲੀ ਰੂਪ ਵਿਚ ਕਿਸਾਨਾਂ ਨੂੰ ਖ਼ਰਾਬੇ ਦਾ ਮੁਆਵਜ਼ਾ ਜਾਰੀ ਕਰੇ ਕਿਉਂਕਿ ਕਿਸਾਨ ਅੱਜ ਬੇਵੱਸ ਹੈ ਅਤੇ ਅਗਲੀ ਫ਼ਸਲ ਬੀਜਣ ਦੀ ਸਥਿਤੀ ਵਿਚ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਤੁਰੰਤ ਗਿਰਦਵਾਰੀ ਕਰਵਾਉਣ ਅਤੇ ਘੱਟੋ-ਘੱਟ 20 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਪੁਰਜ਼ੋਰ ਮੰਗ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News