ਛੁੱਟੀ ਦੇ ਸਮੇਂ ਪਾਵਰ ਮਨਿਸਟਰ ਦੀ ਛਾਪੇਮਾਰੀ, 200 ਕਰਮਚਾਰੀਆਂ ਦੀ ਅਟੈਂਡੈਂਸ ਚੈੱਕ, ਹੁਣ ਡਿੱਗੇਗੀ ਗਾਜ

Friday, Dec 01, 2023 - 04:24 PM (IST)

ਜਲੰਧਰ (ਪੁਨੀਤ)–ਸਰਕਾਰੀ ਕਰਮਚਾਰੀਆਂ ਦੀ ਲੇਟ-ਲਤੀਫ਼ੀ ਅਤੇ ਮਨਮਰਜ਼ੀ ਵਾਲੇ ਵਤੀਰੇ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਮਾਨ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿਚ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਲਾਪ੍ਰਵਾਹ ਕਰਮਚਾਰੀਆਂ ’ਤੇ ਲਗਾਮ ਲਾਈ ਜਾ ਸਕੇ। ਇਸੇ ਲੜੀ ਵਿਚ ਪਾਵਰ ਮਨਿਸਟਰ ਵੱਲੋਂ ਸ਼ਕਤੀ ਸਦਨ ਵਿਚ ਛਾਪੇਮਾਰੀ ਕਰਦੇ ਹੋਏ ਇਕ ਘੰਟੇ ਦੌਰਾਨ 200 ਤੋਂ ਜ਼ਿਆਦਾ ਕਰਮਚਾਰੀਆਂ ਦੀ ਅਟੈਂਡੈਂਸ ਚੈੱਕ ਕੀਤੀ ਗਈ। ਉਥੇ ਹੀ ਪੈਂਡਿੰਗ ਕਾਰਜ ਨਿਪਟਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਦੌਰਾਨ ਗੈਰ-ਹਾਜ਼ਰ ਪਾਏ ਗਏ ਕਰਮਚਾਰੀਆਂ ਦੀ ਲਿਸਟ ਬਣਾਈ ਗਈ ਹੈ, ਜਿਨ੍ਹਾਂ ’ਤੇ ਗਾਜ ਡਿੱਗੇਗੀ ਅਤੇ ਦੂਜੇ ਕਰਮਚਾਰੀਆਂ ਨੂੰ ਇਸ ਨਾਲ ਨਸੀਹਤ ਮਿਲੇਗੀ।

ਪਾਵਰਕਾਮ ਨਾਰਥ ਜ਼ੋਨ ਦੇ ਹੈੱਡ ਆਫਿਸ ਸ਼ਕਤੀ ਸਦਨ ਵਿਚ ਬੀਤੇ ਦਿਨ ਛੁੱਟੀ ਤੋਂ ਲਗਭਗ 10-15 ਮਿੰਟ ਪਹਿਲਾਂ ਪਹੁੰਚੇ ਪਾਵਰ ਮਨਿਸਟਰ ਹਰਭਜਨ ਸਿੰਘ ਈ. ਟੀ. ਓ. ਵੱਲੋਂ ਵੱਖ-ਵੱਖ ਦਫ਼ਤਰਾਂ ਦਾ ਦੌਰਾ ਕੀਤਾ ਗਿਆ। ਦੂਜੇ ਪਾਸੇ ਇਸ ਦੌਰਾਨ ਡਿਊਟੀ ਕਰ ਰਹੇ ਕਰਮਚਾਰੀਆਂ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਦੂਜੇ ਕਰਮਚਾਰੀਆਂ ਨੂੰ ਤਨਦੇਹੀ ਨਾਲ ਕੰਮ ਕਰਨ ਨੂੰ ਕਿਹਾ ਗਿਆ। ਸਰਕਲ ਦੇ ਸੁਪਰਿੰਟੈਂਡੈਂਟ ਇੰਜੀ. ਡਿਸਟਰੀਬਿਊਸ਼ਨ, ਐੱਸ. ਈ. ਐਨਫੋਰਸਮੈਂਟ, ਪਾਵਰਕਾਮ ਅਤੇ ਟਰਾਂਸਪੋਰਟ ਦੀ ਪੀ. ਐਂਡ ਐੱਮ. ਬ੍ਰਾਂਚ, ਐੱਸ. ਈ. ਟਰਾਂਸਮਿਸ਼ਨ ਲਾਈਨ, ਐੱਸ. ਈ. ਮੀਟਰਿੰਗ, ਆਡਿਟ ਵਿਭਾਗ ਦੇ ਸੁਪਰਿੰਟੈਂਡੈਂਟ ਇੰਜੀਨੀਅਰ, ਆਡਿਟ ਸਮੇਤ ਵੱਖ-ਵੱਖ ਬ੍ਰਾਂਚਾਂ ਦਾ ਦੌਰਾ ਕਰਦੇ ਹੋਏ ਮੰਤਰੀ ਨੇ ਰਜਿਸਟਰਾਂ ਨੂੰ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ ਉਹ ਚੀਫ਼ ਇੰਜੀ. ਆਰ. ਐੱਲ. ਸਾਰੰਗਲ ਦੇ ਦਫ਼ਤਰ ਆ ਗਏ।

ਇਹ ਵੀ ਪੜ੍ਹੋ :  ਇਰਾਕ 'ਚ ਫਸੀਆਂ ਪੰਜਾਬ ਦੀਆਂ ਧੀਆਂ, 80 ਹਜ਼ਾਰ 'ਚ ਸ਼ੇਖਾਂ ਨੂੰ ਵੇਚੀਆਂ, ਦੱਸੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ

ਚੀਫ਼ ਦੇ ਦਫ਼ਤਰ ਵਿਚ ਲੜੀਵਾਰ ਕਰਮਚਾਰੀਆਂ ਨੂੰ ਬੁਲਾਇਆ ਗਿਆ। ਉਨ੍ਹਾਂ ਦੀ ਆਈ. ਡੀ. ਵੇਖੀ ਅਤੇ ਹਾਜ਼ਰੀ ਮਾਰਕ ਕੀਤੀ ਗਈ। ਉਨ੍ਹਾਂ 200 ਦੇ ਲਗਭਗ ਕਰਮਚਾਰੀਆਂ ਦੀ ਹਾਜ਼ਰੀ ਦੀ ਜਾਂਚ ਕੀਤੀ ਅਤੇ ਕਈ ਗੱਲਾਂ ਨੂੰ ਡਾਇਰੀ ਵਿਚ ਨੋਟ ਕੀਤਾ। ਉਨ੍ਹਾਂ ਕਰਮਚਾਰੀਆਂ ਨੂੰ ਹੁਕਮ ਦਿੱਤੇ ਕਿ ਡਿਊਟੀ ਦੌਰਾਨ ਉਹ ਆਈ. ਡੀ. ਕਾਰਡ ਪਹਿਨਣਾ ਯਕੀਨੀ ਬਣਾਉਣ। ਹਰਭਜਨ ਸਿੰਘ ਨੇ ਕਿਹਾ ਕਿ ਕਾਰਡ ਪਹਿਨਣ ਤੋਂ ਕਿਸੇ ਤਰ੍ਹਾਂ ਦੀ ਸ਼ਰਮ ਨਹੀਂ ਹੋਣੀ ਚਾਹੀਦੀ। ਉਨ੍ਹਾਂ ਸਬੰਧਤ ਵਿਭਾਗ ਦੇ ਇੰਚਾਰਜ ਨੂੰ ਕਿਹਾ ਕਿ ਕਰਮਚਾਰੀਆਂ ਦੇ ਗਲੇ ਵਿਚ ਆਈ. ਡੀ. ਕਾਰਡ ਪਹਿਨਣ ਸਬੰਧੀ ਲਿਖਤੀ ਹੁਕਮ ਜਾਰੀ ਕੀਤੇ ਜਾਣ। ਇਸ ਨਾਲ ਜਨਤਾ ਨੂੰ ਆਪਣੇ ਕੰਮ ਕਰਵਾਉਣ ਵਿਚ ਸਹਾਇਤਾ ਮਿਲਦੀ ਹੈ। ਆਈ. ਡੀ. ਕਾਰਡ ਪਹਿਨਣ ਵਾਲਾ ਵਿਅਕਤੀ ਜੇਕਰ ਲਾਪ੍ਰਵਾਹੀ ਕਰਦਾ ਹੈ ਤਾਂ ਲੋਕਾਂ ਨੂੰ ਇਸਦੀ ਸ਼ਿਕਾਇਤ ਕਰਨ ਵਿਚ ਆਸਾਨੀ ਹੁੰਦੀ ਹੈ ਕਿਉਂਕਿ ਇਸ ਨਾਲ ਜਨਤਾ ਨੂੰ ਸਬੰਧਤ ਵਿਅਕਤੀ ਦੇ ਨਾਂ ਅਤੇ ਅਹੁਦੇ ਬਾਰੇ ਪਤਾ ਲੱਗ ਜਾਂਦਾ ਹੈ।

ਪਾਵਰ ਮਨਿਸਟਰ ਨੇ ਕਿਹਾ ਕਿ ਗੈਰ-ਜ਼ਿੰਮੇਵਾਰ ਕਰਮਚਾਰੀਆਂ ’ਤੇ ਬਣਦੀ ਕਾਰਵਾਈ ਦੇ ਉਦੇਸ਼ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਕਾਰਨ ਛੁੱਟੀ ਤੋਂ ਕੁਝ ਸਮਾਂ ਪਹਿਲਾਂ ਹਾਜ਼ਰੀ ਚੈੱਕ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਕਈ ਕਰਮਚਾਰੀ ਛੁੱਟੀ ਤੋਂ ਕੁਝ ਘੰਟੇ ਪਹਿਲਾਂ ਹੀ ਘਰਾਂ ਨੂੰ ਰਵਾਨਾ ਹੋ ਜਾਂਦੇ ਹਨ। ਚੈਕਿੰਗ ਦੌਰਾਨ ਅਜਿਹੇ ਕਰਮਚਾਰੀਆਂ ਦਾ ਪਤਾ ਲਾਇਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਛੁੱਟੀ ’ਤੇ ਚੱਲ ਰਹੇ ਕਰਮਚਾਰੀਆਂ ਦੀ ਲੀਵ ਰਜਿਸਟਰ ’ਤੇ ਮਾਰਕ ਨਹੀਂ ਸੀ। ਇਸ ’ਤੇ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜਾ ਵੀ ਕਰਮਚਾਰੀ ਛੁੱਟੀ ’ਤੇ ਹੁੰਦਾ ਹੈ, ਉਸ ਦੀ ਲੀਵ ਰਜਿਸਟਰ ’ਤੇ ਲਾਉਣਾ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ : ਹੁਣ ਵਟਸਐਪ ਚੈਨਲ ’ਤੇ ਆਉਣਗੇ DGP ਗੌਰਵ ਯਾਦਵ, ਮਿਲਣਗੀਆਂ ਅਹਿਮ ਸੂਚਨਾਵਾਂ

ਪੈਂਡਿੰਗ ਕੰਮ ਨਿਪਟਾਉਂਦਿਆਂ ਪੈਂਡੈਂਸੀ ਜ਼ੀਰੋ ਕਰਨ ’ਤੇ ਦਿੱਤਾ ਜ਼ੋਰ
ਪਾਵਰ ਮਨਿਸਟਰ ਵੱਲੋਂ ਪੈਂਡਿੰਗ ਕੰਮ ਨਿਪਟਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਅਤੇ ਪੈਂਡੈਂਸੀ ਜ਼ੀਰੋ ਕਰਨ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਭਾਗ ਵਿਚ ਕਰਮਚਾਰੀ ਦੇ ਟੇਬਲ ’ਤੇ ਪੈਂਡਿੰਗ ਫਾਈਲਾਂ ਨਜ਼ਰ ਨਹੀਂ ਆਉਣੀਆਂ ਚਾਹੀਦੀਆਂ।

ਸਰਕਾਰੀ ਦਫ਼ਤਰਾਂ ਵਿਚ ਪਹਿਲ ਦੇ ਆਧਾਰ ’ਤੇ ਰੱਖੀ ਜਾਵੇ ਜਨਤਾ ਦੀ ਸਹੂਲਤ
ਪਾਵਰ ਮਨਿਸਟਰ ਈ. ਟੀ. ਓ. ਹਰਭਜਨ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਜਨਤਾ ਦੀ ਸਹੂਲਤ ਨੂੰ ਪਹਿਲ ਦੇ ਆਧਾਰ ’ਤੇ ਰੱਖਿਆ ਜਾਵੇ ਤਾਂ ਕਿ ਦਫਤਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਬਿਜਲੀ ਮੁੱਢਲੀਆਂ ਸਹੂਲਤਾਂ ਨਾਲ ਜੁੜਿਆ ਮੁੱਦਾ ਹੈ, ਇਸ ਲਈ ਨਵਾਂ ਮੀਟਰ ਲੁਆਉਣ ਅਤੇ ਬਿਜਲੀ ਸਪਲਾਈ ਚਾਲੂ ਕਰਨ ਵਰਗੇ ਕੇਸਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਗੈਰ-ਜ਼ਿੰਮੇਵਾਰ ਕਰਮਚਾਰੀਆਂ ਦੀ ਮਨਮਰਜ਼ੀ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਚੈਕਿੰਗ ਮੁਹਿੰਮ ਦੌਰਾਨ ਸਖ਼ਤ ਨਜ਼ਰ ਆਏ ਪਾਵਰ ਮਨਿਸਟਰ
ਪਾਵਰ ਮਨਿਸਟਰ ਸ਼ਾਮ ਨੂੰ ਲਗਭਗ 4.50 ’ਤੇ ਸ਼ਕਤੀ ਸਦਨ ਪਹੁੰਚੇ ਸਨ ਅਤੇ ਅੱਧੇ ਘੰਟੇ ਤਕ ਉਨ੍ਹਾਂ ਵੱਖ-ਵੱਖ ਬ੍ਰਾਂਚਾਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਚੀਫ਼ ਇੰਜੀਨੀਅਰ ਦੇ ਦਫਤਰ ਵਿਚ ਜਾ ਕੇ 200 ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ ਹੈ। ਜਾਂਚ ਦਾ ਇਹ ਪੂਰਾ ਸਿਲਸਿਲਾ ਇਕ ਘੰਟੇ ਤਕ ਚੱਲਿਆ ਅਤੇ ਹਰਭਜਨ ਸਿੰਘ ਈ. ਟੀ. ਓ. ਲਗਭਗ 5.50’ਤੇ ਸ਼ਕਤੀ ਸਦਨ ਤੋਂ ਵਾਪਸ ਰਵਾਨਾ ਹੋ ਗਏ। ਇਸ ਦੌਰਾਨ ਪਾਵਰ ਮਨਿਸਟਰ ਸਖ਼ਤ ਨਜ਼ਰ ਆਏ। ਚੈਕਿੰਗ ਦੌਰਾਨ ਜਿਹੜੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ ਜਾ ਰਹੀ ਸੀ, ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹੋਏ ਦੋ ਗੈਂਗਸਟਰਾਂ ਦੇ ਐਨਕਾਊਂਟਰ 'ਤੇ ਪੰਜਾਬ ਪੁਲਸ ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News