ਦੇਸੀ ਕੱਟੇ ਸਮੇਤ ਫੜੇ ਮੁਲਜ਼ਮਾਂ ਦੇ ਸਾਥੀਆਂ ਵੱਲੋਂ ਪੁਲਸ ’ਤੇ ਹਮਲਾ, 2 ਜ਼ਖ਼ਮੀ, ਕੇਸ ਦਰਜ
Friday, Jan 23, 2026 - 05:45 PM (IST)
ਜਲੰਧਰ (ਮਹੇਸ਼)-ਦਕੋਹਾ (ਰਾਮਾ ਮੰਡੀ) ਦੇ ਇਲਾਕੇ ਅਰਮਾਨ ਨਗਰ ਵਿਚ ਰੇਡ ਕਰਨ ਆਈ ਸਪੈਸ਼ਲ ਸੈੱਲ ਦੀ ਟੀਮ ’ਤੇ ਦੇਸੀ ਕੱਟੇ ਸਮੇਤ ਫੜੇ ਗਏ ਮੁਲਜ਼ਮਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਇਸ ਹਮਲੇ ਵਿਚ ਸਪੈਸ਼ਲ ਸੈੱਲ ਦੇ 2 ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਕਤ ਹਮਲਾ ਸਪੈਸ਼ਲ ਸੈੱਲ ਵੱਲੋਂ ਫੜੇ ਗਏ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਅਤੇ ਹੋਰ ਸਾਥੀਆਂ ਵੱਲੋਂ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਸਪੈਸ਼ਲ ਸੈੱਲ ਵਿਚ ਤਾਇਨਾਤ ਏ. ਐੱਸ. ਆਈ. ਦਲਜਿੰਦਰ ਲਾਲ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਅਰਮਾਨ ਨਗਰ ਤੋਂ 3 ਨੌਜਵਾਨਾਂ ਰਾਜਨ ਰਾਜਾ ਪੁੱਤਰ ਵਿਜੇ ਕੁਮਾਰ (ਨਿਵਾਸੀ ਏਕਤਾ ਨਗਰ ਅੰਮ੍ਰਿਤਸਰ), ਅਜੈ ਕੁਮਾਰ ਕਾਲੂ ਪੁੱਤਰ ਬਖਸ਼ੀ ਰਾਮ (ਨਿਵਾਸੀ ਪਿੰਡ ਧੰਨੋਵਾਲੀ ਜਲੰਧਰ) ਅਤੇ ਪ੍ਰਭਜੀਤ ਸਿੰਘ ਪ੍ਰਭੂ ਪੁੱਤਰ ਬੁੱਧ ਸਿੰਘ (ਨਿਵਾਸੀ ਲੱਧੇਵਾਲੀ ਜਲੰਧਰ) ਨੂੰ ਦੇਸੀ ਕੱਟੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫੋਨ, 27 ਜਨਵਰੀ ਤੱਕ Alert ਜਾਰੀ
ਇਸ ਤੋਂ ਬਾਅਦ ਜਦੋਂ ਇਨ੍ਹਾਂ ਮੁਲਜ਼ਮਾਂ ਵੱਲੋਂ ਰੌਲਾ ਪਾ ਦਿੱਤਾ ਗਿਆ ਤਾਂ ਨੇੜੇ ਰਹਿੰਦੇ ਲੋਕਾਂ ਅਤੇ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਵੱਲੋਂ ਪੁਲਸ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਪੁਲਸ ਮੁਲਾਜ਼ਮ ਸੁਖਮਿਲਾਪ ਸਿੰਘ ਅਤੇ ਰਾਜਿੰਦਰਪਾਲ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਮਾਹੌਲ ਵਿਗੜਦਾ ਦੇਖ ਕੇ ਪੁਲਸ ਪਾਰਟੀ ਨੇ ਹਮਲਾਵਰਾਂ ਨੂੰ ਭਜਾਉਣ ਲਈ 2 ਹਵਾਈ ਫਾਇਰ ਵੀ ਕੀਤੇ। ਜ਼ਖ਼ਮੀ ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਸਾਥੀਆਂ ਨੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਦੋਂ ਸਪੈਸ਼ਲ ਸੈੱਲ ਦੀ ਟੀਮ ਤਿੰਨਾਂ ਮੁਲਜ਼ਮਾਂ ਰਾਜਾ, ਪ੍ਰਭੂ ਅਤੇ ਕਾਲੂ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਸੀ ਤਾਂ ਇਕ ਆਲਟੋ ਕਾਰ ਅਤੇ ਮੋਟਰਸਾਈਕਲਾਂ ’ਤੇ ਆਏ ਕੁਝ ਹੋਰ ਹਮਲਾਵਰਾਂ ਨੇ ਆਪਣੇ ਦੋਵੇਂ ਵਾਹਨ ਪੁਲਸ ਦੀ ਗੱਡੀ ਦੇ ਅੱਗੇ ਲਾ ਦਿੱਤੇ ਅਤੇ ਉਨ੍ਹਾਂ ਪੁਲਸ ਪਾਰਟੀ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 25 ਤੇ 26 ਜਨਵਰੀ ਨੂੰ ਬੰਦ ਰਹਿਣਗੀਆਂ ਇਹ ਦੁਕਾਨਾਂ
ਪਤਾ ਲੱਗਾ ਹੈ ਕਿ ਤਿੰਨੋਂ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਪਰ ਉਨ੍ਹਾਂ ਦੇ ਕਬਜ਼ੇ ਵਿਚੋਂ ਬਰਾਮਦ ਕੀਤਾ ਦੇਸੀ ਕੱਟਾ ਪੁਲਸ ਆਪਣੇ ਨਾਲ ਲੈ ਗਈ ਹੈ। ਇਸ ਤੋਂ ਇਲਾਵਾ ਪੁਲਸ ਪਾਰਟੀ ’ਤੇ ਹਮਲਾ ਕਰਨ ਵਾਲਿਆਂ ਵਿਚੋਂ ਕਾਰ ਸਵਾਰ ਬਖਸ਼ੀ ਰਾਮ ਪੁੱਤਰ ਭਾਗ ਰਾਮ, ਆਕਾਸ਼ ਪੁੱਤਰ ਬਖਸ਼ੀ ਰਾਮ (ਨਿਵਾਸੀ ਪਿੰਡ ਧੰਨੋਵਾਲੀ) ਨੂੰ ਉਨ੍ਹਾਂ ਦੀ ਆਲਟੋ ਕਾਰ ਸਮੇਤ ਕਾਬੂ ਕਰ ਲਿਆ ਗਿਆ ਹੈ। ਪੁਲਸ ਪਾਰਟੀ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ਼. ਆਈ. ਆਰ. ਨੰਬਰ 13 ਦਰਜ ਕਰ ਲਈ ਗਈ ਹੈ। ਪੁਲਸ ਫਰਾਰ ਹਮਲਾਵਰਾਂ ਅਤੇ ਦੇਸੀ ਕੱਟੇ ਨਾਲ ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਵਿਭਾਗ 'ਚ ਵੱਡਾ ਫੇਰਬਦਲ! ਇਨ੍ਹਾਂ 4 ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
