MCR ਦਿੱਲੀ ਦੀ ਟੀਮ ਦਾ ਪਿਮਸ ''ਚ ਛਾਪਾ, 10 ਘੰਟਿਆਂ ਤੱਕ ਰਿਕਾਰਡ ਖੰਗਾਲਿਆ
Wednesday, Dec 11, 2019 - 11:50 AM (IST)

ਜਲੰਧਰ (ਜ. ਬ.)— ਮੈਡੀਕਲ ਕੌਂਸਲ ਆਫ ਇੰਡੀਆ (ਐੱਮ. ਸੀ. ਆਈ.) ਦੀ ਟੀਮ ਨੇ ਪਿਮਸ 'ਚ ਛਾਪਾ ਮਾਰਿਆ ਅਤੇ ਕਈ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ। ਬੀਤੇ ਦਿਨ ਸਵੇਰੇ 9 ਵਜੇ ਪਿਮਸ ਪਹੁੰਚੀ ਦਿੱਲੀ ਤੋਂ ਆਈ ਐੱਮ. ਸੀ. ਆਈ. ਦੀ ਟੀਮ ਸ਼ਾਮ 7 ਵਜੇ ਤੱਕ ਰਿਕਾਰਡ ਫਰੋਲਦੀ ਰਹੀ। ਕਰੀਬ 10 ਘੰਟੇ ਤੱਕ ਚੱਲੀ ਇਸ ਜਾਂਚ 'ਚ ਸਟਾਫ ਕਰਮਚਾਰੀਆਂ ਅਤੇ ਪਿਮਸ ਪ੍ਰਸ਼ਾਸਨ 'ਚ ਹਫੜਾ-ਦਫੜੀ ਦਾ ਮਾਹੌਲ ਵੇਖਣ ਨੂੰ ਮਿਲਿਆ। ਛਾਪੇਮਾਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।
ਸਵੇਰੇ ਟੀਮ ਆਉਂਦਿਆਂ ਹੀ ਸਭ ਤੋਂ ਪਹਿਲਾਂ ਪ੍ਰਿੰਸੀਪਲ ਦਫਤਰ ਪਹੁੰਚੀ ਪਰ ਪ੍ਰਿੰ. ਕੁਲਬੀਰ ਕੌਰ ਛੁੱਟੀ 'ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਊਟ ਆਫ ਸਟੇਸ਼ਨ ਹੈ। ਇਸ ਉਪਰੰਤ ਟੀਮ ਵੱਖ-ਵੱਖ ਵਾਰਡਾਂ ਸਣੇ ਪਿਮਸ ਦੇ ਹਰੇਕ ਸੈਕਸ਼ਨ ਵਿਚ ਪਹੁੰਚੀ ਅਤੇ ਜ਼ਰੂਰੀ ਰਿਕਾਰਡ ਦੀਆਂ ਕਾਪੀਆਂ ਇਕੱਠੀਆਂ ਕੀਤੀਆਂ। ਟੀਮ ਦੇ ਪਹੁੰਚਣ ਸਮੇਂ ਡਾਇਰੈਕਟਰ ਅਮਿਤ ਸਿੰਘ ਪਿਮਸ 'ਚ ਮੌਜੂਦ ਨਹੀਂ ਸਨ ਪਰ ਕੁਝ ਸਮੇਂ ਬਾਅਦ ਉਹ ਮੌਕੇ 'ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਪਹੁੰਚੀ ਟੀਮ ਅਜੇ ਪਰਤੀ ਨਹੀਂ। ਟੀਮ ਵਲੋਂ ਬੁੱਧਵਾਰ ਨੂੰ ਵੀ ਜਾਂਚ ਕੀਤੀ ਜਾਵੇਗੀ। ਸੂਤਰ ਦੱਸਦੇ ਹਨ ਕਿ ਹੁਣ ਪਿਮਸ ਦੇ ਕਮਿਊਨਿਟੀ ਸੈਂਟਰਾਂ ਵਿਚ ਜਾਂਚ ਹੋ ਸਕਦੀ ਹੈ। ਇਹ ਕਮਿਊਨਿਟੀ ਸੈਂਟਰ ਪਾਸਲਾ, ਰਾਏਪੁਰ-ਰਸੂਲਪੁਰ, ਬਸਤੀ ਸ਼ੇਖ, ਇਨੋਸੈਂਟ ਹਸਪਤਾਲ ਕੋਲ ਸਥਿਤ ਹੈ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਸੈਂਟਰਾਂ 'ਚ ਦਸਤਾਵੇਜ਼ ਚੈੱਕ ਕੀਤੇ ਜਾਣਗੇ। ਦਸਤਾਵੇਜ਼ ਸਣੇ ਹੋਰ ਜਾਣਕਾਰੀਆਂ ਇਕੱਠੀਆਂ ਕਰਕੇ ਟੀਮ ਆਪਣੀ ਰਿਪੋਰਟ ਮੈਡੀਕਲ ਕੌਂਸਲ ਆਫ ਇੰਡੀਆ ਨੂੰ ਸੌਂਪੇਗੀ, ਤਰੁੱਟੀਆਂ ਪਾਏ ਜਾਣ ਦੀ ਸਥਿਤੀ 'ਚ 15 ਤੋਂ 45 ਦਿਨਾਂ 'ਚ ਕੌਂਸਲ ਵੱਲੋਂ ਪਿਮਸ ਨੂੰ ਇਕ ਚਿੱਠੀ ਲਿਖੀ ਜਾਵੇਗੀ, ਜਿਸ 'ਚ ਤਰੁੱਟੀਆਂ ਦੱਸੀਆਂ ਜਾਣਗੀਆਂ। ਇਸ ਦੇ ਨਾਲ-ਨਾਲ ਇਹ ਵੀ ਦੱਸਿਆ ਜਾਵੇਗਾ ਕਿ ਉਕਤ ਤਰੁੱਟੀਆਂ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾਵੇ ਕਿਉਂਕਿ ਟੀਮ ਵਲੋਂ ਦੁਬਾਰਾ ਕਿਸੇ ਵੇਲੇ ਵੀ ਜਾਂਚ ਕੀਤੀ ਜਾ ਸਕਦੀ ਹੈ। ਪਿਛਲੀ ਵਾਰ ਆਈ. ਐੱਮ. ਸੀ. ਆਈ. ਦੀ ਟੀਮ ਨੂੰ ਪਿਮਸ ਵਿਚ ਮਰੀਜ਼ ਘੱਟ ਮਿਲੇ ਸਨ, ਇਸ ਵਾਰ ਵੀ ਮਰੀਜ਼ਾਂ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਫਿਲਹਾਲ ਅਜੇ ਇਹ ਕਲੀਅਰ ਨਹੀਂ ਹੋ ਸਕਿਆ ਕਿ ਕਿੰਨੇ ਮਰੀਜ਼ ਮੌਜੂਦ ਸਨ। ਇਹ ਸਾਰੀਆਂ ਗੱਲਾਂ ਟੀਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਹਮਣੇ ਆਉਣਗੀਆਂ। ਦੱਸਿਆ ਜਾ ਰਿਹਾ ਹੈ ਕਿ ਪਿਮਸ ਵਿਚ ਐੱਸ. ਆਰ. (ਸੀਨੀਅਰ ਰੈਜ਼ੀਡੈਂਟਸ) ਘੱਟ ਮੌਜੂਦ ਸਨ ਪਰ ਪਿਮਸ ਪ੍ਰਸ਼ਾਸਨ ਵਲੋਂ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਘੱਟ ਮਰੀਜ਼ ਹੋਣ ਦੀ ਗੱਲ ਵੀ ਪਿਮਸ ਪ੍ਰਸ਼ਾਸਨ ਵਲੋਂ ਕਲੀਅਰ ਨਹੀਂ ਕੀਤੀ ਗਈ ਕਿਉਂਕਿ ਕਿਸੇ ਅਧਿਕਾਰਤ ਵਿਅਕਤੀ ਨਾਲ ਗੱਲ ਨਹੀਂ ਹੋ ਸਕੀ।
ਪਿਮਸ ਇੰਪਲਾਈਜ਼ ਯੂਨੀਅਨ ਵੱਲੋਂ ਕੀਤਾ ਗਿਆ ਹੈ ਕੇਸ
ਪਿਮਸ ਇੰਪਲਾਈਜ਼ ਯੂਨੀਅਨ ਵੱਲੋਂ ਬਣਦੀਆਂ ਸਹੂਲਤਾਂ ਨਾ ਦੇਣ ਦੇ ਦੋਸ਼ਾਂ ਤਹਿਤ ਕੋਰਟ ਵਿਚ ਕੇਸ ਕੀਤਾ ਹੋਇਆ ਹੈ। ਦੋਸ਼ ਹਨ ਕਿ ਪਿਮਸ ਵਲੋਂ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਗ੍ਰੇਡ ਅਨੁਸਾਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਪਿਮਸ ਪ੍ਰਧਾਨ ਨਰਿੰਦਰ ਕੁਮਾਰ, ਜਨਰਲ ਸਕੱਤਰ ਧਰਮਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ-ਨਾਲ 15 ਕਰਮਚਾਰੀਆਂ ਨੂੰ ਬਿਨਾਂ ਕਿਸੇ ਕਾਰਨ ਕੱਢਿਆ ਗਿਆ, ਜਿਸ ਸਬੰਧੀ ਕੇਸ ਲੇਬਰ ਟ੍ਰਿਬਿਊਨਲ ਵਿਚ ਚੱਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਕਰਮਚਾਰੀਆਂ ਨੂੰ ਪਿਮਸ ਵੱਲੋਂ ਸਿਰਫ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਹ ਆਪਣੇ ਹੱਕ ਮੰਗ ਰਹੇ ਸਨ।