ਸੁਲਤਾਨਪੁਰ ਲੋਧੀ ਦੇ 28 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ
Sunday, Jul 26, 2020 - 02:34 AM (IST)

ਸੁਲਤਾਨਪੁਰ ਲੋਧੀ, (ਧੀਰ)- ਸੂਬੇ ’ਚ ਵੱਧ ਰਹੇ ਕੋਰੋਨਾ ਪਾਜ਼ੇਟਿਵ ਕੇਸਾਂ ’ਚ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ‘ਸੁੱਖ ਇਨਕਲੇਵ’ ਤੋਂ ਬੀਤੇ ਦਿਨੀਂ ਇਕ ਔਰਤ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਸਮੁੱਚਾ ਸ਼ਹਿਰ ਦਹਿਸ਼ਤ ’ਚ ਆ ਗਿਆ ਸੀ ਅਤੇ ਔਰਤ ਦੇ ਪਾਜ਼ੇਟਿਵ ਆਉਣ ਨਾਲ ‘ਸੁਖ ਇਨਕਲੇਵ’ ਦੇ ਵਾਸੀਆਂ ਦੇ ਵੀ ਕੋਰੋਨਾ ਟੈਸਟ ਕਰਵਾਏ ਗਏ ਸਨ, ਉਨ੍ਹਾਂ ਦੀ ਰਿਪੋਰਟ ਅੱਜ ਨੈਗੇਟਿਵ ਆਉਣ ਨਾਲ ਸ਼ਹਿਰ ਵਾਸੀਆਂ ਅਤੇ ਮੁਹੱਲਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਵਾਹਿਗੁਰੂ ਦਾ ਸ਼ੁੱਕਰਾਨਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਨਿਲ ਮਨਚੰਦਾ ਨੇ ਦੱਸਿਆ ਕਿ ਬੀਤੇ ਦਿਨੀਂ ਜੋ ਸੁੱਖ ਇਨਕਲੇਵ ਵਾਸੀ 70 ਸਾਲਾ ਔਰਤ ਕੋਰੋਨਾ ਪਾਜ਼ੇਟਿਵ ਆਈ ਸੀ, ਉਸ ਦੇ ਪਰਿਵਾਰਕ ਮੈਂਬਰਾਂ ਅਤੇ 500 ਮੀਟਰ ਦੇ ਘੇਰੇ ’ਚ ਆਉਂਦੇ ਵਾਸੀਆਂ ਦੇ ਵੀ ਕੋਰੋਨਾ ਟੈਸਟ ਕਰਵਾਏ ਗਏ, ਜਿਨ੍ਹਾਂ ਦੀ ਰਿਪੋਰਟ ਅੱਜ ਪ੍ਰਾਪਤ ਹੋ ਗਈ ਹੈ। ਡਾ. ਮਨਚੰਦਾ ਨੇ ਦੱਸਿਆ ਕਿ ‘ਸੁਖ ਇਨਕਲੇਵ ਦੇ 28 ਵਸਨੀਕਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਸਨ, ਜਿਨ੍ਹਾਂ ਦੀ ਅੱਜ ਰਿਪੋਰਟ ਨੈਗੇਟਿਵ ਆਈ ਹੈ।