ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
Saturday, Mar 09, 2024 - 05:16 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਨਾਬਾਲਗ ਲਡ਼ਕੀ ਨੂੰ ਅਗਵਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਵੱਲੋਂ ਉਸ ਨੂੰ ਕਾਬੂ ਕਰਕੇ ਲਡ਼ਕੀ ਨੂੰ ਬਰਾਮਦ ਕਰਕੇ ਉਸ ਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਦੋਸੀ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
ਜਿਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਜਤਿਨ ਕਪੂਰ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਲਿਖਵਾਏ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਦੀ ਨਾਬਾਲਗ ਲਡ਼ਕੀ ਨੂੰ ਇਕ ਨਾ ਮਾਲੂਮ ਵਿਅਕਤੀ ਅਗਵਾ ਕਰਕੇ ਲੈ ਗਿਆ। ਜਿਸ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਆਈਪੀਸੀ ਦੀ ਧਾਰਾ 363,366 ਏ ਤਹਿਤ ਮਾਮਲਾ ਦਰਜ ਕਰਕੇ ਲਡ਼ਕੀ ਅਤੇ ਉਕਤ ਵਿਅਕਤੀ ਦੀ ਭਾਲ ਤੇਜ ਕਰ ਦਿੱਤੀ, ਪੁਲਸ ਨੇ ਲਡ਼ਕੀ ਦੀ ਬਰਾਮਦੀ ਹੋਣ ਤੋਂ ਬਾਅਦ ਉਕਤ ਦੋਸੀ ਲਖਵਿੰਦਰ ਸਿੰਘ ਖਿਲਾਫ ਜਿੱਥੇ ਪਹਿਲਾਂ 363,366 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਉਸ ਵਿਚ ਧਾਰਾ 376 ਪੋਸਕੋ ਐਕਟ ਦਾ ਵਾਧਾ ਕਰਕੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ ਕਰਕੇ ਦੋਸੀ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ।