ਰਿਕਾਰਡ ਨਾ ਦੇਣ ਕਾਰਨ ਸਾਬਕਾ ਸਰਪੰਚ ''ਤੇ ਮਾਮਲਾ ਦਰਜ
Monday, Sep 16, 2019 - 11:22 AM (IST)

ਨੂਰਪੁਰਬੇਦੀ (ਸ਼ਮਸ਼ੇਰ ਸਿੰਘ ਡੂਮੇਵਾਲ)— ਬਲਾਕ ਨੂਰਪੁਰਬੇਦੀ ਦੇ ਬਹੁ-ਚਰਚਿਤ ਪਿੰਡ ਭਾਉਵਾਲ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ ਉਰਫ ਕਾਂਜੀ ਉਦੋਂ ਕਾਨੂੰਨੀ ਸ਼ਿਕੰਜੇ 'ਚ ਘਿਰ ਗਏ ਜਦੋਂ ਉਨ੍ਹਾਂ ਖਿਲਾਫ 2018 ਦੀ ਨਵ-ਨਿਯੁਕਤ ਪੰਚਾਇਤ ਨੂੰ ਰਿਕਾਰਡ ਨਾ ਦੇਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ। ਇਹ ਮਾਮਲਾ ਪੁਲਸ ਸਟੇਸ਼ਨ ਨੂਰਪੁਰਬੇਦੀ 'ਚ ਪੰਚਾਇਤੀ ਰਾਜ ਐਕਟ 1994, ਅਧੀਨ ਧਾਰਾਵਾਂ 406 ਤਹਿਤ ਦਰਜ ਕੀਤਾ ਗਿਆ। ਸਾਬਕਾ ਸਰਪੰਚ ਕਰਮਜੀਤ ਸਿੰਘ ਕਾਂਜੀ ਖਿਲਾਫ ਬੀ. ਡੀ. ਪੀ. ਓ. ਨੂਰਪੁਰਬੇਦੀ ਵੱਲੋਂ ਜੋ ਦਰਖਾਸਤ ਪੁਲਸ ਨੂੰ ਭੇਜੀ ਗਈ ਉਸ 'ਚ ਖੁਲਾਸਾ ਕੀਤਾ ਗਿਆ ਹੈ ਕਿ ਵਿਭਾਗ ਨੇ ਅਨੇਕਾਂ ਵਾਰ ਲਿਖਤੀ ਪੱਤਰਾਂ ਰਾਹੀਂ ਅਤੇ ਅੰਤ 'ਚ ਉਸਦੇ ਘਰ ਨਿੱਜੀ ਜਾ ਕੇ ਉਸ ਨੂੰ ਰਿਕਾਰਡ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਪਰ ਉਸ ਨੇ ਇਸ ਪੱਖ ਨੂੰ ਹਮੇÎਸ਼ਾ ਅਣਗੌਲਿਆ ਕੀਤਾ। ਅੰਤ 'ਚ ਵਿਭਾਗ ਨੇ ਇਸ ਮਾਮਲੇ ਨੂੰ ਪੁਲਸ ਦੇ ਸਪੁਰਦ ਕਾਰਵਾਈ ਅਮਲ 'ਚ ਲਿਆਉਣ ਹਿੱਤ ਭੇਜ ਦਿੱਤਾ ਜਿਸ 'ਤੇ ਤਾਜ਼ਾ ਕਾਰਵਾਈ ਕਰਦਿਆਂ ਪੁਲਸ ਨੇ ਇਹ ਕਾਰਵਾਈ ਅਮਲ 'ਚ ਲਿਆਂਦੀ ਹੈ। ਸੂਤਰਾਂ ਅਨੁਸਾਰ ਪੁਲਸ ਨੇ ਸਾਬਕਾ ਸਰਪੰਚ ਕਾਂਜੀ ਨੂੰ ਗ੍ਰਿਫਤਾਰ ਕਰਨ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਲਾਪਤਾ ਦੱਸਿਆ ਜਾ ਰਿਹਾ ਹੈ।