ਪਾਕਿਸਤਾਨ ਵਲੋਂ ਹਵਾਈ ਖੇਤਰ ਖੋਲ੍ਹਣ ਤੋਂ ਬਾਅਦ ਹੁਣ ਨਜ਼ਰਾਂ ਕੇਂਦਰ ਸਰਕਾਰ 'ਤੇ

Friday, Jun 07, 2019 - 10:06 AM (IST)

ਪਾਕਿਸਤਾਨ ਵਲੋਂ ਹਵਾਈ ਖੇਤਰ ਖੋਲ੍ਹਣ ਤੋਂ ਬਾਅਦ ਹੁਣ ਨਜ਼ਰਾਂ ਕੇਂਦਰ ਸਰਕਾਰ 'ਤੇ

ਜਲੰਧਰ (ਨਰੇਸ਼)—ਪਾਕਿਸਤਾਨ ਵਲੋਂ ਆਪਣੀ ਏਅਰ ਸਪੇਸ ਖੋਲ੍ਹਣ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਨਿਰਯਾਤਕਾਂ ਨੂੰ ਪਾਕਿਸਤਾਨ ਨਾਲ ਵਪਾਰ ਆਮ ਵਾਂਗ ਹੋਣ ਦੀ ਉਮੀਦ ਬੱਝੀ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਨਾਲ ਕੀਤੇ ਜਾਣ ਵਾਲਾ ਵਪਾਰ ਠੱਪ ਹੈ, ਜਿਸ ਕਾਰਨ ਸਰਹੱਦੀ ਪਿੰਡਾਂ ਦੇ ਕਈ ਲੋਕ ਬੇਰੋਜ਼ਗਾਰ ਹੋ ਗਏ ਹਨ। ਇਨ੍ਹਾਂ ਵਿਚ ਕੁਲੀ ਦਾ ਕੰਮ ਕਰਨ ਵਾਲੇ ਲੋਕਾਂ ਤੋਂ ਇਲਾਵਾ ਟਰਾਂਸਪੋਰਟਰ ਵਪਾਰੀਆਂ ਕੋਲ ਕੰਮ ਕਰਨ ਵਾਲਾ ਸਟਾਫ, ਕਲੀਨਰ, ਡਰਾਈਵਰ ਅਤੇ ਢੋਆ-ਢੁਆਈ ਦਾ ਕੰਮ ਕਰਨ ਵਾਲੇ ਛੋਟੇ ਕਾਰੋਬਾਰੀ ²ਸ਼ਾਮਲ ਹਨ। ਵਪਾਰ ਠੱਪ ਹੋਣ ਕਾਰਨ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ ਤਕਰੀਬਨ ਇਕ ਲੱਖ ਲੋਕਾਂ ਦਾ ਰੋਜ਼ਗਾਰ ਪ੍ਰਭਾਵਿਤ ਹੋਇਆ ਹੈ।

ਭਾਰਤ ਤੇ ਪਾਕਿਸਤਾਨ ਦਰਮਿਆਨ 250 ਕਰੋੜ ਡਾਲਰ ਦੇ ਆਸ-ਪਾਸ ਦਾ ਵਪਾਰ ਹੁੰਦਾ ਹੈ। ਇਸ ਵਿਚੋਂ 60 ਕਰੋੜ ਡਾਲਰ ਦਾ ਕਾਰੋਬਾਰ ਵਾਹਗਾ ਸਰਹੱਦ ਰਾਹੀਂ ਹੁੰਦਾ ਹੈ। ਅਟਾਰੀ ਦੇ ਇੰਟੀਗ੍ਰੇਟਿਡ ਚੈੱਕ ਪੋਸਟ ਰਾਹੀਂ ਜਿਪਸਮ, ਲਾਈਨ ਸਟੋਨ, ਛੁਆਰੇ, ਪਾਕਿਸਤਾਨੀ ਲੂਣ, ਸੀਮੈਂਟ, ਕੈਮੀਕਲ ਤੋਂ ਇਲਾਵਾ ਫਲਾਂ ਤੇ ਸਬਜ਼ੀਆਂ ਦਾ ਕਾਰੋਬਾਰ ਵੀ ਹੁੰਦਾ ਹੈ ਪਰ ਪਾਕਿਸਤਾਨ ਤੋਂ ਆਉਣ ਵਾਲੇ ਸਾਮਾਨ 'ਤੇ 200 ਫੀਸਦੀ ਕਸਟਮ ਡਿਊਟੀ ਲਾਏ ਜਾਣ ਕਾਰਨ ਭਾਰਤ ਵਿਚ ਕਈ ਉਤਪਾਦਾਂ ਦੀਆਂ ਕੀਮਤਾਂ ਵੀ 10 ਤੋਂ ਲੈ ਕੇ 30 ਫੀਸਦੀ ਤਕ ਵਧ ਗਈਆਂ ਹਨ। ਕਾਰੋਬਾਰ ਠੱਪ ਹੋਣ ਤੋਂ ਬਾਅਦ ਬੇਰੋਜ਼ਗਾਰ ਹੋਏ ਨੌਜਵਾਨਾਂ 'ਤੇ ਰੋਜ਼ੀ-ਰੋਟੀ ਦਾ ਸੰਕਟ ਮੰਡਰਾਉਣ ਕਾਰਨ ਉਨ੍ਹਾਂ ਦੇ ਗਲਤ ਦਿਸ਼ਾ ਵਿਚ ਜਾਣ ਦਾ ਖਤਰਾ ਵੀ ਮੰਡਰਾਉਣ ਲੱਗਾ ਹੈ। ਅੰਮ੍ਰਿਤਸਰ ਦੇ ਕਾਰੋਬਾਰੀਆਂ ਨੇ ਚੋਣ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰ ਹਰਦੀਪ ਪੁਰੀ ਨਾਲ ਮੁਲਾਕਾਤ ਦੌਰਾਨ ਵੀ ਪਾਕਿਸਤਾਨ ਨਾਲ ਜੁੜੇ ਵਪਾਰ ਸ਼ੁਰੂ ਕਰਨ ਦਾ ਮੁੱਦਾ ਉਠਾਇਆ ਸੀ ਪਰ ਚੋਣ ਨਤੀਜਿਆਂ ਤੋਂ ਬਾਅਦ ਇਸ ਮਾਮਲੇ ਵਿਚ ਕਾਰੋਬਾਰੀਆਂ ਦੀ ਉਨ੍ਹਾਂ ਨਾਲ ਕੋਈ ਮੁਲਾਕਾਤ ਨਹੀਂ ਹੋ ਸਕੀ ਪਰ ਕਾਰੋਬਾਰੀ ਕੇਂਦਰ ਸਰਕਾਰ ਕੋਲ ਇਹ ਮਾਮਲਾ ਉਠਾਉਣ ਦੀ ਤਿਆਰੀ ਕਰ ਰਹੇ ਹਨ।
ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਹੁਣ ਦੋਵੇਂ ਪਾਸਿਆਂ ਤੋਂ ਰਿਸ਼ਤਿਆਂ 'ਤੇ ਜੰਮੀ ਬਰਫ ਪਿਘਲੇਗੀ ਅਤੇ ਪਾਕਿਸਤਾਨ ਨਾਲ ਦੁਬਾਰਾ ਵਪਾਰ ਸ਼ੁਰੂ ਹੋ ਸਕੇਗਾ। ਹਾਲਾਂਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਜੋ ਵੀ ਫੈਸਲਾ ਲਵੇਗੀ, ਅਸੀਂ ਉਸ ਦਾ ਸਮਰਥਨ ਕਰਾਂਗੇ ਪਰ ਆਈ. ਸੀ. ਪੀ. 'ਤੇ ਇੰਨਾ ਭਾਰੀ ਖਰਚਾ ਕੀਤਾ ਗਿਆ ਹੈ ਅਤੇ ਇਸ ਨਾਲ ਕਈ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ। ਇਸ ਤੱਥ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਵਪਾਰੀ ਜਲਦੀ ਹੀ ਇਸ ਮਾਮਲੇ ਵਿਚ ਕੇਂਦਰ ਸਰਕਾਰ ਅੱਗੇ ਆਪਣਾ ਪੱਖ ਰੱਖਣਗੇ ਤੇ ਵਪਾਰ ਖੋਲ੍ਹਣ ਦੀ ਮੰਗ ਕੀਤੀ ਜਾਵੇਗੀ।
ਰਾਜਦੀਪ ਉਪਲ, ਪ੍ਰੈਜ਼ੀਡੈਂਟ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਅੰਮ੍ਰਿਤਸਰ


author

Shyna

Content Editor

Related News