ਲੈਬਾਰਟਰੀ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਹੋਵੇਗਾ ਵੱਡਾ ਫਾਇਦਾ : ਵਰਿੰਦਰ ਬਾਜਵਾ
Sunday, Feb 16, 2020 - 09:08 PM (IST)
ਹੁਸ਼ਿਆਰੁਪਰ, (ਘੁੰਮਣ)- ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ ਦੇ ਯਤਨਾਂ ਸਦਕਾ ਸਥਾਨਕ ਗੁਰਦੁਆਰਾ ਸ੍ਰੀ ਕਲਗੀਧਰ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੱਖਾਂ ਰੁਪਏ ਖਰਚ ਕਰ ਕੇ ਅੱਜ ਲੈਬਾਰਟਰੀ ਖੋਲ੍ਹੀ ਗਈ ਜਿਸ ਦਾ ਉਦਘਾਟਨ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ, ਵਰਿੰਦਰ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ ਵੱਲੋਂ ਕੀਤਾ ਗਿਆ। ਉਕਤ ਲੈਬਾਰਟਰੀ ਵਿਚ ਜ਼ਰੂਰਤਮੰਦ ਮਰੀਜ਼ ਬਹੁਤ ਹੀ ਘੱਟ ਪੈਸੇ ਖਰਚ ਕਰ ਕੇ ਆਪਣੇ ਸਰੀਰ ਦੇ ਵੱਖ-ਵੱਖ ਟੈਸਟ ਕਰਵਾ ਸਕਣਗੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਵੱਖ-ਵੱਖ ਬੀਮਾਰੀਆਂ ਦੇ ਇਲਾਜ ਅਤੇ ਟੈਸਟ ਇੰਨੇ ਮਹਿੰਗੇ ਹੋ ਚੁੱਕੇ ਹਨ ਕਿ ਇਲਾਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ ਅਤੇ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਸਰਬੱਤ ਦਾ ਭਲਾ ਸੰਸਥਾ ਅੱਗੇ ਪ੍ਰਸਤਾਵ ਰੱਖਿਆ ਸੀ ਕਿ ਇਕ ਲੈਬਾਰਟਰੀ ਇੱਥੇ ਗੁਰਦੁਆਰਾ ਸ੍ਰੀ ਕਲਗੀਧਰ ਵਿਚ ਖੋਲ੍ਹੀ ਜਾਵੇ। ਸਾਡੀ ਇਸ ਮੰਗ ਨੂੰ ਮੰਨਦੇ ਹੋਏ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਲੱਖਾਂ ਰੁਪਏ ਖਰਚ ਕਰ ਕੇ ਗੁਰਦੁਆਰਾ ਸਾਹਿਬ ਵਿਚ ਲੈਬਾਰਟਰੀ ਸਥਾਪਤ ਕਰਵਾਈ ਗਈ ਅਤੇ ਹੁਣ ਰੋਜ਼ਾਨਾ ਇੱਥੇ ਮਰੀਜ਼ ਪਹੁੰਚ ਕੇ ਆਪਣੇ ਅਲੱਗ-ਅਲੱਗ ਟੈਸਟ ਕਰਵਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਲੈਬਾਰਟਰੀ ਵਿਚ ਸਟਾਫ ਐਤਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ ਛੇ ਦਿਨ ਹਾਜ਼ਰ ਰਹੇਗਾ। ਇਸ ਸਮੇਂ ਡਾ. ਐੱਸ. ਪੀ. ਸਿੰਘ ਓਬਰਾਏ ਨੇ ਕਿਹਾ ਕਿ ਲੈਬਾਰਟਰੀ ਵਿਚ ਮਰੀਜ਼ਾਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਜਾਵੇਗਾ ਅਤੇ ਇੱਥੇ ਕੰਮ ਕਰਨ ਵਾਲੇ ਸਟਾਫ ਦਾ ਖਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਮਹਿੰਗਾਈ ਦੇ ਇਸ ਦੌਰ ’ਚ ਜਿੱਥੇ ਇਲਾਜ ਮਹਿੰਗਾ ਹੋਇਆ ਹੈ ਉਥੇ ਹੀ ਵੱਖ-ਵੱਖ ਬੀਮਾਰੀਆਂ ਦੇ ਟੈਸਟ ਵੀ ਕਾਫੀ ਮਹਿੰਗੇ ਹਨ ਅਤੇ ਆਮ ਦੇਖਣ ਵਿਚ ਆਉਂਦਾ ਹੈ ਕਿ ਕਈ ਮਰੀਜ਼ ਮਹਿੰਗੇ ਇਲਾਜ ਕਾਰਣ ਹੀ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ ਪਰ ਹੁਣ ਗੁਰਦੁਆਰਾ ਸ੍ਰੀ ਕਲਗੀਧਰ ਵਿਖੇ ਬਹੁਤ ਹੀ ਘੱਟ ਰੇਟਾਂ ’ਤੇ ਮਰੀਜ਼ਾਂ ਦੇ ਟੈਸਟ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਸਮੇਂ ਵਰਿੰਦਰ ਸਿੰਘ ਬਾਜਵਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਸ੍ਰੀ ਕਲਗੀਧਰ ਵਿਖੇ ਮੈਨੇਜਿੰਗ ਕਮੇਟੀ ਵੱਲੋਂ ਪਿਛਲੇ ਦੋ ਸਾਲ ਤੋਂ ਡਿਸਪੈਂਸਰੀ ਵੀ ਚਲਾਈ ਜਾ ਰਹੀ ਹੈ, ਜਿਸ ਵਿਚ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਉਕਤ ਡਿਸਪੈਂਸਰੀ ਵਿਚ ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ, ਚਮਡ਼ੀ ਰੋਗਾਂ ਦੇ ਮਾਹਿਰ ਸਮੇਤ ਹੋਰ ਵੱਖ-ਵੱਖ ਬੀਮਾਰੀਆਂ ਨਾਲ ਸਬੰਧਤ ਮਾਹਿਰ ਡਾਕਟਰ ਇੱਥੇ ਸੇਵਾਵਾਂ ਨਿਭਾ ਰਹੇ ਹਨ ਜਿਸ ਦੌਰਾਨ ਫਰੀ ਚੈੱਕਅਪ ਕਰ ਕੇ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ