ਕਾਰ ਅਤੇ ਸਕੂਟਰ ਦੀ ਟੱਕਰ ’ਚ ਇਕ ਦੀ ਮੌਤ

Tuesday, Nov 24, 2020 - 02:32 AM (IST)

ਕਾਰ ਅਤੇ ਸਕੂਟਰ ਦੀ ਟੱਕਰ ’ਚ ਇਕ ਦੀ ਮੌਤ

ਬਲਾਚੌਰ,(ਵਿਨੋਦ ਬੈਂਸ, ਕਟਾਰੀਆ)- ਅੱਜ ਬਾਅਦ ਦੁਪਹਿਰ ਕਰੀਬ 12 ਵਜੇ ਨਵਾਂਸ਼ਹਿਰ ਬਲਾਚੌਰ ਨੈਸ਼ਨਲ ਹਾਈਵੇ ’ਤੇ (ਨੇੜੇ ਸੰਤ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ) ਇਕ ਸਕੂਟਰ ਅਤੇ ਕਾਰ ’ਚ ਭਿਆਨਕ ਟੱਕਰ ਹੋਣ ਕਾਰਣ ਸਕੂਟਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ/ਅਤੇ ਤਫਤੀਸ਼ੀ ਅਫਸਰ ਏ. ਐੱਸ. ਆਈ. ਅੰਮ੍ਰਿਤਪਾਲ ਅਨੁਸਾਰ ਜੋਗਿੰਦਰਪਾਲ ਸਿੰਘ ਪੁੱਤਰ ਝਲਮਣ ਸਿੰਘ (80) ਵਾਸੀ ਪਿੰਡ ਅਟਾਲ ਮਜਾਰਾ ਆਪਣੇ ਪਲੈਜ਼ਰ ਸਕੂਟਰ PB 32 L 5733 ’ਤੇ ਸਵਾਰ ਹੋ ਕੇ ਮਹਿਤਪੁਰ ਉਲੱਦਣੀ ਸਾਈਡ ਤੋਂ ਨੈਸ਼ਨਲ ਹਾਈਵੇ ’ਤੇ ਚੜ੍ਹਨ ਲੱਗਾ ਤਾਂ ਪਿੱਛੋਂ ਆ ਰਹੀ ਇਕ ਕਾਰ CH -02 AA/7858 ਦੀ ਚਪੇਟ ’ਚ ਆ ਗਿਆ। ਸਿੱਟੇ ਵਜੋਂ ਸਕੂਟਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਕਾਰ ਚਾਲਕ ਨੇ ਕਾਰ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ। ਫਿਰ ਵੀ ਸਕੂਟਰ ਚਾਲਕ ਨੂੰ ਬਚਾਇਆ ਨਹੀਂ ਜਾ ਸਕਿਆ।

ਕਾਰ ਚਾਲਕ ਗੁਰਸ਼ੇਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਪਿੱਪਲੀ ਮਾਜਰਾ ਯਮੁਨਾ ਨਗਰ (ਹਰਿਆਣਾ) ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਅੰਮ੍ਰਿਤਸਰ ਤੋਂ ਕਿਸੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਉਪਰੰਤ ਵਾਪਸ ਆਪਣੇ ਪਿੰਡ ਜਾ ਰਹੇ ਸਨ। ਕਾਰ ’ਚ ਉਸਦੇ ਨਾਲ ਉਸਦੇ ਹੋਰ 4 ਪਰਿਵਾਰਕ ਮੈਂਬਰ ਸਵਾਰ ਸਨ ਜੋ ਵਾਲ ਵਾਲ ਬਚ ਗਏ । ਤਫਤੀਸ਼ੀ ਅਫਸਰ ਅਨੁਸਾਰ ਮ੍ਰਿਤਕ ਦੇ ਵਾਰਸਾਂ ਨੇ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਲਈ ਲਿਖਤੀ ਰੂਪ ’ਚ ਦਿੱਤਾ। ਅੱਜ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪੁਲੀਸ ਨੇ ਮ੍ਰਿਤਕ ਸਰੀਰ ਵਾਰਸਾਂ ਦੇ ਹਵਾਲੇ ਕਰ ਦਿੱਤਾ।


author

Bharat Thapa

Content Editor

Related News