ਨੂਰਮਹਿਲ ਦੀ ਸ਼ਰਨਜੀਤ ਕੌਰ ਦਾ ਕੈਨੇਡਾ 'ਚ ਕਤਲ, ਕਾਤਲ ਪ੍ਰੇਮੀ ਨੇ ਵੀ ਕੀਤੀ ਖੁਦਕੁਸ਼ੀ
Friday, Dec 13, 2019 - 11:14 AM (IST)

ਨੂਰਮਹਿਲ (ਸ਼ਰਮਾ) : ਇਥੋਂ ਦੇ ਕਰੀਬੀ ਪਿੰਡ ਭੰਡਾਲ ਹਿੰਮਤ ਦੀ ਜੰਮਪਲ 27 ਸਾਲਾ ਸ਼ਰਨਜੀਤ ਕੌਰ ਦੇ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਹੋਏ ਕਤਲ ਕਾਰਨ ਇਲਾਕੇ ਅੰਦਰ ਸੋਗ ਦੀ ਲਹਿਰ ਛਾ ਗਈ। ਸੂਤਰਾਂ ਅਨੁਸਾਰ ਸ਼ਰਨਜੀਤ ਕੌਰ ਪੜ੍ਹਾਈ ਵਾਸਤੇ ਕੈਨੇਡਾ ਗਈ ਸੀ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਉਸ ਨੇ ਉਥੋਂ ਦੀ ਪੀ. ਆਰ. ਹਾਸਲ ਕਰ ਲਈ।
ਕੈਨੇਡਾ ਤੋਂ ਇਕ ਚੈਨਲ ਨਾਲ ਉਸ ਮਕਾਨ ਮਾਲਕ (ਜਿਸ ਮਕਾਨ ਦੇ ਅੰਦਰ ਉਹ ਰਹਿੰਦੇ ਸੀ) ਨਾਲ ਹੋਈ ਗੱਲਬਾਤ ਤੋਂ ਹਾਸਲ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਪਿੰਡ ਖਿਲਚੀਆਂ (ਅੰਮ੍ਰਿਤਸਰ) ਜਿਸ ਨੇ ਉਸ ਦਾ ਮਕਾਨ ਕਰੀਬ ਢਾਈ ਸਾਲ ਪਹਿਲਾਂ ਕਿਰਾਏ 'ਤੇ ਲਿਆ ਸੀ ਅਤੇ ਕਰੀਬ ਉਸ ਦੇ ਛੇ ਮਹੀਨੇ ਬਾਅਦ ਉਸ ਦਾ ਇਕ ਦੋਸਤ ਮਨਮੀਤ ਵੀ ਉਸ ਦੇ ਨਾਲ ਰਹਿਣ ਵਾਸਤੇ ਆਇਆ। ਦੋਵੇਂ ਉਸ ਦੇ ਮਕਾਨ ਵਿਚ ਰਹਿੰਦੇ ਸਨ। ਕਦੇ ਵੀ ਕੋਈ ਸ਼ਿਕਾਇਤ ਨਹੀਂ ਆਈ। ਉਸ ਨੇ ਦੱਸਿਆ ਕਿ ਜਿਸ ਲੜਕੀ ਦਾ ਕਤਲ ਹੋਇਆ ਹੈ, ਉਸ ਨੂੰ ਮੈਂ ਕਦੇ ਵੀ ਆਪਣੇ ਘਰ ਨਹੀਂ ਦੇਖਿਆ ਪਰ ਇਸ ਮਕਾਨ ਦੇ ਸਾਹਮਣੇ ਵਾਲੇ ਘਰ ਦੀ ਇਕ ਚਸ਼ਮਦੀਮ ਅਨੁਸਾਰ ਇਹ ਲੜਕੀ ਅਕਸਰ ਇਸ ਲੜਕੇ ਕੋਲ ਆਇਆ ਕਰਦੀ ਸੀ।
ਮਕਾਨ ਮਾਲਕ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਉਹ ਆਪਣੇ ਬੈੱਡਰੂਮ ਵਿਚ ਲੇਟੀ ਹੋਈ ਸੀ ਕਿ ਪੁਲਸ ਉਸ ਦੇ ਘਰ ਆਈ ਤਾਂ ਉਨ੍ਹਾਂ ਕੋਲੋਂ ਪਤਾ ਲੱਗਾ ਕਿ ਉਸ ਦੇ ਘਰ ਇਕ ਕਤਲ ਤੇ ਇਕ ਆਤਮਹੱਤਿਆ ਹੋਈ ਹੈ। ਉਸ ਨੇ ਜਦ ਮ੍ਰਿਤਕ ਨਵਦੀਪ ਦੇ ਦੋਸਤ ਅਤੇ ਰੂਮ ਪਾਰਟਨਰ ਮਨਮੀਤ ਕੋਲੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਨਵਦੀਪ ਨੇ ਸਵੇਰੇ ਮੈਨੂੰ ਫੋਨ ਕਰ ਕੇ ਟਾਈਮ ਦੱਸ ਕੇ ਕਿਹਾ ਸੀ ਕਿ ਤੂੰ ਇਸ ਤੋਂ ਪਹਿਲਾਂ ਘਰ ਨਹੀਂ ਆਉਣਾ ਅਤੇ ਮੈਂ ਜਦ ਉਸ ਦੇ ਕਹੇ ਸਮੇਂ ਤੋਂ ਬਾਅਦ ਘਰ ਆਇਆ ਤਾਂ ਦੇਖਿਆ ਕਿ ਬੈੱਡ ਤੋਂ ਹੇਠਾਂ ਪਏ ਇਕ ਗੱਦੇ 'ਤੇ ਸ਼ਰਨਜੀਤ ਦੀ ਲਾਸ਼ ਪਈ ਹੋਈ ਸੀ ਅਤੇ ਨਵਦੀਪ ਇਕ ਰੱਸੀ ਨਾਲ ਲਟਕ ਰਿਹਾ ਸੀ। ਪੁਲਸ ਵਲੋਂ ਸ਼ੱਕ ਜ਼ਾਹਰ ਕੀਤਾ ਗਿਆ ਹੈ ਕਿ ਪ੍ਰੇਮੀ ਨੇ ਪਹਿਲਾਂ ਉਸ ਦਾ ਕਤਲ ਕੀਤਾ ਹੋਵੇਗਾ ਤੇ ਬਾਅਦ 'ਚ ਖੁਦ ਖੁਦਕੁਸ਼ੀ ਕਰ ਲਈ ਹੋਵੇਗੀ। ਮੌਤਾਂ ਦੇ ਕਾਰਣਾਂ ਦਾ ਪਤਾ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ।