ਮਕਸੂਦਾਂ ਸਬਜ਼ੀ ਮੰਡੀ ’ਚ ਪਾਰਕਿੰਗ ਠੇਕੇਦਾਰ ਤੇ ਮਾਰਕੀਟ ਕਮੇਟੀ ਵਿਚਕਾਰ ‘ਨੋਟਿਸ ਵਾਰ’

05/20/2023 4:15:38 PM

ਜਲੰਧਰ (ਜ. ਬ.)– ਮਕਸੂਦਾਂ ਮੰਡੀ ਵਿਚ ਆਉਣ ਵਾਲੇ ਵਾਹਨਾਂ ਤੋਂ ਤਿੰਨ ਗੁਣਾ ਫ਼ੀਸ ਵਸੂਲਣ ’ਤੇ ਮਾਰਕੀਟ ਕਮੇਟੀ ਵੱਲੋਂ ਜਾਰੀ ਕੀਤੇ ਨੋਟਿਸ ਦੇ 24 ਘੰਟੇ ਬੀਤ ਜਾਣ ਦੇ ਬਾਅਦ ਵੀ ਪਾਰਕਿੰਗ ਠੇਕੇਦਾਰ ਨੇ ਕਮੇਟੀ ਦੇ ਨੋਟਿਸ ਦਾ ਜਵਾਬ ਦੇਣਾ ਸਹੀ ਨਹੀਂ ਸਮਝਿਆ। ਜਵਾਬ ਨਾ ਆਉਣ ’ਤੇ ਕਮੇਟੀ ਨੇ ਦੋਬਾਰਾ ਬਾਬਾ ਦੀਪ ਸਿੰਘ ਐਂਟਰਪ੍ਰਾਈਜ਼ਿਜ਼ ਨਾਂ ਦੀ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਕ ਪਾਸੇ ਮਾਰਕੀਟ ਕਮੇਟੀ ਨੋਟਿਸ ’ਤੇ ਨੋਟਿਸ ਜਾਰੀ ਕਰਕੇ ਜਵਾਬ ਮੰਗ ਰਹੀ ਹੈ ਤਾਂ ਠੇਕੇਦਾਰ ਰੋਜ਼ਾਨਾ ਵਾਂਗ ਮੰਡੀ ਵਿਚ ਆਉਣ ਵਾਲੇ ਵਾਹਨਾਂ ਤੋਂ ਤਿੰਨ ਗੁਣਾ ਪੈਸੇ ਵਸੂਲ ਕੇ ਸਾਬਿਤ ਕਰ ਰਿਹਾ ਹੈ ਕਿ ਉਸਦੇ ਸਿਰ ’ਤੇ ਕਿਸੇ ਆਗੂ ਅਤੇ ਮੰਡੀ ਬੋਰਡ ਦੇ ਉੱਚ ਅਧਿਕਾਰੀ ਦਾ ਹੱਥ ਹੈ।

ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਵੀ ਇਸ ਧੱਕੇਸ਼ਾਹੀ ਖ਼ਿਲਾਫ਼ ਮੈਦਾਨ ਵਿਚ ਉਤਰ ਆਈ ਹੈ। ਆੜ੍ਹਤੀ ਐਸੋਸੀਏਸ਼ਨ ਦੇ ਡਿੰਪੀ ਸਚਦੇਵਾ ਨੇ ਸ਼ੁੱਕਰਵਾਰ ਨੂੰ ਮਾਰਕੀਟ ਕਮੇਟੀ ਦੇ ਸੈਕਟਰੀ ਸੁਰਿੰਦਰਪਾਲ ਨੂੰ ਮੰਗ-ਪੱਤਰ ਸੌਂਪਿਆ। ਮੰਗ-ਪੱਤਰ ਦੇ ਨਾਲ-ਨਾਲ ਠੇਕੇਦਾਰ ਵੱਲੋਂ ਛਪਵਾਈਆਂ ਤੈਅ ਕੀਤੇ ਰੇਟਾਂ ਤੋਂ ਜ਼ਿਆਦਾ ਪਾਰਕਿੰਗ ਦੀਆਂ ਪਰਚੀਆਂ ਵੀ ਅਟੈਚ ਕੀਤੀਆਂ ਗਈਆਂ ਸਨ। ਡਿੰਪੀ ਸਚਦੇਵਾ ਨੇ ਲਿਖਤੀ ਸ਼ਿਕਾਇਤ ਵਿਚ ਕਿਹਾ ਕਿ ਪਾਰਕਿੰਗ ਠੇਕੇਦਾਰ ਮੰਡੀ ਵਿਚ ਆਉਣ ਵਾਲੇ ਸਾਰੇ ਵਾਹਨਾਂ ਤੋਂ ਜ਼ਿਆਦਾ ਪੈਸੇ ਵਸੂਲ ਰਿਹਾ ਹੈ। ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਰਚੀ ਦਿੱਤੀ ਜਾਂਦੀ ਹੈ, ਉਸਦੇ ਰੇਟ ਤੈਅ ਰੇਟਾਂ ਤੋਂ ਬਹੁਤ ਜ਼ਿਆਦਾ ਹਨ। ਦੂਜੇ ਪਾਸੇ ਵਾਹਨਾਂ ਦੇ ਅੰਦਰ ਰਹਿਣ ਦੀ ਮਿਆਦ ਵੀ 12 ਘੰਟੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਮੰਡੀ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬਿਲਕੁਲ ਵੀ ਸਹਿਣ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ - ਜਲੰਧਰ ਵਿਖੇ ਵਿਆਹ ਸਮਾਗਮ ਦੌਰਾਨ ਪਿਆ ਭੜਥੂ, ਕੁੜੀ ਵਾਲਿਆਂ ਨੇ ਜੰਮ ਕੇ ਮੈਨੇਜਰ ਦੀ ਕੀਤੀ ਕੁੱਟਮਾਰ

ਮੰਗ-ਪੱਤਰ ਦੇਣ ਤੋਂ ਬਾਅਦ ਮਾਰਕੀਟ ਕਮੇਟੀ ਵੱਲੋਂ ਮੰਡੀ ਦੇ ਦੋਵਾਂ ਗੇਟਾਂ ’ਤੇ ਸਰਕਾਰੀ ਤੈਅ ਰੇਟਾਂ ਦੇ ਫਲੈਕਸ ਲੁਆ ਦਿੱਤੇ ਗਏ ਹਨ ਤਾਂ ਕਿ ਠੇਕੇਦਾਰ ਜ਼ਿਆਦਾ ਪੈਸੇ ਨਾ ਵਸੂਲ ਸਕੇ। ਹਾਲਾਂਕਿ ਸ਼ੁੱਕਰਵਾਰ ਨੂੰ ਵੀ ਰੋਜ਼ਾਨਾ ਵਾਂਗ ਸਾਈਕਲ ਅਤੇ ਦੋਪਹੀਆ ਵਾਹਨਾਂ ਤੋਂ 20-20 ਰੁਪਏ ਵਸੂਲੇ ਗਏ। ਸੈਕਟਰੀ ਸੁਰਿੰਦਰਪਾਲ ਨੇ ਕਿਹਾ ਕਿ ਤਿਪਹੀਆ ਵਾਹਨ ਮੈਨ ਆਪਰੇਟਡ ਦੇ 15 ਰੁਪਏ, ਤਿਪਹੀਆ ਵਾਹਨ ਮੋਟਰ ਆਪ੍ਰੇਟਡ ਦੇ 20 ਰੁਪਏ, ਕਾਰ/ਜੀਪ/ਆਟੋ ਦੇ 25 ਰੁਪਏ, ਗੱਡਾ/ਰੇਹੜਾ ਦੇ 20 ਰੁਪਏ, ਸਾਰੇ ਕਿਸਮ ਦੇ ਟੈਂਪੂ ਦੇ 50 ਰੁਪਏ, ਕਮਰਸ਼ੀਅਲ ਟਰੈਕਟਰ-ਟਰਾਲੀ ਦੇ 50 ਰੁਪਏ, 6 ਟਾਇਰੀ ਟਰੱਕ ਦੇ 75 ਰੁਪਏ, 10 ਟਾਇਰੀ ਟਰੱਕ ਦੇ 100 ਰੁਪਏ, 12 ਟਾਇਰੀ ਟਰੱਕ ਦੇ 125 ਰੁਪਏ ਅਤੇ ਟਰਾਲੇ ਦੇ 150 ਰੁਪਏ ਸਰਕਾਰੀ ਰੇਟ ਤੈਅ ਕੀਤੇ ਗਏ ਹਨ। ਅਜਿਹੇ ਵਿਚ ਇਸੇ ਰੇਟ ਦੀ ਪਰਚੀ ਕਟਵਾਈ ਜਾਵੇ ਅਤੇ ਜੇਕਰ ਠੇਕੇਦਾਰ ਮਨਮਰਜ਼ੀ ਕਰਦਾ ਹੈ ਜਾਂ ਧਮਕਾਉਂਦਾ ਹੈ ਤਾਂ ਉਨ੍ਹਾਂ ਕੋਲ ਸ਼ਿਕਾਇਤ ਦਿੱਤੀ ਜਾ ਸਕਦੀ ਹੈ।

ਦੂਜੇ ਪਾਸੇ ਚੰਡੀਗੜ੍ਹ ਦੇ ਕੁਝ ਅਧਿਕਾਰੀ ਦੀ ਵੀਡੀਓ ਕੁਝ ਲੋਕਾਂ ਦੇ ਮੋਬਾਇਲ ਵਿਚ ਹੀ ਹੈ। ਕੋਈ ਵੀ ਵੀਡੀਓ ਸ਼ੇਅਰ ਕਰਨ ਤੋਂ ਡਰ ਰਿਹਾ ਹੈ। ਵੀਡੀਓ ਦੇਖਣ ’ਤੇ ਕਲੀਅਰ ਹੈ ਕਿ ਪੈਸਿਆਂ ਦਾ ਲੈਣ-ਦੇਣ ਹੋਇਆ ਹੈ। ਇਹ ਵੀਡੀਓ ਗੱਡੀ ਵਿਚ ਬਣਾਈ ਗਈ ਹੈ, ਜਿਸ ਵਿਚ ਉੱਚ ਅਧਿਕਾਰੀ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ’ਤੇ ਬੈਠਾ ਹੈ, ਜਦੋਂ ਕਿ ਦੂਜੀ ਵੀਡੀਓ ਇਕ ਰੈਸਟੋਰੈਂਟ ਦੀ ਹੈ। ਕਾਰ ਵਿਚ ਬੈਠੇ ਹੋਏ ਦੀ ਵੀਡੀਓ ਦੀ ਸ਼ੁਰੂਆਤ ਵਿਚ ਹੀ ਅਧਿਕਾਰੀ ਨੂੰ ਪੈਸਿਆਂ ਦਾ ਪੈਕੇਟ ਫੜਾ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਪੈਸੇ ਦੇਣ ਵਾਲਾ ਵਿਅਕਤੀ ਮੰਡੀ ਦੇ ਅਤੇ ਸ਼ਹਿਰਾਂ ਦੇ ਠੇਕੇ ਲੈਣ ਦੀ ਗੱਲ ਵੀ ਕਹਿ ਰਿਹਾ ਹੈ, ਜਦਕਿ ਅਧਿਕਾਰੀ ਵੀ ਸਾਫ਼ ਕਹਿ ਰਿਹਾ ਹੈ ਕਿ ਤੁਸੀਂ ਆਪਣਾ ਪੇਟ ਭਰੋ ਅਤੇ ਮੇਰਾ ਵੀ।

ਇਹ ਵੀ ਪੜ੍ਹੋ - CM ਭਗਵੰਤ ਮਾਨ ਦਾ ਭਾਜਪਾ 'ਤੇ ਸ਼ਬਦੀ ਹਮਲਾ, ਟਵੀਟ ਕਰਕੇ ਆਖੀ ਵੱਡੀ ਗੱਲ

ਤਿੰਨ ਗੁਣਾ ਪੈਸੇ ਵਸੂਲਣ ਦੇ ਬਾਵਜੂਦ ਦਿੱਤੇ ਜਾਂਦੇ ਹਨ 12 ਘੰਟੇ, ਡਰਾਈਵਰ ਪ੍ਰੇਸ਼ਾਨ
ਮਕਸੂਦਾਂ ਮੰਡੀ ਵਿਚ ਸਬਜ਼ੀਆਂ ਅਤੇ ਫਰੂਟ ਲੈ ਕੇ ਆਏ ਵਾਹਨ ਚਾਲਕ ਤਿੰਨ ਗੁਣਾ ਰੇਟ ਦੇ ਨਾਲ-ਨਾਲ 12 ਘੰਟਿਆਂ ਦੀ ਪਰਚੀ ਦੀ ਮਿਆਦ ਹੋਣ ਤੋਂ ਕਾਫ਼ੀ ਪ੍ਰੇਸ਼ਾਨ ਹਨ। ਕੁਝ ਡਰਾਈਵਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 2 ਤੋਂ 3 ਵਜੇ ਦੇ ਨੇੜੇ-ਤੇੜੇ ਮੰਡੀ ਵਿਚ ਐਂਟਰੀ ਕਰ ਲੈਂਦੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਗੱਡੀ ਕਦੋਂ ਖਾਲੀ ਹੋਵੇਗੀ। ਇਹ ਆੜ੍ਹਤੀਆਂ ’ਤੇ ਨਿਰਭਰ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਕਾਰੋਬਾਰ ’ਤੇ ਹੀ ਉਨ੍ਹਾਂ ਦੀ ਗੱਡੀ ਦਾ ਨੰਬਰ ਆਉਣਾ ਨਿਰਭਰ ਕਰਦਾ ਹੈ। ਜੇਕਰ ਉਹ 3 ਵਜੇ ਦਾਖਲ ਹੁੰਦੇ ਹਨ ਤਾਂ ਗੱਡੀ ਖਾਲੀ ਕਰਦੇ-ਕਰਦੇ ਆਰਾਮ ਨਾਲ 12 ਘੰਟੇ ਬੀਤ ਜਾਂਦੇ ਹਨ ਅਤੇ ਉਨ੍ਹਾਂ ਨੂੰ ਦੁਬਾਰਾ 100 ਰੁਪਏ ਦੀ ਪਰਚੀ ਕਟਵਾਉਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇਕ ਤਾਂ ਠੇਕੇਦਾਰ ਤਿੰਨ ਗੁਣਾ ਪੈਸੇ ਵਸੂਲ ਰਿਹਾ ਹੈ ਪਰ ਉਨ੍ਹਾਂ ਦੀਆਂ ਗੱਡੀਆਂ ਦੀ ਸੁਰੱਖਿਆ ਲਈ ਮੰਡੀ ਦੇ ਅੰਦਰ ਕੋਈ ਸਕਿਓਰਿਟੀ ਗਾਰਡ ਨਹੀਂ ਹੁੰਦਾ। ਕਈ ਵਾਰ ਹੋ ਚੁੱਕਾ ਹੈ ਕਿ ਗੱਡੀ ਵਿਚੋਂ ਕ੍ਰੇਟ ਚੋਰੀ ਹੋ ਜਾਂਦੇ ਹਨ। ਜੇਕਰ ਉਹ ਠੇਕੇਦਾਰ ਨੂੰ ਸ਼ਿਕਾਇਤ ਕਰਦੇ ਹਨ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਲੈਂਦਾ ਹੈ ਕਿ ਉਨ੍ਹਾਂ ਨੂੰ ਗੱਡੀ ਵਿਚ ਬੈਠਣਾ ਚਾਹੀਦਾ ਸੀ। ਡਰਾਈਵਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਬਾਥਰੂਮ ਜਾਣਾ ਹੁੰਦਾ ਹੈ ਤਾਂ ਗੱਡੀ ਦੀ ਸੁਰੱਖਿਆ ਲਈ ਕੋਈ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਹਰ ਪਾਸਿਓਂ ਹੀ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਡਰਾਈਵਰਾਂ ਨੇ ਕਿਹਾ ਕਿ ਬਾਥਰੂਮ ਜਾਣ ਦੇ ਉਨ੍ਹਾਂ ਕੋਲੋਂ 10 ਰੁਪਏ ਵਸੂਲੇ ਜਾਂਦੇ ਹਨ ਪਰ ਨਾ ਹੀ ਅੰਦਰ ਪਾਣੀ ਦੀ ਸਹੂਲਤ ਹੈ ਅਤੇ ਨਾ ਹੀ ਹੱਥ ਧੋਣ ਲਈ ਸਾਬਣ ਰੱਖਿਆ ਹੁੰਦਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News