ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ, ਘੱਟੋ-ਘੱਟ ਤਾਪਮਾਨ 14 ਡਿਗਰੀ ਤੱਕ ਪਹੁੰਚਿਆ
Sunday, Apr 02, 2023 - 01:19 PM (IST)

ਕਪੂਰਥਲਾ (ਮਹਾਜਨ)-ਅੱਜਕਲ੍ਹ ਮੌਸਮ ਦਾ ਮਿਜ਼ਾਜ ਜਿੱਥੇ ਬੁੱਧੀਜੀਵੀਆਂ ਅਤੇ ਮਾਹਿਰਾਂ ਦੀ ਸਮਝ ਤੋਂ ਬਾਹਰ ਹੈ, ਉਥੇ ਹੀ ਇਸ ਦਾ ਲੋਕਾਂ ਖ਼ਾਸ ਕਰਕੇ ਕਿਸਾਨਾਂ ਦੇ ਜੀਵਨ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਮਾਰਚ ਦੇ ਮਹੀਨੇ ’ਚ ਜਿੱਥੇ ਲੋਕਾਂ ਨੂੰ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਉਥੇ ਹੀ ਇਨ੍ਹਾਂ ਦਿਨਾਂ ’ਚ ਬਦਲਦੇ ਮੌਸਮ ਕਾਰਨ ਲੋਕਾਂ ਨੂੰ ਅਜੇ ਵੀ ਹਲਕੀ ਜਿਹੀ ਠੰਡਕ ਮਹਿਸੂਸ ਕਰਨੀ ਪੈ ਰਹੀ ਹੈ, ਜਿਸ ਕਾਰਨ ਜਿੱਥੇ ਲੋਕ ਕਾਫ਼ੀ ਖੁਸ਼ ਹਨ, ਉਥੇ ਹੀ ਕਿਸਾਨਾਂ ਲਈ ਵੀ ਇਹ ਮਹੀਨਾ ਬਹੁਤ ਮਾੜਾ ਸਾਬਿਤ ਹੋ ਰਿਹਾ ਹੈ। ਮਾਰਚ ਮਹੀਨੇ ਦੇ ਆਖਰੀ ਦਿਨਾਂ ’ਚ ਜਿੱਥੇ ਤੇਜ਼ ਹਨੇਰੀ ਅਤੇ ਮੀਂਹ ਕਾਰਨ ਹੋਇਆ ਨੁਕਸਾਨ ਬਰਦਾਸ਼ਤ ਕਰਨ ਯੋਗ ਨਹੀਂ ਸੀ, ਉਥੇ ਹੀ ਸ਼ਨੀਵਾਰ ਸਵੇਰੇ ਮੌਸਮ ’ਚ ਅਚਾਨਕ ਆਈ ਤਬਦੀਲੀ ਤੋਂ ਬਾਅਦ ਹੋਈ ਤੇਜ਼ ਬਾਰਿਸ਼ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਭਾਰੀ ਮੀਂਹ ਕਾਰਨ ਸੜਕਾਂ ਸੁੰਨਸਾਨ ਹੋ ਗਈਆਂ। ਕੁਝ ਹੀ ਵਾਹਨ ਸੜਕਾਂ ’ਤੇ ਹੌਲੀ-ਹੌਲੀ ਆਪਣੀ ਮੰਜ਼ਿਲ ਵੱਲ ਵਧਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ
ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਸ਼ੁਰੂ ਹੋਈ ਬਾਰਿਸ਼ ਤੋਂ ਬਾਅਦ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ। ਤੇਜ਼ ਮੀਂਹ ਕਾਰਨ ਆਵਾਜਾਈ ਠੱਪ ਹੋ ਗਈ। ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਅਤੇ ਤੰਗ-ਗਲੀਆਂ ’ਚ ਸੀਵਰੇਜ ਓਵਰਫਲੋਅ ਹੋਣ ਕਾਰਨ ਪਾਣੀ ਖੜ੍ਹਾ ਵੇਖਣ ਨੂੰ ਮਿਲਿਆ, ਜਿਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਅਤੇ ਰਾਹਗੀਰਾਂ ਨੂੰ ਉਥੋਂ ਲੰਘਣ ’ਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਮੀਂਹ ਦਾ ਮੌਸਮ ਵੇਖ ਕੇ ਬਾਜ਼ਾਰਾਂ ’ਚ ਖ਼ਰੀਦਦਾਰੀ ਕਰਨ ਆਏ ਲੋਕ ਆਪਣੇ ਘਰਾਂ ਨੂੰ ਪਰਤ ਗਏ। ਸ਼ਾਮ 4 ਵਜੇ ਦੇ ਕਰੀਬ ਮੀਂਹ ਰੁਕਣ ਤੋਂ ਬਾਅਦ ਆਵਾਜਾਈ ਸੜਕਾਂ ’ਤੇ ਪਰਤ ਆਈ, ਜਦਕਿ ਬਾਜ਼ਾਰਾਂ ’ਚ ਲੋਕਾਂ ਦੀ ਭੀੜ ਬਹੁਤ ਘੱਟ ਰਹੀ, ਜਿਸ ਕਾਰਨ ਦੁਕਾਨਦਾਰ ਵੀ ਆਮ ਦਿਨਾਂ ਦੇ ਮੁਕਾਬਲੇ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ।
ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਕਰੀਬ 7.3 ਐੱਮ.ਐੱਮ. ਮੀਂਹ ਰਿਕਾਰਡ ਕੀਤਾ ਗਿਆ। ਮੀਂਹ ਕਾਰਨ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਆਉਣ ਵਾਲੇ ਦਿਨਾਂ ’ਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।
ਮੀਂਹ ਕਿਸਾਨਾਂ ਲਈ ਆਫ਼ਤ ਬਣ ਗਿਆ
ਕਣਕ ਅਤੇ ਹੋਰ ਫ਼ਸਲਾਂ ਬੀਜਣ ਵਾਲੇ ਕਿਸਾਨਾਂ ਲਈ ਇਨ੍ਹੀਂ ਦਿਨੀਂ ਮੀਂਹ ਨੇ ਚਿੰਤਾ ’ਚ ਪਾ ਦਿੱਤਾ ਹੈ। ਪਹਿਲਾਂ ਹੀ ਆਪਣੇ ਖਰਚੇ ਪੂਰੇ ਨਾ ਹੋਣ ਕਾਰਨ ਕਿਸਾਨ ਖੇਤੀ ਧੰਦੇ ਤੋਂ ਮੂੰਹ ਮੋੜ ਰਿਹਾ ਹੈ। ਉਪਰੋਂ ਕੁਦਰਤੀ ਆਫ਼ਤ ਬਣ ਚੁੱਕੇ ਇਸ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਜਿਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ’ਚ ਕਣਕ ਦੀ ਫ਼ਸਲ ਬੀਜੀ ਸੀ, ਉਹ ਪੱਕਣ ਦੇ ਕੰਢੇ ’ਤੇ ਸੀ। ਮੀਂਹ ਕਾਰਨ ਖੇਤਾਂ ‘ਚ ਪਾਣੀ ਜਮ੍ਹਾ ਹੋਣ ਕਾਰਨ ਜਿੱਥੇ ਫ਼ਸਲ ’ਚ ਨਮੀ ਦੀ ਮਾਤਰਾ ਵਧੇਗੀ, ਉਥੇ ਫ਼ਸਲ ਦੀ ਕਟਾਈ ’ਚ ਦੇਰੀ ਹੋ ਸਕਦੀ ਹੈ। ਕਈ ਕਿਸਾਨ ਆਪਣੇ ਖੇਤਾਂ ’ਚ ਪਾਣੀ ਖੜ੍ਹਾ ਹੋਣ ਕਾਰਨ ਫ਼ਸਲ ਖ਼ਰਾਬ ਹੋਣ ਤੋਂ ਚਿੰਤਤ ਹਨ, ਜਿਸ ਕਾਰਨ ਜਿੱਥੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ, ਉਥੇ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਕੰਮ ਨਾ ਮਿਲਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।