ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਲੈ ਕੇ ਆਮ ਲੋਕਾਂ ’ਚ ਨਹੀਂ ਦਿਸਿਆ ਕੋਈ ਜੋਸ਼
Friday, Jan 28, 2022 - 04:26 PM (IST)

ਜਲੰਧਰ (ਚੋਪੜਾ)–ਭਾਰਤੀ ਚੋਣ ਕਮਿਸ਼ਨ ਵੱਲੋਂ ਕੋਵਿਡ-19 ਮਹਾਮਾਰੀ ਨੂੰ ਲੈ ਕੇ ਵੱਡੀਆਂ ਸਿਆਸੀ ਰੈਲੀਆਂ ’ਤੇ ਲਾਏ ਪਾਬੰਦੀ ਕਾਰਨ ਰਾਹੁਲ ਗਾਂਧੀ ਵੱਲੋਂ ਜਲੰਧਰ ਵਿਚ ਵਰਚੁਅਲ ਰੈਲੀ ਕਰਕੇ ਸੂਬੇ ਦੀ ਜਨਤਾ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ ਜਾਣਾ ਸੀ। ਜਿਸ ਨੂੰ ਲੈ ਕੇ ਸਥਾਨਕ ਕਾਂਗਰਸ ਭਵਨ ਤੋਂ ਇਲਾਵਾ ਜ਼ਿਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ਵਿਚ ਜਨਤਕ ਸਥਾਨਾਂ ’ਤੇ ਐੱਲ. ਈ. ਡੀ. ਸਕ੍ਰੀਨਾਂ ਲਾ ਕੇ ਛੋਟੇ-ਛੋਟੇ ਪੰਡਾਲ ਸਜਾਏ ਗਏ, ਜਿੱਥੇ ਕਾਂਗਰਸ ਦੇ ਵਰਕਰਾਂ ਅਤੇ ਲੋਕਾਂ ਦੇ ਬੈਠਣ ਦੀ ਸਹੂਲਤ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਸ਼ਹਿਰ ਵਿਚ ਕਾਂਗਰਸੀ ਵਰਕਰਾਂ ਸਮੇਤ ਆਮ ਲੋਕਾਂ ਵਿਚ ਕੋਈ ਜੋਸ਼ ਵਿਖਾਈ ਨਹੀਂ ਦਿੱਤਾ ਅਤੇ ਨਾ ਹੀ ਲੋਕਾਂ ਨੇ ਰਾਹੁਲ ਨੂੰ ਲਾਈਵ ਵੇਖਣ ਅਤੇ ਉਨ੍ਹਾਂ ਦੇ ਵਿਚਾਰ ਸੁਣਨ ਪ੍ਰਤੀ ਕੋਈ ਦਿਲਚਸਪੀ ਵਿਖਾਈ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਪਿੜ, ਮੁੱਦੇ ਗਾਇਬ, ਚਿਹਰਿਆਂ ’ਤੇ ਵੱਡਾ ਦਾਅ
ਕਾਂਗਰਸ ਭਵਨ ਵਿਚ ਲਾਈ ਐੱਲ. ਈ. ਡੀ. ਵਿਚ ਵਰਚੁਅਲ ਰੈਲੀ ਨੂੰ ਲੈ ਕੇ ਸਿਰਫ਼ ਦਰਜਨ ਦੇ ਲਗਭਗ ਵਰਕਰ ਮੌਜੂਦ ਰਹੇ, ਜਦੋਂ ਕਿ ਜੋਤੀ ਚੌਂਕ ਦੀ ਸ਼ੂ ਮਾਰਕੀਟ ਵਿਚ ਕਾਂਗਰਸ ਵੱਲੋਂ ਲਾਈ ਐੱਲ. ਈ. ਡੀ. ’ਤੇ ਕਿਸੇ ਦੇ ਵੀ ਮੌਜੂਦ ਨਾ ਹੋਣ ਕਾਰਨ ਚਾਲੂ ਵੀ ਨਹੀਂ ਕੀਤੀ ਗਈ। ਕਾਂਗਰਸੀ ਆਗੂਆਂ ਨੂੰ ਉਮੀਦ ਸੀ ਕਿ ਲੋਕ ਰਾਹੁਲ ਗਾਂਧੀ ਨੂੰ ਸੁਣਨ ਲਈ ਬੇਤਾਬ ਹੋ ਕੇ ਉਥੇ ਪੁੱਜਣਗੇ ਪਰ ਪੰਡਾਲ ਵਿਚ ਨਾ ਤਾਂ ਮਾਰਕੀਟ ਦਾ ਕੋਈ ਦੁਕਾਨਦਾਰ ਆਇਆ, ਨਾ ਹੀ ਕੋਈ ਰਾਹਗੀਰ ਅਤੇ ਨਾ ਹੀ ਕੋਈ ਕਾਂਗਰਸ ਵਰਕਰ ਮੌਜੂਦ ਰਿਹਾ, ਜਿਸ ਕਾਰਨ ਪੰਡਾਲ ਵਿਚ ਕੁਰਸੀਆਂ ਨੂੰ ਲਾਉਣਾ ਕਿਸੇ ਨੇ ਮੁਨਾਸਿਬ ਨਹੀਂ ਸਮਝਿਆ।
ਇਸ ਸੰਦਰਭ ਵਿਚ ਕੁਝ ਕਾਂਗਰਸੀ ਵਰਕਰਾਂ ਨੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਕਾਂਗਰਸ ਕੋਲ ਨਾ ਸੂਬਾ ਪੱਧਰ ਅਤੇ ਨਾ ਹੀ ਜ਼ਿਲ੍ਹਾ ਪੱਧਰ ਦਾ ਸੰਗਠਨ ਹੈ। ਸਿਰਫ਼ ਸੂਬਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਸਹਾਰੇ ਚੋਣ ਮੁਹਿੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਵਰਕਰਾਂ ਨੇ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਨੇ ਸਿਰਫ਼ ਆਪਣੇ ਚਹੇਤਿਆਂ ਨੂੰ ਪਾਸ ਜਾਰੀ ਕੀਤੇ, ਜਦਕਿ ਕਈ ਅਜਿਹੇ ਸੀਨੀਅਰ ਅਤੇ ਅਕਾਲੀ ਆਗੂ ਹਨ, ਜਿਨ੍ਹਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਵਾਂਝੇ ਰੱਖਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਲੋਕਾਂ ਨੇ ਪਹਿਲਾਂ 10 ਸਾਲ ਅਕਾਲੀ-ਭਾਜਪਾ ਗਠਜੋੜ ਦੀਆਂ ਧੱਕੇਸ਼ਾਹੀ ਸਹੀਆਂ ਅਤੇ ਹੁਣ ਪਿਛਲੇ 5 ਸਾਲ ਉਹ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਅਣਦੇਖੀ ਦਾ ਸ਼ਿਕਾਰ ਰਹੇ ਪਰ ਹੁਣ ਵਿਧਾਨ ਸਭਾ ਚੋਣਾਂ ਵਿਚ ਵੀ ਉਨ੍ਹਾਂ ਨੂੰ ਜਿਸ ਤਰ੍ਹਾਂ ਦੁਰਕਾਰਿਆ ਜਾ ਰਿਹਾ ਹੈ, ਅਜਿਹੇ ਹਾਲਾਤ ਦਾ ਖਮਿਆਜ਼ਾ ਭੁਗਤਣ ਲਈ ਕਾਂਗਰਸ ਨੂੰ ਵੀ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਲੈ ਕੇ ਨਾ ਤਾਂ ਕੋਈ ਮੀਟਿੰਗ ਕੀਤੀ ਗਈ ਅਤੇ ਨਾ ਹੀ ਵਰਕਰਾਂ ਨੂੰ ਸੀਮਤ ਗਿਣਤੀ ਵਿਚ ਪ੍ਰੋਗਰਾਮ ਦੇ ਆਯੋਜਨ ਲਈ ਭਰੋਸੇ ਵਿਚ ਲਿਆ ਗਿਆ। ਅਜਿਹੇ ਹਾਲਾਤ ਦੇ ਬਾਵਜੂਦ ਜ਼ਿਲ੍ਹਾ ਪ੍ਰਧਾਨ ਸਮੇਤ ਸੀਨੀਅਰ ਆਗੂ ਆਸ ਲਾਈ ਬੈਠੇ ਹਨ ਕਿ ਵਰਕਰ ਉਨ੍ਹਾਂ ਵੱਲੋਂ ਲਾਈਆਂ ਐੱਲ. ਈ. ਡੀ. ਦੇ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਸ਼ਾਮਲ ਹੋ ਕੇ ਪ੍ਰੋਗਰਾਮ ਨੂੰ ਸਫਲ ਬਣਾਉਣਗੇ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੇ ਵਿਰੋਧੀਆਂ ’ਤੇ ਰਗੜੇ, ਕਿਹਾ-ਪੰਜਾਬ ਨੂੰ ਇਕ ਕੱਟੜ ਤੇ ਇਮਾਨਦਾਰ CM ਚਾਹੀਦੈ
ਉਥੇ ਹੀ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਦਾ ਕਹਿਣਾ ਸੀ ਕਿ ਚੋਣ ਕਮਿਸ਼ਨ ਵੱਲੋਂ ਪ੍ਰੋਗਰਾਮ ਵਿਚ ਸਿਰਫ਼ 250-300 ਲੋਕਾਂ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਮਿਲੀ ਹੈ, ਜਿਸ ਕਾਰਨ ਕਾਂਗਰਸ ਹਾਈਕਮਾਨ ਵੱਲੋਂ ਪ੍ਰੋਗਰਾਮ ਵਿਚ ਸਿਰਫ਼ ਕੌਂਸਲਰਾਂ, ਕੌਂਸਲਰ ਦੀ ਚੋਣ ਹਾਰੇ ਉਮੀਦਵਾਰਾਂ, ਫਰੰਟੀਅਲ ਸੰਗਠਨਾਂ ਦੇ ਪ੍ਰਧਾਨਾਂ ਤੋਂ ਇਲਾਵਾ ਸਰਕਾਰ ਵਿਚ ਨਿਯੁਕਤ ਚੇਅਰਮੈਨਾਂ ਅਤੇ ਡਾਇਰੈਕਟਰਾਂ ਨੂੰ ਪਾਸ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਲਕਸ਼ਮਣ ਮੂਰਛਾ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ, ਕੌਣ ਲਿਆਵੇਗਾ ‘ਸੰਜੀਵਨੀ’?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ