ਜਲੰਧਰ ਸਮਾਰਟ ਸਿਟੀ ’ਚ ਹੋਏ ਘਪਲਿਆਂ ’ਤੇ ਨਹੀਂ ਲਿਆ ਗਿਆ ਕੋਈ ਐਕਸ਼ਨ

03/16/2024 2:39:28 PM

ਜਲੰਧਰ (ਖੁਰਾਣਾ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਸ਼ਹਿਰ ਨੂੰ ਸਮਾਰਟ ਬਣਾਉਣ ਲਈ ਪਿਛਲੇ ਸਮੇਂ ਦੌਰਾਨ ਕੇਂਦਰ ਅਤੇ ਸੂਬਾ ਸਰਕਾਰ ਨੇ ਲਗਭਗ ਇਕ ਹਜ਼ਾਰ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਪਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਏ ਸਮਾਰਟ ਸਿਟੀ ਦੇ ਜ਼ਿਆਦਾਤਰ ਕੰਮਾਂ ਵਿਚ ਕਰੋੜਾਂ ਰੁਪਏ ਦੇ ਘਪਲੇ ਹੋ ਗਏ। ਇਨ੍ਹਾਂ ਘਪਲਿਆਂ ਨੂੰ ਵੀ ਅੱਜ ਲਗਭਗ 3 ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਵਿਚ ਬੈਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਕੈਂਡਲ ਪ੍ਰਤੀ ਕੋਈ ਐਕਸ਼ਨ ਨਹੀਂ ਲਿਆ। ਅੱਜ ਤਕ ਇਕ ਵੀ ਸਬੰਧਤ ਅਫ਼ਸਰ ਤੋਂ ਕੋਈ ਪੁੱਛਗਿੱਛ ਨਹੀਂ ਹੋਈ। ਸ਼ਹਿਰ ਵਿਚ ਚਰਚਾ ਹੈ ਕਿ ਜੇਕਰ ਅਜਿਹਾ ਪੈਸਾ ਕਿਤੇ ਆਮ ਆਦਮੀ ਨੇ ਖਾਧਾ ਹੁੰਦਾ ਹੈ ਤਾਂ ਉਹ ਯਕੀਨੀ ਤੌਰ ’ਤੇ ਸੀਖਾਂ ਦੇ ਪਿੱਛੇ ਹੁੰਦਾ।

ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਸਮਾਰਟ ਸਿਟੀ ਵਿਚ ਬੈਠੇ ਅਫ਼ਸਰਾਂ ਨੇ ਜ਼ਿਆਦਾਤਰ ਪ੍ਰਾਜੈਕਟਾਂ ਦੇ ਕਾਂਟਰੈਕਟ ਜਲੰਧਰ ਨਗਰ ਨਿਗਮ ਨਾਲ ਸਬੰਧਤ ਉਨ੍ਹਾਂ ਠੇਕੇਦਾਰਾਂ ਨੂੰ ਦੇ ਦਿੱਤੇ, ਜੋ ਉਨ੍ਹਾਂ ਦੇ ਚਹੇਤੇ ਸਨ। ਅਜਿਹੇ ਵਿਚ ਅਫਸਰਾਂ ਨੇ ਫੀਲਡ ਵਿਚ ਜਾ ਕੇ ਠੇਕੇਦਾਰਾਂ ਦੇ ਕਿਸੇ ਕੰਮ ਦੀ ਜਾਂਚ ਤਕ ਨਹੀਂ ਕੀਤੀ ਅਤੇ ਅਫ਼ਸਰਾਂ ਨੂੰ ਨਿਰਧਾਰਿਤ ਕਮੀਸ਼ਨ ਦੇਣ ਦੇ ਬਾਅਦ ਠੇਕੇਦਾਰਾਂ ਨੇ ਖੂਬ ਘਟੀਆ ਕੰਮ ਕੀਤੇ। ਕੰਮਾਂ ਦੀ ਕੁਆਲਿਟੀ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਅੱਜ ਸਮਾਰਟ ਸਿਟੀ ਵੱਲੋਂ ਕਰਵਾਏ ਗਏ ਜ਼ਿਆਦਾਤਰ ਕੰਮ ਟੁੱਟ ਚੁੱਕੇ ਹਨ ਅਤੇ ਲੋਕ ਉਨ੍ਹਾਂ ਤੋਂ ਪ੍ਰੇਸ਼ਾਨ ਵੀ ਹੋ ਰਹੇ ਹਨ। ਫਿਰ ਵੀ ਕੇਂਦਰ ਅਤੇ ਸੂਬਾ ਸਰਕਾਰ ਦੀ ਅਫ਼ਸਰਸ਼ਾਹੀ ਇਸ ਵੱਲ ਧਿਆਨ ਨਹੀਂ ਦੇ ਰਹੀ।

ਇਹ ਵੀ ਪੜ੍ਹੋ: ਹੁਣ ਜਲੰਧਰ ਵਿਖੇ PAP ਚੌਂਕ ’ਚ ਨਹੀਂ ਰੁਕ ਸਕਣਗੀਆਂ ਬੱਸਾਂ, ਜਾਣੋ ਕੀ ਹੈ ਕਾਰਨ

ਕੇਂਦਰ ਦੀ ਮੋਦੀ ਸਰਕਾਰ ਦਾ ਵੀ ਸਮਾਰਟ ਸਿਟੀ ਵਿਚ ਕਰੋੜਾਂ ਰੁਪਏ ਲਗਾ ਹੋਇਆ ਸੀ ਪਰ ਇਸਦੇ ਬਾਵਜੂਦ ਜਲੰਧਰ ਦੇ ਭਾਜਪਾ ਆਗੂਆਂ ਨੇ ਜਦੋਂ ਵੀ ਸਮਾਰਟ ਸਿਟੀ ਦੇ ਘਪਲਿਆਂ ਦਾ ਮੁੱਦਾ ਉਠਇਆ ਤਾਂ ਉਨ੍ਹਾਂ ਦੀ ਪੰਜਾਬ ਜਾਂ ਕੇਂਦਰ ਪੱਧਰ ’ਤੇ ਕੋਈ ਸੁਣਵਾਈ ਨਹੀਂ ਹੋਈ।
ਕੇਂਦਰ ਸਰਕਾਰ ਦੀ ਕੈਬਨਿਟ ਮੰਤਰੀ ਸਾਧਵੀ ਨਿਰੰਜਨ ਜੋਤੀ ਨੇ ਜਲੰਧਰ ਜਾ ਕੇ ਸਮਾਰਟ ਸਿਟੀ ਦੇ ਘਪਲਿਆਂ ਬਾਬਤ ਕਈ ਦਾਅਵੇ ਕੀਤੇ ਪਰ ਉਸਦੇ ਬਾਵਜੂਦ ਕੁਝ ਨਾ ਹੋਇਆ। ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਦਾਅਵੇ ਵੀ ਸਿਰਫ ਪ੍ਰੈੱਸ ਕਾਨਫਰੰਸ ਤਕ ਸੀਮਤ ਰਹੇ। ਉਸ ਤੋਂ ਬਾਅਦ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵੀ ਜਲੰਧਰ ਆ ਕੇ ਸਮਾਰਟ ਸਿਟੀ ਦੇ ਘਪਲਿਆਂ ਦਾ ਮੁੱਦਾ ਉਠਾਇਆ ਅਤੇ ਸਬੰਧਤ ਮੰਤਰਾਲੇ ਨੂੰ ਚਿੱਠੀ ਵੀ ਲਿਖੀ। ਇਸ ਚਿੱਠੀ ਨੂੰ ਲਿਖਿਆਂ ਵੀ ਕਾਫੀ ਸਮਾਂ ਬੀਤ ਚੁੱਕਾ ਹੈ ਪਰ ਹੁਣ ਤਕ ਕੋਈ ਐਕਸ਼ਨ ਹੁੰਦਾ ਨਹੀਂ ਦਿਸ ਰਿਹਾ।

ਸਟੇਟ ਵਿਜੀਲੈਂਸ ਬਿਊਰੋ ਨੂੰ ਜਾਂਚ ਸੌਂਪਿਆਂ ਵੀ 2 ਸਾਲ ਹੋਣ ਨੂੰ ਹਨ
ਸਾਲ 2022 ਦੇ ਸ਼ੁਰੂ ਵਿਚ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਜਲੰਧਰ ਸਮਾਰਟ ਸਿਟੀ ਦੇ ਘਪਲਿਆਂ ਦੀ ਜਾਂਚ ਦੀ ਮੰਗ ਉਠੀ, ਜਿਸ ਦੇ ਬਾਅਦ ਭਗਵੰਤ ਮਾਨ ਨੇ ਸਮਾਰਟ ਸਿਟੀ ਦੇ ਸਾਰੇ 64 ਪ੍ਰਾਜੈਕਟਾਂ ਦੀ ਜਾਂਚ ਦਾ ਕੰਮ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ। ਇਨ੍ਹਾਂ ਹੁਕਮਾਂ ਨੂੰ ਵੀ 2 ਸਾਲ ਹੋਣ ਨੂੰ ਹਨ, ਇਸਦੇ ਬਾਵਜੂਦ ਵਿਜੀਲੈਂਸ ਬਿਊਰੋ ਦੇ ਜਲੰਧਰ ਯੂਨਿਟ ਨੇ ਅੱਜ ਤਕ ਇਸ ਦਿਸ਼ਾ ਵਿਚ ਕੋਈ ਖਾਸ ਕੰਮ ਨਹੀਂ ਕੀਤਾ। ਕੇਂਦਰ ਅਤੇ ਪੰਜਾਬ ਦੀ ਦੇਰੀ ਕਾਰਨ ਹੁਣ ਜਲੰਧਰ ਸਮਾਰਟ ਸਿਟੀ ਦੇ ਜ਼ਿਆਦਾਤਰ ਘਪਲੇ ਦੱਬਦੇ ਹੋਏ ਜਾਪ ਰਹੇ ਹਨ ਕਿਉਂਕਿ ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਰਹੇ ਅਫਸਰਾਂ ਨੇ ਜ਼ਿਆਦਾਤਰ ਚੀਜ਼ਾਂ ਨੂੰ ਮੈਨੇਜ ਕਰ ਲਿਆ ਹੈ। ਘਟੀਆ ਕੰਮ ਕਰਨ ਵਾਲੇ ਠੇਕੇਦਾਰਾਂ ਨੇ ਵੀ ਰਿਪੇਅਰ ਆਦਿ ਦੇ ਕੰਮ ਕਰ ਕੇ ਘਪਲੇ ’ਤੇ ਪਰਦਾ ਪਾ ਲਿਆ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਇਸ ਤਾਰੀਖ਼ ਤੋਂ ਆਦਮਪੁਰ ਏਅਰਪੋਰਟ ਤੋਂ ਹਿੰਡਨ, ਨਾਂਦੇੜ ਤੇ ਬੈਂਗਲੁਰੂ ਲਈ ਘਰੇਲੂ ਉਡਾਣਾਂ ਹੋਣਗੀਆਂ ਸ਼ੁਰੂ

ਟੈਂਡਰਾਂ ਮੁਤਾਬਕ ਨਹੀਂ ਹੋਏ ਜ਼ਿਆਦਾ ਕੰਮ, ਅਫ਼ਸਰਾਂ ਦੀ ਮਨਮਰਜ਼ੀ ਚੱਲੀ
ਸਮਾਰਟ ਸਿਟੀ ਜਲੰਧਰ ਵਿਚ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ਨੇ ਜਿਥੇ ਟੈਂਡਰ ਦੇ ਉਲਟ ਜਾ ਕੇ ਕਈ ਕੰਮ ਕਰਵਾਏ, ਉਥੇ ਹੀ ਸਰਕਾਰੀ ਨਿਯਮਾਂ ਦੀਆਂ ਵੀ ਜੰਮ ਕੇ ਧੱਜੀਆਂ ਉਡਾਈਆਂ ਗਈਆਂ ਪਰ ਇਸ ਮਾਮਲੇ ਵਿਚ ਸਬੰਧਤ ਕਿਸੇ ਅਧਿਕਾਰੀ ਨੂੰ ਜਵਾਬਦੇਹ ਨਹੀਂ ਬਣਾਇਆ ਗਿਆ। ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਉਸ ਵਿਚ ਸਿਰਫ ਪੁਰਾਣੀਆਂ ਲਾਈਟਾਂ ਨੂੰ ਹੀ ਬਦਲਿਆ ਜਾਣਾ ਸੀ ਅਤੇ ਨਵੀਂ ਜਗ੍ਹਾ ’ਤੇ ਕੋਈ ਲਾਈਟ ਨਹੀਂ ਲੱਗਣੀ ਸੀ ਪਰ ਅਫਸਰਾਂ ਨੇ ਕੁਝ ਥਾਵਾਂ ’ਤੇ ਬਲੈਕ ਸਪਾਟ ਦੂਰ ਕਰਨ ਦੇ ਨਾਂ ’ਤੇ 20 ਹਜ਼ਾਰ ਤੋਂ ਵੱਧ ਨਵੀਆਂ ਲਾਈਟਾ ਵੀ ਲੁਆ ਦਿੱਤੀਆਂ। ਇਸ ਬਾਬਤ ਮਨਜ਼ੂਰੀ ਚੰਡੀਗੜ੍ਹ ਬੈਠੀ ਸਟੇਟ ਲੈਵਲ ਕਮੇਟੀ ਤੋਂ ਵੀ ਨਹੀਂ ਲਈ ਗਈ। ਇਸੇ ਤਰ੍ਹਾਂ ਚੌਕ ਸੁੰਦਰੀਕਰਨ ਨਾਲ ਸਬੰਧਤ ਕੰਮਾਂ ਨੂੰ ਵੀ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ।

ਹਰ ਪ੍ਰਾਜੈਕਟ ਵਿਚ ਲੱਗਾ ਗੜਬੜੀ ਦਾ ਦੋਸ਼, ਕਿਸੇ ਨੇ ਪ੍ਰਵਾਹ ਨਹੀਂ ਕੀਤੀ
ਜਲੰਧਰ ਸਮਾਰਟ ਸਿਟੀ ਵੱਲੋਂ ਜਿੰਨੇ ਵੀ ਪ੍ਰਾਜੈਕਟ ਸ਼ੁਰੂ ਅਤੇ ਖ਼ਤਮ ਕੀਤੇ ਗਏ, ਉਨ੍ਹਾਂ ਵਿਚੋਂ ਸ਼ਾਇਦ ਇਕ ਵੀ ਪ੍ਰਾਜੈਕਟ ਅਜਿਹਾ ਨਹੀਂ ਜਿਹੜਾ ਬਿਲਕੁਲ ਸਾਫ-ਸੁਥਰੇ ਢੰਗ ਨਾਲ ਚੱਲਿਆ ਹੋਵੇ। ਹਰ ਪ੍ਰਾਜੈਕਟ ਵਿਚ ਗੜਬੜੀ ਦਾ ਦੋਸ਼ ਲੱਗਾ ਪਰ ਸਬੰਧਤ ਅਫਸਰਾਂ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਚੌਂਕ ਸੁੰਦਰੀਕਰਨ, ਸਟਰੀਟ ਲਾਈਟ, ਸਮਾਰਟ ਰੋਡਜ਼, ਪਾਰਕ ਆਦਿ ਦੇ ਕੰਮਾਂ ਵਿਚ ਭ੍ਰਿਸ਼ਟਾਚਾਰ ਅਤੇ ਕਮੀਸ਼ਨਖੋਰੀ ਦੇ ਦੋਸ਼ ਲੱਗਦੇ ਰਹੇ। ਆਮ ਚਰਚਾ ਹੈ ਕਿ ਇਨ੍ਹਾਂ ਘਪਲਿਆਂ ਦੀ ਜਾਂਚ ਵਿਚ ਜਿੰਨਾ ਸਮਾਂ ਬੀਤਦਾ ਜਾ ਰਿਹਾ ਹੈ, ਉਸ ਨਾਲ ਸਮਾਰਟ ਸਿਟੀ ਦੇ ਵਧੇਰੇ ਘਪਲੇ ਠੰਢੇ ਪੈਂਦੇ ਦਿਸ ਰਹੇ ਹਨ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਲਈ ਸੁਸ਼ੀਲ ਰਿੰਕੂ ਫਿਰ ਤੋਂ 'ਆਪ' ਦੇ ਉਮੀਦਵਾਰ, ਕਾਂਗਰਸ 'ਚੋਂ ਚੰਨੀ ਆਏ ਤਾਂ ਵਧੇਗੀ ਚੁਣੌਤੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News