ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਯਾਦਗਾਰੀ ਬਣਾਉਣ ਲਈ ਨਿਮਿਸ਼ਾ ਮਹਿਤਾ ਨੇ ਲਿਖੀ PM ਮੋਦੀ ਚਿੱਠੀ
Friday, Apr 11, 2025 - 05:53 PM (IST)

ਗੜ੍ਹਸ਼ੰਕਰ- ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਹ ਮੰਗ ਕੀਤੀ ਹੈ ਕਿ ਸਾਲ 2027 ਦੇ ਫਰਵਰੀ ਮਹੀਨੇ ਵਿਚ ਆਉਣ ਵਾਲੀ ਸ਼੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਨੂੰ ਮਨਾਉਣ ਲਈ ਕੇਂਦਰ ਅਤੇ ਸੂਬੇ ਸਰਕਾਰਾਂ ਕੁਝ ਵਿਸ਼ੇਸ ਪ੍ਰਬੰਧ ਕਰਨ ਤਾਂ ਜੋ ਇਹ ਅਰਧ ਸ਼ਤਾਬਦੀ ਯਾਦਗਾਰੀ ਮੈਗਾ ਇਵੈਂਟ ਬਣ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਜ਼ਰਾ ਦੇਣ ਧਿਆਨ, ਨਵੇਂ ਹੁਕਮ ਹੋ ਗਏ ਜਾਰੀ
ਨਿਮਿਸ਼ਾ ਮਹਿਤਾ ਨੇ ਇਸ ਚਿੱਠੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਰਵਿਦਾਸ ਜੀ ਦੀ 700ਵੀਂ ਜਯੰਤੀ ਕਰੀਬ 52 ਸਾਲਾਂ ਬਾਅਦ ਆਵੇਗੀ ਅਤੇ ਉਦੋਂ ਕੌਣ-ਕੌਣ ਜਿਊਂਦਾ ਰਹੇਗਾ ਇਹ ਕਿਹਾ ਨਹੀਂ ਜਾ ਸਕਦਾ, ਇਸ ਲਈ 650ਵੀਂ ਜਯੰਤੀ ਨੂੰ ਧੂਮਧਾਮ ਨਾਲ ਸਰਕਾਰਾਂ ਪਾਸੋਂ ਮਨਾਇਆ ਜਾਵੇ ਤਾਂ ਬਿਹਤਰ ਹੋਵੇਗਾ। ਭਾਜਪਾ ਆਗੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗੁਜਾਰਿਸ਼ ਕੀਤੀ ਹੈ ਕਿ ਹਲਕਾ ਗੜ੍ਹਸ਼ੰਕਰ ਵਿਚ ਸ਼੍ਰੀ ਖੁਰਾਲਗੜ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਦਾ ਤਪੋ ਸਥਾਨ ਹੈ ਅਤੇ ਪੰਜਾਬ ਵਿਚ ਇਹ ਇਕੋ ਸਥਾਨ ਹੈ, ਜਿੱਥੇ ਗੁਰੂ ਜੀ ਨੇ 4 ਸਾਲ ਤੋਂ ਵਧ ਤਪੱਸਿਆ ਕੀਤੀ ਹੈ ਪਰ ਇਸ ਜਗ੍ਹਾ ਨੂੰ ਜਾਣ ਵਾਲੀਆਂ ਸੜਕਾਂ ਕਾਫ਼ੀ ਤੰਗ ਅਤੇ ਅਸੁਰੱਖਿਅਤ ਹਨ, ਜਿਸ ਕਰਕੇ ਹਰ ਸਾਲ ਇਥੇ ਭਿਆਨਕ ਸੜਕ ਹਾਦਸੇ ਹੁੰਦੇ ਹਨ ਅਤੇ ਕਈ ਸ਼ਰਧਾਲੂਆਂ ਦੀ ਇਨ੍ਹਾਂ ਹਾਦਸਿਆਂ ਵਿਚ ਮੌਤ ਵੀ ਹੋ ਚੁੱਕੀ ਹੈ। ਇਸ ਲਈ ਸ਼੍ਰੀ ਖੁਰਾਲਗੜ ਸਾਹਿਬ ਨੂੰ ਜਾਣ ਵਾਲੀਆਅਂ ਸੜਕਾਂ ਨੂੰ ਘੱਟੋ-ਘੱਟ ਡਬਲ ਲੇਨ ਕਰਕੇ ਇਥੇ ਬਿਹਤਰੀਨ ਲਾਈਟਾਂ ਲਗਾ ਕੇ ਇਸ ਮਾਰਗ ਨੂੰ ਗੁਰੂ ਤੀਰਥ ਦੇ ਨਾਂ ਨੂੰ ਸਮਰਪਿਤ ਕੀਤਾ ਜਾਵੇ।
ਇਹ ਵੀ ਪੜ੍ਹੋ: ਪੰਜਾਬ ਦੀ ਇਸ ਸਿਵਲ ਸਰਜਨ 'ਤੇ ਡਿੱਗੀ ਗਾਜ, ਹੋਈ ਮੁਅੱਤਲ, ਵਜ੍ਹਾ ਕਰੇਗੀ ਹੈਰਾਨ
ਇਸ ਦੇ ਨਾਲ-ਨਾਲ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਦੋਆਬਾ ਖੇਤਰ ਵਿਚ ਰਵਿਦਾਸੀਆ ਸਮਾਜ ਬਹੁ ਗਿਣਤੀ ਵਿਚ ਹੈ ਅਤੇ ਨਿਸ਼ਚਿਤ ਹੀ ਇਸ ਅਰਥ ਸ਼ਤਾਬਦੀ ਨੂੰ ਮਨਾਉਣ ਲਈ ਸ਼ਰਧਾਲੂ ਭਾਰੀ ਗਿਣਤੀ ਵਿਚ ਗੁਰੂ ਜੀ ਦੀ ਜਨਮ ਭੂਮੀ ਵਾਰਾਣਸੀ ਉੱਤਰ ਪ੍ਰਦੇਸ਼ ਵੀ ਜਾਣਗੇ ਅਤੇ ਉਨ੍ਹਾਂ ਦੀ ਸਹੂਲਤ ਲਈ ਦੋਆਬਾ ਖੇਤਰ ਵਿਚੋਂ ਅਤੇ ਹੋਰ ਪ੍ਰਮੁੱਖ ਸਟੇਸ਼ਨਾਂ ਤੋਂ ਸਪੈਸ਼ਲ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਤੀਰਥ ਸ਼੍ਰੀ ਖੁਰਾਲਗੜ ਸਾਹਿਬ ਨੂੰ ਵਿਸ਼ੇਸ਼ ਸੈਲਾਨੀਆਂ ਦਾ ਸਥਾਨ ਬਣਾਉਣ ਲਈ ਲੋੜੀਂਦੇ ਉਪਰਾਲੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪਾਸੋਂ ਕੀਤੇ ਜਾਣ।
ਇਹ ਵੀ ਪੜ੍ਹੋ: ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਮੌਕੇ CM ਮਾਨ ਸਣੇ ਪਹੁੰਚੀਆਂ ਕਈ ਸ਼ਖ਼ਸੀਅਤਾਂ
ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਪੱਤਰ ਵਿਚ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ 650ਵਾਂ ਪ੍ਰਕਾਸ਼ ਦਿਹਾੜਾ 2027 ਵਿਚ ਆਵੇਗਾ ਅਤੇ ਉਸ ਵੇਲੇ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹੋਣਗੀਆਂ। ਇਸ ਲਈ ਇਹ ਜ਼ਰੂਰੀ ਹੈ ਕਿ ਜਯੰਤੀ ਨੂੰ ਮਨਾਉਣ ਦੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਜਾਣ ਤਾਂ ਜੋ ਚੋਣ ਜ਼ਾਬਤਾ ਇਸ ਜਸ਼ਨ ਨੂੰ ਫਿੱਕਾ ਨਾ ਪਾ ਸਕੇ। ਜ਼ਿਕਰਯੋਗ ਹੈ ਕਿ ਨਿਮਿਸ਼ਾ ਮਹਿਤਾ ਨੇ ਇਸ ਪੱਤਰ ਰਾਹੀਂ ਜਿੱਥੇ ਸ੍ਰੀ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ, ਉਥੇ ਹੀ ਇਲਾਕੇ ਨੂੰ ਵਿਕਸਿਤ ਕਰਵਾਉਣ ਦਾ ਮਨਸੂਬਾ ਵੀ ਨਾਲ ਕਿਤੇ ਨਾ ਕਿਤੇ ਜ਼ਰੂਰ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ: ਵੱਡਾ ਹਾਦਸਾ: ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਪਰਤ ਰਹੀ ਸਕੂਲ ਬੱਸ ਦੇ ਹੇਠਾਂ ਆਇਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e