ਗੜ੍ਹਸ਼ੰਕਰ ਟਰੱਕ ਯੂਨੀਅਨ ਦੇ ਹੱਕ ''ਚ ਨਿਮਿਸ਼ਾ ਮਹਿਤਾ ਨੇ ਪ੍ਰਸ਼ਾਸਨ ਨੂੰ ਧਰਨੇ ਦੀ ਦਿੱਤੀ ਚਿਤਾਵਨੀ

Saturday, Apr 22, 2023 - 04:04 PM (IST)

ਗੜ੍ਹਸ਼ੰਕਰ ਟਰੱਕ ਯੂਨੀਅਨ ਦੇ ਹੱਕ ''ਚ ਨਿਮਿਸ਼ਾ ਮਹਿਤਾ ਨੇ ਪ੍ਰਸ਼ਾਸਨ ਨੂੰ ਧਰਨੇ ਦੀ ਦਿੱਤੀ ਚਿਤਾਵਨੀ

ਗੜ੍ਹਸ਼ੰਕਰ- ਗੜ੍ਹਸ਼ੰਕਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ ਟਰੱਕ ਆਪਰੇਟਰ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਸਮੱਸਿਆ ਸੁਣੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਲਦਿਆਂ ਉਨ੍ਹਾਂ ਦੇ ਰੁਜ਼ਗਾਰ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ। ਚਿਤਾਵਨੀ ਦਿੰਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਟਰੱਕ ਆਪਰੇਟਰਾਂ ਨੂੰ ਕੰਮ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨਗੇ।

ਉਨ੍ਹਾਂ ਕਿਹਾ ਕਿ 'ਆਪ' ਦਾ ਵਿਧਾਇਕ ਗੜ੍ਹਸ਼ੰਕਰ ਦੇ ਹਲਕੇ ਲੋਕਾਂ ਦੀਆਂ ਵੋਟਾਂ ਨਾਲ ਚੋਣ ਜਿੱਤਿਆ ਹੈ ਪਰ ਅੱਜ ਮੰਡੀ ਵਿਚ ਕਣਕ ਢੁਆਈ ਦਾ ਕੰਮ ਕਰਨ ਲਈ ਟਰਾਲੀਆਂ ਰਾਹੀਂ ਢੁਆਈ ਕਰਵਾਈ ਜਾ ਰਹੀ ਹੈ ਅਤੇ ਉਹ ਵੀ ਵਿਧਾਇਕ ਦੇ ਜੱਦੀ ਪਿੰਡ ਰੋੜੀ ਦੀਆਂ ਇਹ ਟਰਾਲੀਆਂ ਹਨ। ਜਿਸ ਨਾਲ ਲੋਕਲ ਗੜ੍ਹਸ਼ੰਕਰ ਹਲਕੇ ਦੇ ਟਰੱਕ ਆਪਰੇਟਰਾਂ ਦੀ ਰੋਜ਼ੀ-ਰੋਟੀ ਦਾ ਕੰਮ ਬੰਦ ਹੋ ਗਿਆ ਹੈ। ਭਾਜਪਾ ਆਗੂ ਨਿਮਿਸ਼ਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਂਝ ਤਾਂ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਜਗ੍ਹਾ-ਜਗ੍ਹਾ ਆਪਣੇ ਫਲੈਕਸ ਬੋਰਡ ਟੰਗ ਕੇ ਲੋਕਾਂ ਨੂੰ ਦੁੱਖ਼ ਤਕਲੀਫ਼ਾਂ ਉਨ੍ਹਾਂ ਕੋਲ ਆ ਕੇ ਦੱਸਣ ਲਈ ਡਰਾਮੇਬਾਜ਼ੀ ਕਰ ਰਹੇ ਹਨ ਪਰ ਅਸਲੀਅਲ ਇਹ ਹੈ ਕਿ ਟਰੱਕ ਆਪਰੇਟਰ ਯੂਨੀਅਨ ਵੱਲੋਂ ਆਪਣਾ ਧੰਦਾ ਚੌਪਟ ਹੋਣ ਦੀ ਤਕਲੀਫ਼ ਕਈ ਵਾਰ ਦੱਸਣ ਦੇ ਬਾਵਜੂਦ ਵੀ ਰੋੜੀ ਵੱਲੋਂ ਉਨ੍ਹਾਂ ਲਈ ਕੁਝ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ : ਜਲੰਧਰ 'ਚ ਮਨਾਇਆ ਗਿਆ ਈਦ-ਉੱਲ-ਫਿਤਰ ਦਾ ਤਿਉਹਾਰ, ਮਸਜ਼ਿਦਾਂ 'ਚ ਲੱਗੀਆਂ ਰਹੀਆਂ ਰੌਣਕਾਂ

ਉਨ੍ਹਾਂ ਕਿਹਾ ਕਿ ਸਿਰਫ਼ ਕਣਕ ਝੋਨੇ ਦੀ ਵਾਢੀ ਮਗਰੋਂ ਮੰਡੀਆਂ ਵਿਚੋਂ ਮਾਲ ਦੇ ਢੁਆਈ ਦੇ ਕਾਰੋਬਾਰ ਨਾਲ ਟਰੱਕ ਆਪਰੇਟਰ ਸਾਲ ਭਰ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਹਨ ਪਰ ਅੱਜ 'ਆਪ' ਵਿਧਾਇਕ ਵੱਲੋਂ ਗੜ੍ਹਸ਼ੰਕਰ ਦੇ ਵੋਟਰਾਂ ਦੇ ਹੱਕ ਵਿਚ ਆਪਣੀ ਸਰਕਾਰ ਅਤੇ ਸੱਤਾ ਹੁੰਦਿਆਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਯੂਨੀਅਨ ਦੇ ਮੈਂਬਰਾਂ ਨੂੰ ਨਿਮਿਸ਼ਾ ਮਹਿਤਾ ਨੇ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਹੱਕ ਦੀ ਲੜਾਈ ਵਿਚ ਉਨ੍ਹਾਂ ਦੇ ਨਾਲ ਹਨ। ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਗੜ੍ਹਸ਼ੰਕਰ ਟਰੱਕ ਆਪਰੇਟਰਾਂ ਨੂੰ ਮੰਡੀ ਵਿਚੋਂ ਢੁਆਈ ਦਾ ਕੰਮ ਨਾ ਦਿੱਤਾ ਗਿਆ ਤਾਂ ਉਹ ਉਨ੍ਹਾਂ ਵਾਸਤੇ ਸੰਘਰਸ਼ ਦਾ ਰਾਹ ਅਪਣਾਉਣਗੇ।  

ਇਹ ਵੀ ਪੜ੍ਹੋ :  ਬਠਿੰਡਾ ਵਿਖੇ ਜੱਦੀ ਪਿੰਡ ਪਹੁੰਚੀ ਸੇਵਕ ਸਿੰਘ ਦੀ ਮ੍ਰਿਤਕ ਦੇਹ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

shivani attri

Content Editor

Related News