ਕੀ ਖ਼ੁਦ ਨੂੰ ਮੁੱਖ ਮੰਤਰੀ ਤੋਂ ਵੱਧ ਤਾਕਤਵਰ ਦੱਸਣਾ ਚਾਹੁੰਦੇ ਹਨ ਡਿਪਟੀ ਸਪੀਕਰ ਰੋੜੀ : ਨਿਮਿਸ਼ਾ ਮਹਿਤਾ

03/21/2024 11:30:07 AM

ਗੜ੍ਹਸ਼ੰਕਰ (ਵਿਸ਼ੇਸ਼)–ਹੁਣੇ ਜਿਹੇ ਹਲਕਾ ਗੜ੍ਹਸ਼ੰਕਰ ’ਚ ਆਟਾ-ਦਾਲ ਰਾਸ਼ਨ ਕਾਰਡ ਲਈ ਕੈਂਪ ਲਾ ਕੇ ਭਰੇ ਗਏ ਫਾਰਮਾਂ ਨੂੰ ਲੈ ਕੇ ਗੜ੍ਹਸ਼ੰਕਰ ਦੀ ਤੇਜ਼-ਤਰਾਰ ਨੇਤਾ ਨਿਮਿਸ਼ਾ ਮਹਿਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ-ਨਾਲ ਹਲਕੇ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹਲਕਾ ਵਿਧਾਇਕ ਵੱਲੋਂ ਸਾਰੇ ਸਰਕਾਰੀ ਤਾਮਝਾਮ ਨੂੰ ਲੈ ਕੇ ਵੱਖ-ਵੱਖ ਸਥਾਨਾਂ ’ਤੇ ਰਾਸ਼ਨ ਕਾਰਡ ਬਣਾਉਣ ਦੇ ਕੈਂਪ ਲਾਏ ਗਏ। ਇਸ ਦੌਰਾਨ ਲੋਕਾਂ ਪਾਸੋਂ ਆਟਾ-ਦਾਲ ਸਬੰਧੀ ਫਾਰਮ ਭਰਵਾਏ ਗਏ ਅਤੇ ਇਹ ਸਾਰੀ ਪ੍ਰਕਿਰਿਆ ਪੰਜਾਬ ਸਰਕਾਰ, ਖ਼ਾਸ ਤੌਰ ’ਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਮਹਿਜ਼ ਇਕ ਡਰਾਮਾ ਸੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਵਰੀ ਦੇ ਆਖਰੀ ਹਫ਼ਤੇ ’ਚ ਸੱਦੀ ਗਈ ਕੈਬਨਿਟ ਦੀ ਬੈਠਕ ਤੋਂ ਬਾਅਦ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਪੰਜਾਬ ਵਿਚ ਜਿੰਨੇ ਵੀ ਲੋਕਾਂ ਦੇ ਕਾਰਡ ਕੱਟੇ ਗਏ ਸਨ, ਉਨ੍ਹਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ ਪਰ ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਗੜ੍ਹਸ਼ੰਕਰ ਵਿਚ ਵੱਖ-ਵੱਖ ਸਥਾਨਾਂ ’ਤੇ ਰਾਸ਼ਨ ਕਾਰਡ ਬਣਾਉਣ ਦੇ ਕੈਂਪ ਲਾ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਪ੍ਰਕਿਰਿਆ ਲਗਭਗ ਡੇਢ ਮਹੀਨਾ ਚਲਾਈ ਗਈ। ਇਨ੍ਹਾਂ ਕੈਂਪਾਂ ਵਿਚ ਲੋਕਾਂ ਨੂੰ ਕਿਹਾ ਗਿਆ ਕਿ ਫਾਰਮ ਭਰ ਕੇ ਉਨ੍ਹਾਂ ਦੇ ਕਾਰਡ ਮੁੜ ਚਾਲੂ ਕਰ ਦਿੱਤੇ ਜਾਣਗੇ, ਜਦਕਿ ਇਸ ਦਾ ਐਲਾਨ ਮੁੱਖ ਮੰਤਰੀ ਪਹਿਲਾਂ ਹੀ ਕਰ ਚੁੱਕੇ ਸਨ ਅਤੇ ਇਸ ਦੇ ਹੁਕਮ ਵੀ ਜਾਰੀ ਹੋ ਗਏ ਸਨ। ਨਿਮਿਸ਼ਾ ਮਹਿਤਾ ਨੇ ਪੁੱਛਿਆ ਕਿ ਜੈ ਕ੍ਰਿਸ਼ਨ ਰੋੜੀ ਦੀ ਤਾਕਤ ਕੀ ਪੰਜਾਬ ਦੇ ਮੁੱਖ ਮੰਤਰੀ ਨਾਲੋਂ ਜ਼ਿਆਦਾ ਹੈ? ਉਹ ਆਮ ਲੋਕਾਂ ਵਿਚ ਇਨ੍ਹਾਂ ਕੈਂਪਾਂ ਦਾ ਆਯੋਜਨ ਕਰਕੇ ਕੀ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ਮੁੱਖ ਮੰਤਰੀ ਤੋਂ ਵੱਧ ਤਾਕਤ ਰੱਖਦੇ ਹਨ ਜਾਂ ਇਨ੍ਹਾਂ ਕੈਂਪਾਂ ਦੇ ਆਯੋਜਨ ਦਾ ਮਤਲਬ ਹੈ ਕਿ ਮੁੱਖ ਮੰਤਰੀ ਵੱਲੋਂ ਜਾਰੀ ਹੁਕਮ ਦੇ ਬਾਵਜੂਦ ਬੰਦ ਕੀਤੇ ਗਏ ਰਾਸ਼ਨ ਕਾਰਡ ਚਾਲੂ ਨਹੀਂ ਹੋਣਗੇ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਵੱਡਾ ਬਿਆਨ, ਥੋੜੇ ਦਿਨਾਂ ਤੱਕ ਅਕਾਲੀ-ਭਾਜਪਾ ਗੱਠਜੋੜ ਦੀ ਸਥਿਤੀ ਹੋਵੇਗੀ ਸਾਫ਼

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਰੱਦ ਕੀਤੇ ਗਏ ਰਾਸ਼ਨ ਕਾਰਡਾਂ ਦੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਦੇ ਮੁਤਾਬਕ ਸਿਰਫ ਪੁਰਾਣੇ ਰਾਸ਼ਨ ਕਾਰਡ ਬਹਾਲ ਕੀਤੇ ਜਾਣੇ ਸਨ, ਜਿਨ੍ਹਾਂ ਵਿਚ ਕਿਸੇ ਨੂੰ ਨਵਾਂ ਫਾਰਮ ਭਰਨ ਦੀ ਲੋੜ ਨਹੀਂ ਸੀ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਬੁੱਧੂ ਬਣਾਉਣ ਲਈ ਇਹ ਕੈਂਪ ਲਾਏ ਗਏ ਅਤੇ ਕਾਰਡਾਂ ਦੇ ਨਾਂ ’ਤੇ ਰਾਜਨੀਤੀ ਖੇਡੀ ਗਈ। ਉਨ੍ਹਾਂ ਕਿਹਾ ਕਿ 2023 ਦੇ ਸ਼ੁਰੂ ’ਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ 10 ਲੱਖ ਤੋਂ ਵੱਧ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਅਤੇ ਲਗਭਗ 12 ਮਹੀਨਿਆਂ ਤਕ ਲੋਕਾਂ ਨੂੰ ਰਾਸ਼ਨ ਸਹੂਲਤਾਂ ਅਤੇ ਸਿਹਤ ਬੀਮਾ ਯੋਜਨਾ ਤੋਂ ਵਾਂਝਾ ਰੱਖਣ ਤੋਂ ਬਾਅਦ ਲੋਕ ਸਭਾ ਚੋਣਾਂ ਕਾਰਨ ਰਾਸ਼ਨ ਦੀ ਸਹੂਲਤ ਬਹਾਲ ਕਰ ਦਿੱਤੀ ਗਈ ਹੈ ਜੋ ਸੰਸਦੀ ਚੋਣਾਂ ਤੋਂ ਬਾਅਦ ਯਕੀਨੀ ਤੌਰ ’ਤੇ ਬੰਦ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਵਿਧਾਇਕ ਰੋੜੀ ਇਹ ਦੱਸਣ ਕਿ ਉਨ੍ਹਾਂ 12 ਮਹੀਨਿਆਂ ਤਕ ਲੋਕਾਂ ਦੇ ਰਾਸ਼ਨ ਕਾਰਡ ਕਿਉਂ ਕਟਵਾ ਕੇ ਰੱਖੇ ਅਤੇ ਗਰੀਬਾਂ ਨੂੰ ਪ੍ਰੇਸ਼ਾਨ ਕਿਉਂ ਕੀਤਾ ਗਿਆ? ਜਨਤਾ ਜੈ ਕਿਸ਼ਨ ਰੋੜੀ ਵੱਲੋਂ ਉਨ੍ਹਾਂ ਨਾਲ ਕੀਤੀ ਗਈ ਬੇਇਨਸਾਫ਼ੀ ਨੂੰ ਨਹੀਂ ਭੁੱਲੇਗੀ ਅਤੇ ਚੋਣਾਂ ਵਿਚ ਉਨ੍ਹਾਂ ਨੂੰ ਸਬਕ ਜ਼ਰੂਰ ਸਿਖਾਏਗੀ। ਹੁਣ ਨਿਯਮਾਂ ਦੇ ਮੁਤਾਬਕ ਲੋਕਾਂ ਨੂੰ ਫਰਵਰੀ ਅਤੇ ਮਾਰਚ ਮਹੀਨੇ ਦਾ ਰਾਸ਼ਨ ਇਕੱਠਾ ਮਿਲਣਾ ਹੈ ਅਤੇ ਜੇ ਇਸ ਮਾਮਲੇ ’ਚ ਕਿਸੇ ਵੀ ਗਰੀਬ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਉਹ ਉਸ ਦੇ ਨਾਲ ਖੜ੍ਹੀ ਹੋਵੇਗੀ।

ਇਹ ਵੀ ਪੜ੍ਹੋ: ਪਿਛਲੀਆਂ 3 ਲੋਕ ਸਭਾ ਚੋਣਾਂ ਦੌਰਾਨ 15,333 ਪੋਸਟਲ ਵੋਟਾਂ ਹੋਈਆਂ ਰੱਦ, ਕਈ ਕਾਰਨ ਆਏ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News