SSP ਦਫ਼ਤਰ ਦੇ ਬਾਹਰ ਨਿਹੰਗ ਜਥੇਬੰਦੀਆਂ ਨੇ ਲਾਇਆ ਧਰਨਾ
Friday, May 02, 2025 - 11:16 PM (IST)

ਜਲੰਧਰ, (ਸੋਨੂੰ)- ਜਲੰਧਰ ਦੇਹਾਤ ਵਿੱਚ ਅੱਜ ਨਿਹੰਗ ਜਥੇਬੰਦੀਆਂ ਵੱਲੋਂ SSP ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੌਕੇ 'ਤੇ ਪਹੁੰਚ ਕੇ ਪੁਲਸ ਅਧਿਕਾਰੀਆਂ ਨੇ ਨਿਹੰਗ ਜਥੇਬੰਦੀਆਂ ਨੂੰ ਸਮਝਾਇਆ ਅਤੇ ਧਰਨਾ ਖਤਮ ਕਰਨ ਦੀ ਅਪੀਲ ਕੀਤੀ।
ਜਾਣਕਾਰੀ ਮੁਤਾਬਕ, ਇਹ ਧਰਨਾ ਉਸ ਵੇਲੇ ਲਗਾਇਆ ਜਦੋਂ ਨਿਹੰਗ ਜਥੇਦਾਰ ਬਾਬਾ ਹਰੀ ਸਿੰਘ ਆਪਣੇ ਜਥੇ ਨਾਲ SSP ਹਰਵਿੰਦਰ ਸਿੰਘ ਵਿਰਕ ਨੂੰ ਮਿਲਣ ਪਹੁੰਚੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਇਲਾਕੇ ਦੇ ਇੱਕ ਗਰੀਬ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਸਰਪੰਚ ਵਿਰੁੱਧ ਸ਼ਿਕਾਇਤ ਦੇਣ ਆਏ ਸਨ। ਕਿਉਂਕਿ ਕੁਝ ਸਮਾਂ ਪਹਿਲਾ ਇਸ ਗਰੀਬ ਪਰਿਵਾਰ ਦੇ ਪੁੱਤ ਦਾ ਕਤਲ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਪਰਿਵਾਰ ‘ਤੇ ਵੀ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਵਜੂਦ ਇਸ ਦੇ ਪੁਲਿਸ ਦੇ ਵਲੋਂ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਿਸ ਦੇ ਚਲਦੇ ਅੱਜ ਉਨ੍ਹਾਂ ਦੇ ਵਲੋਂ SSP ਦਫ਼ਤਰ ਬਾਹਰ ਧਰਨਾ ਦਿੱਤਾ ਗਿਆ ਪਰ ਉਨ੍ਹਾਂ ਨੂੰ SSP ਨਾਲ ਮਿਲਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ। ਨਿਹੰਗ ਸਿੰਘਾਂ ਦੇ ਦੱਸਣ ਮੁਤਾਬਕ, ਉਕਤ ਸਰਪੰਚ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਦੇ ਪੁੱਤ ਦਾ ਕਤਲ ਹੋਇਆ ਸੀ ਅਤੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਬਾਬਾ ਹਰੀ ਸਿੰਘ ਅਜੇ ਪੀੜਤ ਪਰਿਵਾਰ ਦੀ ਮਦਦ ਲਈ ਆਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਪੁਲਸ ਨੇ ਉਲਟਾ ਉਨ੍ਹਾਂ ਵਿਰੁੱਧ ਨਵੀਂ FIR ਦਰਜ ਕਰ ਦਿੱਤੀ। ਇਨ੍ਹਾਂ ਕਾਰਨਾਂ ਕਰਕੇ ਨਿਹੰਗ ਜਥੇਬੰਦੀਆਂ ਨੇ SSP ਦਫ਼ਤਰ ਅੱਗੇ ਬੈਠ ਕੇ ਰੋਸ ਜਤਾਇਆ।
ਜਿਸ ਤੋਂ ਬਾਅਦ ਮੌਕੇ 'ਤੇ ਇਲਾਕੇ ਦੇ ਐੱਸ.ਐੱਚ.ਓ. ਰਵਿੰਦਰ ਕੁਮਾਰ ਪਹੁੰਚੇ ਅਤੇ ਉਨ੍ਹਾਂ ਨੇ ਨਿਹੰਗ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਮਾਮਲਾ ਸ਼ਾਂਤ ਕਰਵਾਇਆ।