2023 ’ਚ ਖ਼ੁਦ ਨਾਲ ਕਰੋ ਇਹ 10 ਵਾਅਦੇ, ਕਾਮਯਾਬੀ ਵੱਲ ਵਧਣਗੇ ਕਦਮ
Sunday, Jan 01, 2023 - 05:41 AM (IST)

ਜਲੰਧਰ: ਨਵੇਂ ਸਾਲ ਦਾ ਆਗਾਜ਼ ਹੋ ਚੁੱਕਿਆ ਹੈ ਤੇ ਹਰ ਕੋਈ ਅੱਜ ਤੋਂ ਨਵੀਆਂ ਆਦਤਾਂ ਨਾਲ ਨਵੀਂ ਸ਼ੁਰੂਆਤ ਕਰਨ ਦੀ ਸੋਚ ਰਿਹਾ ਹੈ। ਇਸ ਦਿਨ ਜੇਕਰ ਤੁਸੀਂ ਖ਼ੁਦ ਨਾਲ ਕੁਝ ਵਾਅਦੇ ਕਰਦੇ ਹੋ ਤਾਂ ਇਹ ਜ਼ਰੂਰ ਤੁਹਾਨੂੰ ਜ਼ਿੰਦਗੀ ਦੇ ਆਪਣੇ ਟੀਚੇ ਵੱਲ ਕਦਮ ਵਧਾਉਣ ਵਿਚ ਮਦਦਗਾਰ ਸਾਬਿਤ ਹੋਣਗੇ। ਇਹ ਚੀਜ਼ ਤੁਸੀਂ ਪਹਿਲੇ ਸਾਲਾਂ ਵਿਚ ਵੀ ਸੋਚੀ ਹੋਵੇਗੀ ਪਰ ਕੀ ਤੁਸੀਂ ਉਹ ਵਾਅਦੇ ਪੂਰੇ ਕਰ ਪਾਏ? ਜੇਕਰ ਨਹੀਂ ਤਾਂ ਕਿਉਂ ਨਾ ਇਸ ਵਾਰ ਵੱਡੇ-ਵੱਡੇ ਵਾਅਦੇ ਕਰਨ ਦੀ ਬਜਾਏ ਜ਼ਿੰਦਗੀ ਵਿਚ ਛੋਟੇ-ਛੋਟੇ ਬਦਲਾਅ ਲੈ ਕੇ ਆਈਏ। ਵੱਡੇ ਤੋਂ ਵੱਡਾ ਸਫ਼ਰ ਦੀ ਸ਼ੁਰੂਆਤ ਵੀ ਛੋਟੇ ਕਦਮਾਂ ਨਾਲ ਹੀ ਹੁੰਦੀ ਹੈ। ਇਸ ਲਈ ਸਾਲ 2023 ਦੀ ਸ਼ੁਰੂਆਤ ਵਿਚ ਆਪਣੇ ਆਪ ਨਾਲ ਅਮੀਰ ਬਣਨ, ਨਵਾਂ ਘਰ ਖਰੀਦਣ, ਵਿਦੇਸ਼ ਯਾਤਰਾ ਕਰਨ ਜਿਹੇ ਵੱਡੇ-ਵੱਡੇ ਵਾਅਦੇ ਕਰਨ ਅਤੇ ਮੁੜ ਕੇ ਉਨ੍ਹਾਂ ਬਾਰੇ ਕੁਝ ਖਾਸ ਕੋਸ਼ਿਸ਼ ਨਾ ਕਰਨ ਤੋਂ ਬਾਅਦ ਸਿੱਟਾ ਨਾ ਮਿਲਣ 'ਤੇ ਨਿਰਾਸ਼ ਹੋਣ ਦੀ ਬਜਾਏ ਕੁੱਝ ਛੋਟੀਆਂ-ਛੋਟੀਆਂ ਆਦਤਾਂ ਬਣਾਓ। ਇਹ ਆਦਤਾਂ ਕੁੱਝ ਵੀ ਹੋ ਸਕਦੀਆਂ ਹਨ ਜਿਨ੍ਹਾਂ ਲਈ ਤੁਹਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਛੋਟੇ-ਮੋਟੇ ਬਦਲਾਅ ਹੀ ਕਰਨੇ ਪੈਣਗੇ। ਅੱਜ ਅਸੀਂ ਅਜਿਹੀਆਂ ਹੀ 10 ਆਦਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿਸ ਨਾਲ ਤੁਸੀਂ ਕਾਮਯਾਬੀ ਵੱਲ ਆਪਣੇ ਕਦਮ ਵਧਾ ਸਕੋਗੇ-
1. ਕਿਤਾਬਾਂ ਪੜ੍ਹਣਾ:
ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ। ਇਹ ਤੁਹਾਡੇ ਸਮੇਂ ਦੀ ਸਾਰਥਕ ਵਰਤੋਂ ਕਰਨ ਦੇ ਨਾਲ-ਨਾਲ ਤੁਹਾਡੇ ਗਿਆਨ ਵਿਚ ਵੀ ਵਾਧਾ ਕਰਦੀਆਂ ਹਨ। ਕਿਤਾਬਾਂ ਪੜ੍ਹਣ ਨਾਲ ਤੁਹਾਡਾ ਦਿਮਾਗ ਨਵੀਆਂ ਚੀਜ਼ਾਂ ਲਈ ਖੁੱਲ੍ਹ ਜਾਂਦਾ ਹੈ ਅਤੇ ਤੁਹਾਡਾ ਹਰ ਚੀਜ਼ ਨੂੰ ਵੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਹਰ ਚੀਜ਼ ਨੂੰ ਵੱਖਰੇ ਪਹਿਲੂ ਤੋਂ ਵੇਖਣ ਨਾਲ ਤੁਹਾਡੇ ਅੱਗੇ ਜ਼ਿੰਦਗੀ ਦੇ ਫ਼ੈਸਲਿਆਂ ਲੈਣ ਲਈ ਕਈ ਬਦਲ ਮੌਜੂਦ ਹੋਣਗੇ ਤੇ ਇਹ ਛੋਟੇ-ਛੋਟੇ ਫ਼ੈਸਲੇ ਹੀ ਤੁਹਾਡਾ ਭਵਿੱਖ ਨਿਰਧਾਰਤ ਹਨ। ਇੰਝ ਤੁਸੀਂ ਕਿਤਾਬਾਂ ਪੜ੍ਹ ਕੇ ਤੇ ਉਨ੍ਹਾਂ ਤੋਂ ਸਿੱਖੀਆਂ ਚੀਜ਼ਾਂ 'ਤੇ ਅਮਲ ਕਰ ਕੇ ਆਪਣਾ ਭਵਿੱਖ ਆਪਣੀ ਮਰਜ਼ੀ ਮੁਤਾਬਕ ਲਿਖ ਸਕਦੇ ਹੋ। ਜ਼ਿਆਦਾ ਨਹੀਂ ਤਾਂ ਮਹੀਨੇ ਵਿਚ ਇਕ ਕਿਤਾਬ ਪੜ੍ਹਣ ਦਾ ਟੀਚਾ ਮਿੱਥੋ ਜਾਂ ਰੋਜ਼ਾਨਾ ਕੁੱਝ ਦੇਰ ਕੱਢ ਕੇ ਕਿਤਾਬ ਦਾ 1 ਜਾਂ ਦੋ ਸਫ਼ੇ ਹੀ ਪੜ੍ਹੋ ਪਰ ਕਿਤਾਬਾਂ ਨੂੰ ਆਪਣੀ ਜ਼ਿੰਦਗੀ ਦਾ ਅਣਿੱਖੜਵਾਂ ਅੰਗ ਬਣਾਓ।
2. ਬਚਤ ਕਰਨਾ:
ਪੈਸਾ ਕਮਾਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਉਸ ਤੋਂ ਵੱਧ ਮਹੱਤਵਪੂਰਨ ਹੈ ਕਮਾਏ ਹੋਏ ਪੈਸੇ ਨੂੰ ਤੁਸੀਂ ਕਿਸ ਤਰ੍ਹਾਂ ਵਰਤਦੇ ਹੋ। ਆਪਣੀ ਮਿਹਨਤ ਨਾਲ ਕੀਤੀ ਕਮਾਈ ਨੂੰ ਤੁਸੀਂ ਦਿਖਾਵੇ ਦੇ ਚੱਕਰ ਵਿਚ ਫਜ਼ੂਲ ਕਰਨ ਦੀ ਬਜਾਏ ਉਸ ਨੂੰ ਬਚਾ ਸਕਦੇ ਹੋ। ਸਭ ਤੋਂ ਪਹਿਲਾਂ ਆਪਣੇ ਖਰਚਿਆਂ ਦੀ ਸੂਚੀ ਬਣਾਓ ਅਤੇ ਵੇਖੋ ਕਿ ਕਿਨ੍ਹਾਂ ਖਰਚਿਆਂ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ। ਸੂਚੀ ਬਣਾਉਣ 'ਤੇ ਤੁਹਾਨੂੰ ਆਪਣੀ ਫਜ਼ੂਲਖ਼ਰਚੀ ਆਪ ਹੀ ਦਿਖ ਜਾਵੇਗੀ। ਬੱਸ, ਉਸ ਨੂੰ ਹੌਲ਼ੀ-ਹੌਲ਼ੀ ਘਟਾਉਣਾ ਸ਼ੁਰੂ ਕਰੋ ਅਤੇ ਬਚੇ ਹੋਏ ਪੈਸਿਆਂ ਨੂੰ ਕਿਤੇ ਨਿਵੇਸ਼ ਕਰੋ। ਇਹ ਪੈਸੇ ਲੋੜ ਪੈਣ 'ਤੇ ਤੁਹਾਡੇ ਕੰਮ ਆ ਸਕਦੇ ਹਨ। ਇਕ ਵਾਰ ਫਿਰ, ਨਿਵੇਸ਼ ਲਈ ਭਾਰੀ ਭਰਕਮ ਰਕਮ ਹੋਣ ਦਾ ਇੰਤਜ਼ਾਰ ਕਰਨ ਦੀ ਬਜਾਏ ਖਰਚਿਆਂ ਵਿਚ ਛੋਟੀਆਂ-ਛੋਟੀਆਂ ਕਟੌਤੀਆਂ ਕਰ ਕੇ ਨਿਵੇਸ਼ ਦੀ ਸ਼ੁਰੂਆਤ ਕਰੋ। ਕੁਝ ਚਿਰ ਬਾਅਦ ਇਹ ਤੁਹਾਡੀ ਆਦਤ ਬਣ ਜਾਵੇਗੀ ਅਤੇ ਆਰਥਿਕ ਸਥਿਰਤਾ ਵੱਲ ਇਹ ਤੁਹਾਡਾ ਬਹੁਤ ਵੱਡਾ ਕਦਮ ਹੋਵੇਗਾ।
3. ਕਸਰਤ ਕਰਨਾ:
ਮਸ਼ੀਨਰੀ ਨੂੰ ਜਿੰਨਾ ਚਿਰ ਚਲਾਉਂਦੇ ਰਹੋ, ਓਨਾ ਚਿਰ ਹੀ ਚੰਗੀ ਰਹਿੰਦੀ ਹੈ। ਇਹ ਗੱਲ ਸਾਡੇ ਸਰੀਰ 'ਤੇ ਵੀ ਢੁਕਦੀ ਹੈ, ਕਿਉਂਕਿ ਸਰੀਰ ਤੋਂ ਵੱਧ ਜਟਿਲ ਮਸ਼ੀਨ ਸ਼ਾਇਦ ਹੀ ਇਸ ਦੁਨੀਆ ਵਿਚ ਕੋਈ ਹੋਵੇ। ਇਸ ਲਈ ਸਰੀਰਰਕ ਸਰਗਰਮੀਆਂ ਵੱਲ ਜ਼ਰੂਰ ਧਿਆਨ ਦਿਓ। ਲੋਕਾਂ ਵੱਲੋਂ ਸਮੇਂ ਦੀ ਘਾਟ ਦਾ ਬਹਾਨਾ ਬਣਾ ਕੇ ਕਸਰਤ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਕਈ ਬਿਮਾਰੀਆਂ ਆ ਘੇਰਦੀਆਂ ਹਨ। ਅਜੋਕੇ ਦੌਰ 'ਚ ਛੋਟੇ-ਮੋਟੇ ਕੰਮਾਂ ਲਈ ਵੀ ਮਸ਼ੀਨਾਂ ਦੀ ਵਰਤੋਂ ਹੋਣ ਕਾਰਨ ਸਰੀਰਕ ਸਰਗਰਮੀ ਕਾਫੀ ਘੱਟ ਗਈ ਹੈ। ਦਫ਼ਤਰ ਵਿਚ 10-12 ਘੰਟੇ ਲਗਾਤਾਰ ਇਕ ਕੁਰਸੀ 'ਤੇ ਕੰਪਿਊਟਰ ਅੱਗੇ ਬਹਿ ਕੇ ਕੰਮ ਕਰਨ ਨਾਲ ਸਰਵਾਈਕਲ ਜਿਹੀਆਂ ਕਈ ਬਿਮਾਰੀਆਂ ਵੀ ਵੱਧਦੀਆਂ ਜਾ ਰਹੀਆਂ ਹਨ। ਇਸ ਲਈ ਸਰੀਰਕ ਕਸਰਤ ਜ਼ਰੂਰ ਕਰੋ। ਜ਼ਿਆਦਾ ਨਹੀਂ ਤਾਂ ਸਵੇਰੇ ਉੱਠ ਕੇ ਅੱਧਾ ਘੰਟਾ ਤਾਂ ਕਸਰਤ ਲਈ ਜ਼ਰੂਰ ਕੱਢੋ। ਤੁਸੀਂ ਸਵੇਰ ਦੀ ਸੈਰ ਕਰਨ ਵੀ ਜਾ ਸਕਦੇ ਹੋ। ਰੋਜ਼ਾਨਾ ਜ਼ਿੰਦਗੀ ਵਿਚ ਇਹ ਬਦਲਾਅ ਲਿਆਉਣ ਨਾਲ ਤੁਸੀਂ ਖੁਦ ਨੂੰ ਤਰੋਤਾਜ਼ਾ ਮਹਿਸੂਸ ਕਰੋਗੇ।
4. ਆਪਣੇ ਲਈ ਸਮਾਂ ਕੱਢਣਾ:
ਅੱਜ ਦੀ ਭਜਦੌੜ ਭਰੀ ਜ਼ਿੰਦਗੀ ਵਿਚ ਦਿਨ ਕਿਵੇਂ ਲੰਘ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ। ਇਸ ਵਿਚ ਕੰਮ ਅਤੇ ਪਰਿਵਾਰ ਲਈ ਸਮਾਂ ਮੈਨੇਜ ਕਰਨ ਦੇ ਨਾਲ-ਨਾਲ ਆਪਣੇ ਲਈ ਸਮਾਂ ਕੱਢਣਾ ਵੀ ਓਨਾ ਹੀ ਜ਼ਰੂਰੀ ਹੈ। ਇਸ ਲਈ ਆਪਣੇ ਲਈ ਦਿਨ ਵਿਚ ਕੁਝ ਮਿਨਟਾਂ ਦਾ ਸਮਾਂ ਹੀ ਕੱਢੋ। ਇਸ ਦੌਰਾਨ ਤੁਸੀਂ ਧਿਆਨ, ਕਸਰਤ ਜਾਂ ਸੈਰ ਕਰ ਸਕਦੇ ਹੋ, ਕਿਤਾਬ ਪੜ੍ਹ ਸਕਦੇ ਹੋ, ਬੂਟਿਆਂ ਨੂੰ ਪਾਣੀ ਦੇਣਾ, ਪਾਰਕ ਵਿਚ ਜਾ ਕੇ ਕੁਦਰਤ ਨਾਲ ਸਮਾਂ ਬਿਤਾਉਣਾ ਜਾਂ ਏਕਾਂਤ ਵਿਚ ਜਾ ਕੇ ਸ਼ਾਂਤ ਬੈਠਣ ਨਾਲ ਵੀ ਤੁਸੀਂ ਕਾਫ਼ੀ ਚੰਗਾ ਮਹਿਸੂਸ ਕਰੋਗੇ। ਇਸ ਦੇ ਨਾਲ ਹੀ ਆਪਣਾ ਕੋਈ ਬਚਪਨ ਦਾ ਸ਼ੌਂਕ ਜਿਵੇਂ ਕੋਈ ਖੇਡ ਖੇਡਣੀ, ਪੇਂਟਿੰਗ ਆਦਿ ਕਰਨਾ ਵੀ ਇਸ ਸਮੇਂ ਦੌਰਾਨ ਪੂਰਾ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਸਾਰਾ ਦਿਨ ਕੰਮ ਕਰਨ ਦੀ ਨਵੀਂ ਊਰਜਾ ਮਿਲੇਗੀ। ਇਸ ਨੂੰ ਤੁਸੀਂ ਮਾਨਸਿਕ ਕਸਰਤ ਵੀ ਕਹਿ ਸਕਦੇ ਹੋ।
5. ਕੁੱਝ ਨਵਾਂ ਸਿੱਖਣਾ:
ਬਦਲਾਅ ਕੁਦਰਤ ਦਾ ਨੇਮ ਹੈ ਤੇ ਇਸ ਨੇਮ ਨਾਲ ਖ਼ੁਦ ਨੂੰ ਢਾਲਣਾ ਹੀ ਜ਼ਿੰਦਗੀ ਵਿਚ ਸਫ਼ਲ ਬਣਾਉਂਦਾ ਹੈ। ਮਨੁੱਖ ਨੂੰ ਹਮੇਸ਼ਾ ਕੁੱਝ ਨਾ ਕੁੱਝ ਸਿਖਦੇ ਰਹਿਣਾ ਚਾਹੀਦਾ ਹੈ। ਸਿੱਖਣਾ ਸਿਰਫ਼ ਵਿਦਿਆਰਥੀ ਜੀਵਨ ਤਕ ਹੀ ਸੀਮਤ ਨਹੀਂ ਸਗੋਂ ਇਹ ਪ੍ਰਕੀਰਿਆ ਸਾਰੀ ਉਮਰ ਚਲਦੀ ਰਹਿਣੀ ਚਾਹੀਦੀ ਹੈ। ਵਾਧੂ ਸਮੇਂ ਵਿਚ ਕੰਪਿਊਟਰ, ਡਾਂਸ, ਕਰਾਟੇ, ਗਾਣਾ ਆਦਿ ਸਿਖ ਕੇ ਵਿਦਿਆਰਥੀ ਚੰਗਾ ਭਵਿੱਖ ਬਣਾ ਸਕਦੇ ਹਨ। ਉੱਥੇ ਹੀ ਨੌਕਰੀ ਪੇਸ਼ਾ ਲੋਕ ਵੀ ਨਵੇਂ ਗੁਰ ਸਿੱਖ ਕੇ ਜਿਵੇਂ ਆਪਣੀ ਨੌਕਰੀ ਨਾਲ ਸਬੰਧਤ ਕੋਰਸ ਆਦਿ ਕਰ ਕੇ ਆਪਣੀ ਤਰੱਕੀ ਦੀ ਦਾਅਵੇਦਾਰੀ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ। ਸਿੱਖਣ ਦੇ ਆਰਥਿਕ ਫਾਇਦਿਆਂ ਨੂੰ ਜੇਕਰ ਛੱਡ ਵੀ ਦਿੱਤਾ ਜਾਵੇ ਤਾਂ ਨਵੀਂ ਚੀਜ਼ ਸਿੱਖ ਕੇ ਮਿਲਣ ਵਾਲਾ ਸਕੂਨ ਹੀ ਸਿੱਖਿਆ ਦਾ ਮੁੱਲ ਮੋੜ ਦਿੰਦਾ ਹੈ। ਇਸ ਲਈ ਇਸ ਸਾਲ ਘੱਟੋ-ਘੱਟ ਇਕ ਹੁਨਰ ਹੋਰ ਜ਼ਰੂਰ ਸਿੱਖੋ।
6. ਲੋਕ ਭਲਾਈ ਕਰਨਾ:
ਲੋੜਵੰਦਾਂ ਦੀ ਸਹਾਇਤਾ ਕਰਨਾ ਹਰ ਧਰਮ ਵਿਚ ਬਹੁਤ ਚੰਗਾ ਮੰਨਿਆ ਗਿਆ ਹੈ। ਹਰ ਮਜ਼ਹਬ ਕਹਿੰਦਾ ਹੈ ਕਿ ਲੋੜਵੰਦ ਦੀ ਲੋੜ ਪੂਰੀ ਕਰ ਕੇ ਰੱਬ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਆਮ ਤੌਰ 'ਤੇ ਲੋਕ ਦੂਜਿਆਂ ਦੀ ਸਹਾਇਤਾ ਕਰਨੀ ਤਾਂ ਚਾਹੁੰਦੇ ਹਨ ਪਰ ਸਿਰਫ ਇਹ ਕਹਿ ਕੇ ਰੁਕ ਜਾਂਦੇ ਹਨ ਕਿ ਜਦੋਂ ਉਨ੍ਹਾਂ ਕੋਲ ਬਹੁਤ ਸਾਰੇ ਪੈਸੇ ਹੋਣਗੇ ਤਾਂ ਉਹ ਲੋਕ ਭਲਾਈ ਦੇ ਕੰਮ ਕਰਨਗੇ। ਹਾਲਾਂਕਿ ਜੇ ਲੋਕ ਸੇਵਾ ਕਰਨੀ ਹੋਵੇ ਤਾਂ ਉਸ ਲਈ ਬਹੁਤ ਸਾਰੇ ਪੈਸਿਆਂ ਦੀ ਬਿਲਕੁੱਲ ਲੋੜ ਨਹੀਂ ਹੈ। ਤੁਸੀਂ ਆਪਣੀ ਮੌਜੂਦਾ ਆਮਦਨ ਨਾਲ ਵੀ ਲੋਕਾਂ ਦੀ ਮਦਦ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਬਹੁਤ ਮਹਿੰਗੀਆਂ ਚੀਜ਼ਾਂ ਦਾਨ ਕਰ ਕੇ ਜਾਂ ਬਹੁਤ ਸਾਰਾ ਪੈਸਾ ਧਾਰਮਿਕ ਅਸਥਾਨਾਂ ਵਿਚ ਦਾਨ ਕਰ ਕੇ ਪੁੰਨ ਕਮਾਇਆ ਜਾ ਸਕਦਾ ਹੈ, ਕਿਸੇ ਲੋੜਵੰਦ ਨੂੰ ਦਿੱਤੀ ਛੋਟੀ ਜਿਹੀ ਸਹਾਇਤਾ ਵੀ ਓਨਾ ਹੀ ਪੁੰਨ ਦਿੰਦੀ ਹੈ। ਇਸ ਦੇ ਨਾਲ ਹੀ ਮਦਦ ਸਿਰਫ ਆਰਥਿਕ ਪੱਖੋਂ ਹੀ ਨਹੀਂ ਹੁੰਦੀ। ਆਲੇ-ਦੁਆਲੇ ਝਾਤ ਮਾਰੋ ਤਾਂ ਅਨੇਕਾਂ ਅਜਿਹੇ ਮੌਕੇ ਮਿਲਣਗੇ ਜਿੱਥੇ ਤੁਹਾਡੇ ਸਮੇਂ ਤੇ ਜ਼ਰਾ ਜਿਹੀ ਕੋਸ਼ਿਸ਼ ਨਾਲ ਕਿਸੇ ਦਾ ਭਲਾ ਹੋ ਸਕਾ ਹੈ।
7. ਫ਼ੋਨ ਦੀ ਵਰਤੋਂ ਘੱਟ ਕਰਨੀ:
ਫ਼ੋਨ ਅੱਜ ਮਨੁੱਖ ਦੀਆਂ ਮੁੱਢਲੀਆਂ ਸਹੂਲਤਾਂ ਵਿਚ ਸ਼ਾਮਲ ਹੋ ਗਿਆ ਹੈ। ਅਜੋਕੇ ਦੌਰ ਵਿਚ ਫ਼ੋਨ ਦੇ ਬਿਨਾ ਗੁਜ਼ਾਰਾ ਕਰਨਾ ਸੋਚਿਆ ਵੀ ਨਹੀਂ ਜਾ ਸਕਦਾ। ਪਰ ਇਹ ਫ਼ੋਨ ਜਿੱਥੇ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ, ਉੱਥੇ ਹੀ ਤੁਹਾਡਾ ਵਡਮੁੱਲਾ ਸਮਾਂ ਵੀ ਖਾ ਜਾਂਦਾ ਹੈ। ਇਕ ਵਾਰ ਜ਼ਰੂਰੀ ਕੰਮ ਲਈ ਫ਼ੋਨ ਨੂੰ ਹੱਥ ਵਿਚ ਲਿਆ ਤਾਂ ਕਿੰਨਾ ਸਮਾਂ ਹੋਰ ਚੀਜ਼ਾਂ ਕਰਦਿਆਂ ਹੀ ਗੁਜ਼ਰ ਗਿਆ, ਪਤਾ ਹੀ ਨਹੀਂ ਲਗਦਾ। ਕੰਮ ਤੋਂ ਘਰ ਜਾ ਕੇ ਵੀ ਵਿਅਕਤੀ ਪਰਿਵਾਰ ਨਾਲ ਹੱਸਣ-ਖੇਡਣ ਦੀ ਬਜਾਏ ਫ਼ੋਨ ਚਲਾਉਣ ਨੂੰ ਹੀ ਤਰਜੀਹ ਦਿੰਦਾ ਹੈ ਕਿਉਂਕਿ ਬਹੁਤੇ ਮਾਮਲਿਆਂ ਵਿਚ ਤਾਂ ਘਰਦੇ ਬਾਕੀ ਜੀਅ ਵੀ ਫ਼ੋਨ ਵਿਚ ਹੀ ਰੁਝੇ ਹੁੰਦੇ ਹਨ। ਫ਼ੋਨ ਤੁਹਾਡਾ ਬੇਸ਼ਕੀਮਤੀ ਸਮਾਂ ਖ਼ਰਾਬ ਕਰਨ ਦੇ ਨਾਲ ਨਾਲ ਤੁਹਾਡੇ ਰਿਸ਼ਤਿਆਂ ਵਿਚ ਦੂਰੀਆਂ, ਕਈ ਤਰ੍ਹਾਂ ਦੀਆਂ ਬਿਮਾਰੀਆਂ ਸਮੇਤ ਹੋਰ ਕਈ ਤਰ੍ਹਾਂ ਦੇ ਨੁਕਸਾਨਾਂ ਦੀ ਜੜ੍ਹ ਹੈ। ਇਸ ਲਈ ਨਵੇਂ ਸਾਲ 'ਤੇ ਇਹ ਅਹਿਦ ਕਰੋ ਕਿ ਦਿਨ ਵਿਚ ਘੱਟੋ-ਘੱਟ 3 ਤੋਂ 4 ਘੰਟੇ ਅਜਿਹੇ ਹੋਣ ਜਦੋਂ ਤੁਸੀਂ ਫ਼ੋਨ ਤੋਂ ਬਿਲਕੁੱਲ ਦੂਰ ਰਹੋ। ਸ਼ੁਰੂਆਤ ਵਿਚ ਇਹ ਔਖਾ ਲੱਗ ਸਕਦਾ ਹੈ ਪਰ ਕੁੱਝ ਸਮਾਂ ਗੁਜ਼ਰਨ ਦੇ ਬਾਅਦ ਤੁਸੀਂ ਇਸ ਸਮੇਂ ਨੂੰ ਵਧਾਉਣ ਦੇ ਵੀ ਸਮਰੱਥ ਹੋਵੋਂਗੇ। ਇਸ ਦਾ ਇਕ ਸੌਖਾ ਢੰਗ ਇਹ ਵੀ ਹੈ ਕਿ ਤੁਸੀਂ ਇਸ ਸਮੇਂ ਦੌਰਾਨ ਆਪਣੇ ਫ਼ੋਨ ਦੀਆਂ ਨੋਟੀਫੀਕੇਸ਼ਨਜ਼ ਬੰਦ ਕਰ ਸਕਦੇ ਹੋ।
8. ਆਪਣਿਆਂ ਨਾਲ ਸਮਾਂ ਗੁਜ਼ਾਰਨਾ:
ਮਹਿੰਗਾਈ ਦੇ ਦੌਰ ਵਿਚ ਪਰਿਵਾਰ ਪਾਲਣ ਲਈ ਹਰ ਕਿਸੇ ਦਾ ਜੀਵਨ ਭੱਜਦੌੜ ਭਰਿਆ ਹੋ ਗਿਆ ਹੈ। ਬੱਚੇ ਤੋਂ ਲੈ ਕੇ ਵੱਡਿਆਂ ਤਕ ਸਵੇਰ ਤੋਂ ਲੈ ਕੇ ਰਾਤ ਤਕ ਕਿਸੇ ਨਾ ਕਿਸੇ ਕੰਮ ਵਿਚ ਮਸਰੂਫ ਰਹਿੰਦੇ ਹਨ। ਇਸ ਸੱਭ ਵਿਚਾਲੇ ਪਰਿਵਾਰਾਂ ਨੇ ਆਪਸ ਵਿਚ ਬੈਠ ਕੇ ਦੁੱਖ-ਸੁੱਖ ਫਰੋਲਣੇ, ਹਾਸੇ-ਠੱਠੇ, ਗੱਲਾਬਾਤਾਂ ਬਿਲਕੁੱਲ ਹੀ ਨਾ ਦੇ ਬਰਾਬਰ ਕਰ ਦਿੱਤੀਆਂ ਹਨ। ਵੇਖਿਆ ਜਾਵੇ ਤਾਂ ਹਰ ਕੋਈ ਸਫਲ ਤਾਂ ਆਪਣਿਆਂ ਦੀ ਖੁਸ਼ੀ ਲਈ ਹੀ ਹੋਣਾ ਚਾਹੁੰਦਾ ਹੈ। ਫਿਰ ਵਰਤਮਾਨ ਵਿਚ ਵੀ ਇਸ ਖੁਸ਼ੀ ਨੂੰ ਧਿਆਨ ਵਿਚ ਰੱਖਦਿਆਂ ਪਰਿਵਾਰ ਨਾਲ ਸਮਾਂ ਜ਼ਰੂਰ ਬਿਤਾਓ। ਇਸ ਸਾਲ ਇਹ ਪ੍ਰਣ ਕਰੋ ਕਿ ਰੋਜ਼ਾਨਾ, ਜੇ ਨਾ ਹੋ ਸਕੇ ਤਾਂ ਹਫ਼ਤੇ ਵਿਚ ਇਕ ਦਿਨ ਇਕੱਠੇ ਸਮਾਂ ਜ਼ਰੂਰ ਗੁਜ਼ਾਰੋ। ਕਿਤੇ ਇਕੱਠੇ ਘੁੰਮਣ ਜਾ ਸਕਦੇ ਹੋ। ਜੇ ਜ਼ਿਆਦਾ ਹੀ ਰੁਝੇਵੇਂ ਹਨ ਤਾਂ ਘੱਟੋ-ਘੱਟ ਇਕ ਸਮੇਂ ਦੀ ਰੋਟੀ ਪੂਰਾ ਪਰਿਵਾਰ ਇਕੱਠੇ ਬਹਿ ਕੇ ਖਾ ਸਕਦਾ ਹੈ।
9. ਕੋਈ ਪੁਰਾਣਾ ਡਰ ਦੂਰ ਕਰਨਾ:
ਆਮਤੌਰ 'ਤੇ ਹਰ ਕਿਸੇ ਅੰਦਰ ਬਚਪਨ ਤੋਂ ਹੀ ਕਿਸੇ ਨਾ ਕਿਸੇ ਚੀਜ਼ ਦਾ ਡਰ ਹੁੰਦਾ ਹੈ ਜੋ ਸਾਰੀ ਉਮਰ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ। ਇਹ ਡਰ ਹਨੇਰੇ, ਉਚਾਈ, ਤੈਰਨ ਆਦਿ ਤੋਂ ਹੋ ਸਕਦਾ ਹੈ। ਬੰਦਾ ਸਾਰੀ ਉਮਰ ਇਸ ਡਰ ਤੋਂ ਦੂਰ ਭਜਦਾ ਰਹਿੰਦਾ ਹੈ ਪਰ ਇਹ ਡਰ ਉਸ ਦਾ ਕਦੀ ਪਿੱਛਾ ਨਹੀਂ ਛੱਡਦਾ। ਇਸ ਡਰ ਨੂੰ ਹਰਾਉਣ ਦਾ ਇੱਕੋ-ਇਕ ਤਰੀਕਾ ਹੈ ਇਸ ਦਾ ਡੱਟ ਕੇ ਸਾਹਮਣਾ ਕਰਨਾ। ਇਸ ਲਈ ਇਸ ਸਾਲ ਆਪਣੇ ਡਰ ਦਾ ਸਾਹਮਣਾ ਕਰੋ ਤੇ ਉਸ ਨੂੰ ਚੁਣੌਤੀ ਦਿਓ। ਸ਼ੁਰੂਆਤ ਕਿਸੇ ਛੋਟੀ ਕੋਸ਼ਿਸ਼ ਤੋਂ ਕਰ ਸਕਦੇ ਹੋ। ਇਕ ਵਾਰ ਡਰ ਨੂੰ ਹਰਾਉਣ ਦੀ ਹਿੰਮਤ ਆ ਗਈ ਤਾਂ ਤੁਸੀਂ ਜ਼ਿੰਦਗੀ ਦੀਆਂ ਵੱਡੀਆਂ ਸਮੱਸਿਆਵਾਂ ਦਾ ਵੀ ਹੱਲ ਕਰਨ ਦੇ ਕਾਬਿਲ ਹੋ ਜਾਵੋਗੇ।
10. ਬੂਟੇ ਲਗਾਉਣਾ:
ਹੋਰ ਗੱਲਾਂ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਵੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸਾਡੇ ਪੁਰਖੇ ਸਾਡੇ ਲਈ ਵਿਰਾਸਤ ਵਿਚ ਇਕ ਚੰਗੇ ਵਾਤਾਵਰਣ ਵਾਲਾ ਗ੍ਰਹਿ ਛੱਡ ਕੇ ਗਏ ਹਨ ਜਿਸ ਨੂੰ ਅੱਜ ਤਰੱਕੀ ਦੇ ਨਾਂ 'ਤੇ ਮਨੁੱਖ ਤਹਿਸ-ਨਹਿਸ ਕਰ ਰਿਹਾ ਹੈ। ਇਸ ਲਈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਹਿਣ ਲਈ ਇਕ ਚੰਗਾ ਚੋਗਿਰਦਾ ਦੇਣ ਵੱਲ ਵੀ ਧਿਆਨ ਦਿਓ। ਨਵੇਂ ਸਾਲ ਦੀ ਸ਼ੁਰੂਆਤ ਵਿਚ ਬੂਟੇ ਲਗਾਓ ਤੇ ਉਨ੍ਹਾਂ ਦੀ ਲਗਾਤਾਰ ਦੇਖਭਾਲ ਵੀ ਕਰੋ। ਜੇਕਰ ਸਾਹ ਲੈਣ ਲਈ ਸ਼ੁੱਧ ਹਵਾ ਹੀ ਨਹੀਂ ਹੋਵੇਗੀ ਤਾਂ ਸਾਡੀ ਇਹ ਅਖੌਤੀ ਤਰੱਕੀ ਕਿਸ ਕੰਮ।