ਕਪੂਰਥਲਾ : ਨੰਗਲ ਲੁਬਾਣਾ ''ਚ ਚੱਲੀਆਂ ਗੋਲੀਆਂ, ਇਕ ਜ਼ਖਮੀ

12/04/2019 10:49:46 PM

ਬੇਗੋਵਾਲ,(ਰਜਿੰਦਰ) : ਸ਼ਹਿਰ ਦੇ ਨੰਗਲ ਲੁਬਾਣਾ 'ਚ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਨੰਗਲ ਲੁਬਾਣਾ 'ਚ ਇਕ ਘਰ 'ਤੇ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁੱਝ ਨੌਜਵਾਨਾਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਬੇਗੋਵਾਲ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨੰਗਲ ਲੁਬਾਣਾ ਦੇ ਬਿਆਨਾਂ 'ਤੇ ਬੇਗੋਵਾਲ ਪੁਲਸ ਵਲੋਂ ਕਸ਼ਮੀਰ ਸਿੰਘ ਉਰਫ ਕੱਟਾ ਪੁੱਤਰ ਸਤਵੰਤ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਚਾਨਣ ਸਿੰਘ, ਅਕਾਸ਼ਦੀਪ ਪੁੱਤਰ ਜਗਤਾਰ ਸਿੰਘ, ਅਮਰੀਕ ਸਿੰਘ ਉਰਫ ਲੱਡੂ ਪੁੱਤਰ ਸੁਰਜੀਤ ਸਿੰਘ, ਹਨੀ ਪੁੱਤਰ ਮੀਤਾ ਸਾਰੇ ਵਾਸੀਆਨ ਨੰਗਲ ਲੁਬਾਣਾ ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਆਰਮਜ਼ ਐਕਟ 25-54-59 ਤੇ ਧਾਰਾ 307, 148, 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਸ਼ਮੀਰ ਸਿੰਘ ਉਰਫ ਕੱਟਾ ਨੇ ਬੀਤੇ ਕੱਲ ਉਸ ਦੇ ਲੜਕੇ ਨੂੰ ਤੇ ਉਸ ਨੂੰ ਧਮਕੀਆਂ ਦਿੱਤੀਆਂ। ਇਸ ਦੌਰਾਨ ਉਸ ਦੇ ਘਰ ਬਾਹਰ ਕਸ਼ਮੀਰ ਸਿੰਘ ਦਾ ਪਿਤਾ ਸਤਵੰਤ ਸਿੰਘ ਉਸ ਗਲ ਪੈ ਗਿਆ, ਜਿਸ ਦੌਰਾਨ ਉਨ੍ਹਾਂ ਵਿਚਾਲੇ ਖਿੱਚ -ਧੂਹ ਵੀ ਹੋਈ ਤੇ ਮੁਹੱਲਾ ਵਾਸੀਆਂ ਨੇ ਉਨ੍ਹਾਂ ਨੂੰ ਛਡਵਾ ਦਿੱਤਾ।

ਇਸ ਤੋਂ ਬਾਅਦ ਫਿਰ ਕਸ਼ਮੀਰ ਸਿੰਘ ਉਰਫ ਕੱਟਾ ਨੇ ਉਸ ਨੂੰ ਧਮਕੀਆਂ ਦਿੱਤੀਆਂ ਤੇ ਕਿਹਾ ਕਿ ਪਤਾ ਕਿ ਮੇਰੇ ਕੋਲ ਅਸਲਾ ਹੈ, ਮੈਂ ਤਿਆਰੀ ਕਰਕੇ ਆ ਰਿਹਾ ਹੈ। ਜਿਸ ਉਪਰੰਤ ਦੇਰ ਰਾਤ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਮਾਰਨ ਦੀ ਨੀਅਤ ਨਾਲ ਉਸ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ। ਜਿਸ 'ਚੋਂ ਤਿੰਨ ਗੋਲੀਆਂ ਗੇਟ ਨੂੰ ਪਾਰ ਕਰਕੇ ਕੰਧ ਵਿਚ ਲੱਗੀਆਂ, ਜਿਨ੍ਹਾਂ 'ਚੋਂ ਇਕ ਗੋਲੀ ਕੰਧ ਨੂੰ ਲੱਗ ਕੇ ਉਸ ਦੇ ਪੱਟ 'ਤੇ ਲੱਗੀ ਤੇ ਇਕ ਗੋਲੀ ਕੰਧ 'ਚ ਲੱਗ ਕੇ ਉਸ ਦੇ ਪੈਰ ਦੇ ਅੰਗੂਠੇ 'ਤੇ ਲੱਗੀ, ਜਦਕਿ ਹੋਰ ਗੋਲੀਆਂ ਉੱਪਰਲੇ ਮਕਾਨ ਦੀ ਛੱਤ 'ਤੇ ਲੱਗੀਆਂ। ਇਸ ਦੌਰਾਨ ਆਪਣੇ ਬਚਾਅ ਲਈ ਉਹ ਕੋਠੇ ਤੋਂ ਇੱਟਾ- ਰੋੜੇ ਮਾਰਨ ਲੱਗੇ, ਜਿਸ ਉਕਤ ਸਭ ਦੌੜ ਗਏ। ਜਿਸ ਉਪਰੰਤ ਉਸ ਨੇ ਕੰਟਰੋਲ ਰੂਮ ਕਪੂਰਥਲਾ ਨੂੰ ਇਹ ਸਾਰੀ ਵਾਰਦਾਤ ਦੱਸੀ, ਜਿਸ 'ਤੇ ਥਾਣਾ ਬੇਗੋਵਾਲ ਦੀ ਪੁਲਸ ਮੌਕੇ 'ਤੇ ਪੁੱਜੀ, ਜਿਨ੍ਹਾਂ ਨੇ ਉਸ ਨੂੰ ਇਲਾਜ ਲਈ ਬੇਗੋਵਾਲ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ।

ਕੀ ਕਹਿਣੈ ਐੱਸ. ਐੱਚ. ਓ. ਬੇਗੋਵਾਲ ਦਾ
ਇਸ ਸੰਬੰਧ 'ਚ ਜਦੋਂ ਐੱਸ. ਐੱਚ. ਓ. ਬੇਗੋਵਾਲ ਸੁਖਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ ਨਾਜਾਇਜ਼ ਅਸਲੇ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕਾ ਵਾਰਦਾਤ ਤੋਂ ਇਕ ਜਿੰਦਾ ਕਾਰਤੂਸ ਤੇ ਚੱਲੇ ਹੋਏ ਫਾਇਰਾਂ ਦੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਦੋਸ਼ੀ ਫਰਾਰ ਹਨ, ਜਿਨ੍ਹਾਂ ਨੂੰ ਜਲਦ ਫੜ ਲਿਆ ਜਾਵੇਗਾ।


Related News