ਨਾਇਬ ਤਹਿਸੀਲਦਾਰ ਤੇ ਬਲਾਕ ਖੇਤੀਬਾੜੀ ਅਫ਼ਸਰ ਨੇ ਕੀਤੀ ਬੀਜਾਂ ਦੀਆਂ ਦੁਕਾਨਾਂ ਦੀ ਚੈਕਿੰਗ

Friday, Jun 05, 2020 - 01:44 AM (IST)

ਟਾਂਡਾ ਉੜਮੁੜ, (ਪੰਡਿਤ)— ਸੂਬਾ ਸਰਕਾਰ ਵੱਲੋਂ ਜਿਥੇ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜ ਸਹੀ ਰੇਟਾਂ 'ਤੇ ਉਪਲੱਬਧ ਕਰਵਾਉਣ ਲਈ ਜ਼ਿਲ੍ਹੇ 'ਚ ਸ਼ੁਰੂ ਕੀਤੀ ਚੈਕਿੰਗ ਮੁਹਿੰਮ ਤਹਿਤ ਨਾਇਬ ਤਹਿਸੀਲਦਾਰ ਟਾਂਡਾ ਉਂਕਾਰ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਸਤਨਾਮ ਸਿੰਘ ਨੇ ਟਾਂਡਾ ਦੇ ਬੀਜ ਵਿਕਰੇਤਾ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ. ਡੀ. ਐੱਮ. ਦਸੂਹਾ ਜੋਤੀ ਬਾਲਾ ਮੱਟੂ ਦੀ ਅਗਵਾਈ 'ਚ ਉਕਤ ਅਧਿਕਾਰੀਆਂ ਦੀ ਟੀਮ ਵੱਲੋਂ ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਦੌਰਾਨ ਦੁਕਾਨਾਂ ਵਿਚ ਸਮਾਜਕ ਦੂਰੀ, ਮਾਸਕ, ਸੈਨੀਟਾਈਜ਼ਰ ਆਦਿ ਦਾ ਪ੍ਰਯੋਗ ਵੀ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ।
ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਬੀਜ ਵਿਕਰੇਤਾ ਅਣਅਧਿਕਾਰਤ ਬੀਜਾਂ ਦਾ ਸਟਾਕ ਜਾਂ ਵੱਧ ਰੇਟ 'ਤੇ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਇਸ ਦੌਰਾਨ ਬੀਜ ਉਤਪਾਦਕਾਂ, ਰੀਟੇਲ ਅਤੇ ਹੋਲਸੇਲ ਡੀਲਰਾਂ ਤੇ ਸਟਾਕ ਦੀ ਰੈਗੂਲਰ ਪੜਤਾਲ ਕੀਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੀਜੀ ਹੋਈ ਫ਼ਸਲ ਦੀ ਨਿਗਰਾਨੀ ਜ਼ਰੂਰ ਰੱਖਣ। ਜੇਕਰ ਕਿਸੇ ਕਿਸਾਨ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਹੋਵੇ, ਤਾਂ ਉਹ ਇਕ ਐਫੀਡੈਵਿਟ ਤੇ ਡੀਲਰ ਵੱਲੋਂ ਭੇਜਿਆ ਗਿਆ ਬਿੱਲ, ਦਸਤੀ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਚ ਪਹੁੰਚਾਉਣ ਅਤੇ ਰਸੀਦ ਜ਼ਰੂਰ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੀਜ ਵਿਕਰੇਤਾ ਦੋਸ਼ੀ ਪਾਇਆ ਗਿਆ ਤਾਂ ਸਬੰਧਤ ਡੀਲਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਕੀਤੀ ਚੈਕਿੰਗ ਦੌਰਾਨ ਕੋਈ ਬੇਨਿਯਮੀ ਸਾਹਮਣੇ ਨਹੀਂ ਆਈ। ਇਸ ਮੌਕੇ ਖੇਤੀ ਵਿਕਾਸ ਅਫਸਰ ਡਾ. ਹਰਪ੍ਰੀਤ ਸਿੰਘ, ਖੇਤੀਬਾੜੀ ਉਪ ਨਿਰੀਖਕ ਸੁਖਜਿੰਦਰ ਸਿੰਘ, ਮਨਪ੍ਰੀਤ ਸਿੰਘ, ਪਟਵਾਰੀ ਹਰਮੀਤ ਕੌਰ, ਰਸ਼ਮੀ ਦੇਵੀ ਸ਼ਾਮਲ ਸਨ।


KamalJeet Singh

Content Editor

Related News